ਚਾਰ ਸਾਲਾਂ ਵਿੱਚ ਤਾਂ ਫੌਜ ਦੀ ਏਬੀਸੀ ਹੀ ਸਿੱਖ ਪਾਉਂਦਾ ਹੈ ਜਵਾਨ: ਕਰਨਲ ਸੋਹੀ

ਕੇਂਦਰ ਸਰਕਾਰ ਦੀ ‘ਅਗਨੀਪਥ’ ਯੋਜਨਾ ਵਿਰੁੱਧ ਡਟੇ ਸਾਬਕਾ ਸੈਨਿਕ

ਕੇਂਦਰ ਸਰਕਾਰ ਦਾ ਤਾਜ਼ਾ ਫੈਸਲਾ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਕੇਂਦਰ ਸਰਕਾਰ ਵੱਲੋਂ ‘ਅਗਨੀਪਥ’ ਯੋਜਨਾ ਤਹਿਤ ਫੌਜ ਦੀਆਂ ਤਿੰਨੋਂ ਸੇਵਾਵਾਂ ਵਿੱਚ ਚਾਰ ਸਾਲਾਂ ਲਈ ਸੈਨਿਕਾਂ ਦੀ ਭਰਤੀ ਕਰਨ ਦਾ ਮਾਮਲਾ ਪਹਿਲੇ ਹੀ ਪੜਾਅ ’ਤੇ ਵਿਵਾਦਾਂ ਵਿੱਚ ਘਿਰ ਗਿਆ ਹੈ। ਦੇਸ਼ ਦੀਆਂ ਸਰਹੱਦਾਂ ’ਤੇ ਸ਼ਾਨਦਾਰ ਡਿਊਟੀ ਨਿਭਾਉਣ ਵਾਲੇ ਸਾਬਕਾ ਸੈਨਿਕਾਂ ਨੇ ਮੋਦੀ ਸਰਕਾਰ ਦੀ ਇਸ ਯੋਜਨਾ ਨੂੰ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਾਰ ਦਿੰਦੇ ਹੋਏ ‘ਅਗਨੀਪਥ’ ਯੋਜਨਾ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਯੋਜਨਾ ਲਾਗੂ ਕਰਨ ਤੋਂ ਪਹਿਲਾਂ ਫੌਜ ਦੇ ਅਫ਼ਸਰਾਂ ਅਤੇ ਸਾਬਕਾ ਸੈਨਿਕਾਂ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਸੀ।
ਅੱਜ ਇੱਥੇ ਸੈਨਿਕ ਵੈੱਲਫੇਅਰ ਅਦਾਰੇ ਦੇ ਬਾਹਰ ਐਕਸ ਸਰਵਿਸਮੈਨ ਲੀਗ ਦੇ ਪ੍ਰਧਾਨ ਕਰਨਲ (ਸੇਵਾਮੁਕਤ) ਐਸਐਸ ਸੋਹੀ ਨੇ ਕਿਹਾ ਕਿ ਪਹਿਲਾਂ ਤਾਂ ਕੋਈ ਨੌਜਵਾਨ ਫੌਜ ਵਿੱਚ ਭਰਤੀ ਹੋਣ ਲਈ ਰਾਜ਼ੀ ਨਹੀਂ ਹੋਵੇਗਾ। ਜਿਹੜੇ ਨੌਜਵਾਨ ਚਾਰ ਸਾਲਾਂ ਲਈ ਭਰਤੀ ਹੋਣਗੇ ਵੀ, ਉਹ ਦੇਸ਼ ‘ਤੇ ਮਰ ਮਿਟਣ ਲਈ ਤਿਆਰ ਨਹੀਂ ਹੋਣਗੇ ਬਲਕਿ ਉਹ ਆਪਣੀ ਸਰਵਿਸ ਪੂਰੀ ਕਰਨ ਲਈ ਸਿਰਫ਼ ਉਂਗਲੀਆਂ ’ਤੇ ਚਾਰ ਸਾਲ ਪੂਰੇ ਹੋਣ ਦੀ ਉਡੀਕ ਵਿੱਚ ਲੱਗੇ ਰਹਿਣਗੇ।
ਕਰਨਲ ਸੋਹੀ ਨੇ ਕਿਹਾ ਕਿ ਚਾਰ ਸਾਲਾਂ ਵਿੱਚ ਜਵਾਨ ਫੌਜ ਦੀ ਏਬੀਸੀ ਹੀ ਸਿੱਖ ਪਾਉਂਦਾ ਹੈ। ਇਸ ਯੋਜਨਾ ਨਾਲ ਨੌਜਵਾਨਾਂ ਦਾ ਮਨੋਬਲ ਡਿੱਗੇਗਾ। ਉਨ੍ਹਾਂ ਕਿਹਾ ਕਿ ਹਰ ਸਾਲ ਤਕਰੀਬਨ 60 ਤੋਂ 65 ਹਜ਼ਾਰ ਫੌਜ ’ਚੋਂ ਸੇਵਾਮੁਕਤ ਹੋ ਰਹੇ ਹਨ ਪ੍ਰੰਤੂ ਪਿਛਲੇ ਤਿੰਨ ਸਾਲਾਂ ਵਿੱਚ ਫੌਜ ਦੀ ਭਰਤੀ ਨਹੀਂ ਹੋਈ। ਜਿਸ ਕਾਰਨ ਪਹਿਲਾਂ ਹੀ ਫੌਜ ਵਿੱਚ ਅਫ਼ਸਰਾਂ ਅਤੇ ਜਵਾਨਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਇਸ ਤਰਾਂ ਦੇਸ਼ ਦੀ ਸੁਰੱਖਿਆ ਪਹਿਲਾਂ ਹੀ ਰੱਬ ਭਰੋਸੇ ਚੱਲ ਰਹੀ ਹੈ। ਇਹੀ ਕਾਰਨ ਹੈ ਕਿ ਬਾਰਡਰ ’ਤੇ ਅਤਿਵਾਦੀ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।
ਕਰਨਲ ਸੋਹੀ ਨੇ ਕਿਹਾ ਕਿ ਫੌਜ ਵਿੱਚ ਭਰਤੀ ਹੋਣ ਵਾਲੇ ਜਵਾਨ ਨੂੰ ਦੇਸ਼ ਲਈ ਮਰ ਮਿਟਣ ਅਤੇ ਛਾਤੀ ’ਤੇ ਗੋਲੀ ਖਾਣ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਜਦੋਂ ਕਦੇ ਜੰਗ ਲਗਦੀ ਹੈ ਤਾਂ ਜਵਾਨ ਖ਼ੁਸ਼ੀ-ਖ਼ੁਸ਼ੀ ਦੁਸ਼ਮਣਾਂ ਨਾਲ ਲੋਹਾ ਲੈਣ ਜਾਂਦਾ ਹੈ ਪਰ ਅਫ਼ਸੋਸ ਕੇਂਦਰ ਦੀ ਇਸ ਯੋਜਨਾ ਤਹਿਤ ਕੋਈ ਨੌਜਵਾਨ ਫੌਜ ਵਿੱਚ ਭਰਤੀ ਲਈ ਸ਼ਾਇਦ ਤਿਆਰ ਵੀ ਨਹੀਂ ਹੋਵੇਗਾ। ਸਾਬਕਾ ਸੈਨਿਕ ਰਾਮ ਨਰੇਸ਼ ਓਜਾ ਨੇ ਕਿਹਾ ਕਿ ਕੇਂਦਰ ਦੀ ਅਗਨੀਪਥ ਯੋਜਨਾ ਬਿਲਕੁਲ ਗਲਤ ਹੈ। ਸਰਕਾਰ ਦਾ ਇਹ ਫੈਸਲਾ ਦੇਸ਼, ਭਾਰਤੀ ਫੌਜ ਅਤੇ ਨੌਜਵਾਨਾਂ ਦੇ ਹਿੱਤ ਵਿੱਚ ਨਹੀਂ ਹੈ। ਸਰਕਾਰ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ। ਇਸ ਮੌਕੇ ਰਾਮ ਨਰੇਸ਼ ਓਝਾ, ਕੁਲਵੰਤ ਸਿੰਘ, ਰਛਪਾਲ ਸਿੰਘ, ਮੱਘਰ ਸਿੰਘ, ਪ੍ਰਕਾਸ਼ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…