nabaz-e-punjab.com

ਵਿਆਹੁਤਾ ਦੀ ਮੌਤ ਦੇ ਮਾਮਲੇ ਵਿੱਚ ਸਬੂਤਾਂ ਦੀ ਘਾਟ ਕਾਰਨ ਸਹੁਰਾ ਪਰਿਵਾਰ ਬਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਾਰਚ:
ਮੁਹਾਲੀ ਅਦਾਲਤ ਨੇ ਵਿਆਹੁਤਾ ਅੌਰਤ ਰਮਨਦੀਪ ਕੌਰ (22) ਵਾਸੀ ਪਿੰਡ ਗੁਡਾਣਾ ਦੇ ਕਥਿਤ ਕਤਲ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਪੁਲੀਸ ਵੱਲੋਂ ਇਸ ਕੇਸ ਵਿੱਚ ਨਾਮਜ਼ਦ ਤਿੰਨ ਵਿਅਕਤੀਆਂ ਮ੍ਰਿਤਕ ਅੌਰਤ ਦਾ ਪਤੀ ਹਰਦੀਪ ਸਿੰਘ ਉਰਫ਼ ਦੀਪੀ, ਸਹੁਰਾ ਰੁਲਦਾ ਸਿੰਘ ਅਤੇ ਸੱਸ ਨਿਰਮਲਾ ਦੇਵੀ ਨੂੰ ਨਿਰਦੋਸ਼ ਮੰਨਦਿਆਂ ਬਾਇੱਜ਼ਤ ਬਰੀ ਕਰ ਦਿੱਤਾ ਹੈ। ਪਿੰਡ ਸਨੇਟਾ ਵਿੱਚ ਵਿਆਹੁਤਾ ਰਮਨਦੀਪ ਕੌਰ ਵਾਸੀ ਪਿੰਡ ਗੁਡਾਣਾ ਨੇ ਸਹੁਰੇ ਪਰਿਵਾਰ ਦੀਆਂ ਕਥਿਤ ਵਧੀਕੀਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਸੀ। ਇਸ ਸਬੰਧੀ ਸਨੇਟਾ ਪੁਲੀਸ ਚੌਕੀ ਨੇ ਮ੍ਰਿਤਕ ਅੌਰਤ ਦੇ ਪਤੀ ਸਮੇਤ ਸੱਸ ਅਤੇ ਸਹੁਰੇ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਅਤੇ 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਬਾਅਦ ਪੁਲੀਸ ਨੇ ਸਹੁਰੇ ਪਰਿਵਾਰ ਦੇ ਜੀਆਂ ਵਿਰੁੱਧ ਧਾਰਾ 302 ਦੇ ਜੁਰਮ ਦਾ ਵਾਧਾ ਕੀਤਾ ਗਿਆ ਸੀ।
ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾ. ਹਰਪ੍ਰੀਤ ਕੌਰ ਦੀ ਅਦਾਲਤ ਵਿੱਚ ਚੱਲ ਰਹੀ ਸੀ। ਕੇਸ ਦੀ ਸੁਣਵਾਈ ਦੌਰਾਨ ਪੁਲੀਸ ਉਕਤ ਤਿੰਨਾਂ ਵਿਅਕਤੀਆਂ ਦੇ ਖ਼ਿਲਾਫ਼ ਅੌਕਤ ਦੀ ਹੱਤਿਆ ਜਾਂ ਖ਼ੁਦਕੁਸ਼ੀ ਕਰਨ ਲਈ ਮਜਬੂਰ ਕਰਨ ਸਬੰਧੀ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ ਹੈ। ਉਧਰ, ਬਚਾਅ ਪੱਖ ਦੇ ਵਕੀਲਾਂ ਪ੍ਰਿਤਪਾਲ ਸਿੰਘ ਬਾਸੀ ਅਤੇ ਜਰਨੈਲ ਸਿੰਘ ਨੇ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਕਿ ਮ੍ਰਿਤਕ ਰਮਨਦੀਪ ਕੌਰ ਡਿਪਰੈਸ਼ਨ ਦੀ ਮਰੀਜ਼ ਸੀ ਅਤੇ ਉਸ ਵੱਲੋਂ ਵਿਆਹ ਤੋਂ ਪਹਿਲਾਂ ਵੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮ੍ਰਿਤਕ ਅੌਰਤ ਦੇ ਪਤੀ ਹਰਦੀਪ ਸਿੰਘ ਦੀਪੀ, ਸਹੁਰਾ ਰੁਲਦਾ ਸਿੰਘ ਅਤੇ ਸੱਸ ਨਿਰਮਲਾ ਦੇਵੀ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ।
ਜਾਣਕਾਰੀ ਅਨੁਸਾਰ ਮ੍ਰਿਤਕ ਅੌਰਤ ਦੇ ਭਰਾ ਗੁਰਪ੍ਰੀਤ ਸਿੰਘ ਨੇ ਸਨੇਟਾ ਪੁਲੀਸ ਚੌਕੀ ਵਿੱਚ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਰਮਨਦੀਪ ਕੌਰ ਦਾ ਵਿਆਹ ਹਰਦੀਪ ਸਿੰਘ ਦੀਪੀ ਵਾਸੀ ਪਿੰਡ ਸਨੇਟਾ ਨਾਲ ਕੀਤਾ ਗਿਆ ਸੀ ਅਤੇ ਵਿਆਹ ਵਿੱਚ ਉਸ ਨੇ ਆਪਣੀ ਹੈਸੀਅਤ ਮੁਤਾਬਕ ਦਾਜ ਵੀ ਦਿੱਤਾ ਸੀ, ਪ੍ਰੰਤੂ ਵਿਆਹ ਤੋਂ ਕੁਝ ਦੇਰ ਬਾਅਦ ਰਮਨਦੀਪ ਕੌਰ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਹੋਰ ਦਹੇਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਪੇਕੇ ਘਰ ਜਾਣ ਤੋਂ ਵੀ ਰੋਕਿਆਂ ਜਾਂਦਾ ਸੀ। ਸ਼ਿਕਾਇਤ ਕਰਤਾ ਨੇ ਉਸ ਦੀ ਭੈਣ ਰਮਨਦੀਪ ਕੌਰ ਦੀ ਕੁੱਟਮਾਰ ਕਰਨ ਦੇ ਵੀ ਦੋਸ਼ ਲਗਾਏ ਸਨ। ਇਸ ਸਬੰਧੀ ਪੁਲੀਸ ਨੇ 25 ਮਾਰਚ 2019 ਨੂੰ ਮ੍ਰਿਤਕ ਅੌਰਤ ਦੇ ਪਤੀ ਹਰਦੀਪ ਸਿੰਘ ਦੀਪੀ, ਸਹੁਰਾ ਰੁਲਦਾ ਸਿੰਘ ਅਤੇ ਸੱਸ ਨਿਰਮਲਾ ਦੇਵੀ ਖ਼ਿਲਾਫ਼ ਧਾਰਾ 306, 34 ਦੇ ਤਹਿਤ ਕੇਸ ਦਰਜ ਕਰ ਕੇ ਤਿੰਨਾਂ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਬਾਅਦ ਵਿੱਚ ਪੁਲੀਸ ਨੇ ਉਕਤ ਤਿੰਨਾਂ ਵਿਅਕਤੀਆਂ ਖ਼ਿਲਾਫ਼ ਧਾਰਾ 302 ਅਤੇ ਦਹੇਜ ਲਈ ਪ੍ਰੇਸ਼ਾਨ ਕਰਨ ਦੀ ਧਾਰਾ 498ਏ ਦਾ ਵਾਧਾ ਕਰਕੇ ਅਦਾਲਤ ਵਿੱਚ ਉਨ੍ਹਾਂ ਖ਼ਿਲਾਫ਼ ਚਲਾਨ ਵੀ ਪੇਸ਼ ਕਰ ਦਿੱਤਾ ਗਿਆ ਸੀ, ਪ੍ਰੰਤੂ ਸਾਲ ਭਰ ਚੱਲੀ ਕੇਸ ਦੀ ਸੁਣਵਾਈ ਦੌਰਾਨ ਪੁਲੀਸ ਮੁਲਜ਼ਮ ਸਹੁਰਾ ਪਰਿਵਾਰ ਦੇ ਖ਼ਿਲਾਫ਼ ਠੋਸ ਸਬੂਤ ਪੇਸ਼ ਨਹੀਂ ਕਰ ਸਕੀ। ਜਿਸ ਕਾਰਨ ਅਦਾਲਤ ਨੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਉਕਤ ਵਿਅਕਤੀਆਂ ਨੂੰ ਨਿਰਦੋਸ਼ ਕਰਾਰ ਦਿੰਦੇ ਹੋਏ ਬਰੀ ਕਰ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…