nabaz-e-punjab.com

ਮੁਹਾਲੀ ਵਿੱਚ 10 ਹਜ਼ਾਰ 907 ਰਜਿਸਟਰਡ ਕਿਰਤੀਆਂ ਨੂੰ 9 ਕਰੋੜ ਦਾ ਵਿੱਤੀ ਲਾਭ ਦਿੱਤਾ

ਪੰਜਾਬ ਲੇਬਰ ਵੈੱਲਫੇਅਰ ਬੋਰਡ ਉਸਾਰੀ ਕਿਰਤੀਆਂ ਲਈ ਬਣਿਆ ਵੱਡਾ ਵਿੱਤੀ ਸਹਾਰਾ, ਕਿਰਤੀਆਂ ਦੇ ਬੱਚਿਆਂ ਲਈ ਵਜ਼ੀਫ਼ੇ ਦਾ ਪ੍ਰਬੰਧ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਕਤੂਬਰ:
ਪੰਜਾਬ ਸਰਕਾਰ ਵੱਲੋਂ ਉਸਾਰੀ ਕਿਰਤੀਆਂ ਦੀ ਭਲਾਈ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਲੇਬਰ ਵੈੱਲਫੇਅਰ ਬੋਰਡ ਵੱਲੋਂ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਹੁਣ ਤੱਕ 10 ਹਜ਼ਾਰ 907 ਰਜਿਸਟਰਡ ਕਿਰਤੀ ਕਾਮਿਆਂ ਨੂੰ ਵੱਖ ਵੱਖ ਭਲਾਈ ਸਕੀਮਾਂ ਤਹਿਤ 8 ਕਰੋੜ 91 ਲੱਖ 32 ਹਜ਼ਾਰ 620 ਰੁਪਏ ਦਾ ਵਿੱਤੀ ਲਾਭ ਦਿੱਤਾ ਗਿਆ ਹੈ। ਜਦੋਂਕਿ ਪਿਛਲੇ ਸਾਲ 880 ਰਜਿਸਟਰਡ ਕਾਮਿਆਂ ਨੂੰ ਵੱਖ-ਵੱਖ ਸਕੀਮਾਂ ਤਹਿਤ 2 ਕਰੋੜ 76 ਲੱਖ 93 ਹਜ਼ਾਰ 600 ਰੁਪਏ ਦਾ ਲਾਭ ਦਿੱਤਾ ਗਿਆ ਸੀ। ਕਿਰਤੀਆਂ ਨੂੰ ਵਿੱਤੀ ਲਾਭ ਕਿਰਤ ਵਿਭਾਗ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਵੰਡਿਆ ਗਿਆ ਅਤੇ ਸਮੇਂ ਸਮੇਂ ਸਿਰ ਕਿਰਤੀਆਂ ਦੀਆਂ ਸਮੱਸਿਆਵਾਂ ਸੁਣ ਕੇ ਉਨ੍ਹਾਂ ਦੇ ਸਥਾਈ ਹੱਲ ਲਈ ਉੱਚ ਅਧਿਕਾਰੀਆਂ ਨੂੰ ਮੌਕੇ ’ਤੇ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ।
ਸਹਾਇਕ ਕਿਰਤ ਕਮਿਸ਼ਨਰ (ਸਰਕਲ ਮੁਹਾਲੀ) ਜਤਿੰਦਰਪਾਲ ਸਿੰਘ ਨੇ ਕਿਰਤੀ ਕਾਮਿਆਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਲੇਬਰ ਵੈੱਲਫੇਅਰ ਬੋਰਡ ਨਾਲ ਆਪਣੀ ਰਜਿਸਟਰੇਸ਼ਨ ਜ਼ਰੂਰ ਕਰਵਾਉਣ ਤਾਂ ਜੋ ਉਹ ਸਰਕਾਰੀ ਸਕੀਮਾਂ ਦਾ ਲਾਭ ਲੈਣ ਦੇ ਹੱਕਦਾਰ ਬਣ ਸਕਣ। ਉਨ੍ਹਾਂ ਦੱਸਿਆ ਕਿ ਪੰਜਾਬ ਲੇਬਰ ਵੈੱਲਫੇਅਰ ਬੋਰਡ ਵੱਲੋਂ ਕਿਰਤੀ ਕਾਮਿਆਂ ਦੇ ਬੱਚਿਆਂ ਲਈ ਵਜ਼ੀਫ਼ਾ ਸਕੀਮ ਚਲਾਈ ਜਾ ਰਹੀ ਹੈ। ਜਿਸ ਦੇ ਤਹਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਨੂੰ ਪਹਿਲੀ ਤੋਂ 5ਵੀਂ ਜਮਾਤ ਤੱਕ 4 ਹਜ਼ਾਰ ਰੁਪਏ (ਲੜਕੀਆਂ) ਅਤੇ 3 ਹਜ਼ਾਰ ਰੁਪਏ (ਲੜਕੇ), 6ਵੀਂ ਤੋਂ 8ਵੀਂ ਕਲਾਸ ਤੱਕ 7 ਹਜ਼ਾਰ ਰੁਪਏ (ਲੜਕੀਆਂ) ਅਤੇ 5 ਹਜ਼ਾਰ ਰੁਪਏ (ਲੜਕੇ), 11ਵੀਂ ਤੋਂ 12ਵੀਂ ਸ਼੍ਰੇਣੀ ਤੱਕ 13 ਹਜ਼ਾਰ ਰੁਪਏ (ਲੜਕੀਆਂ) ਅਤੇ 10 ਹਜ਼ਾਰ ਰੁਪਏ (ਲੜਕੇ) ਨੂੰ ਵਜ਼ੀਫ਼ੇ ਵਜੋਂ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਸ ਤੋਂ ਇਲਾਵਾ ਉਸਾਰੀ ਕਿਰਤੀਆਂ ਦੇ ਕਾਲਜਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵੀ ਵਜ਼ੀਫ਼ੇ ਦਿੱਤੇ ਜਾਂਦੇ ਹਨ। ਕਿਰਤੀਆਂ ਦੀਆਂ ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਤਹਿਤ 31 ਹਜ਼ਾਰ ਰੁਪਏ ਤੋਂ ਵਧਾ ਕੇ 50 ਹਜ਼ਾਰ ਰੁਪਏ ਕੀਤੇ ਗਏ ਹਨ।
ਜੇਪੀ ਸਿੰਘ ਨੇ ਕਿਹਾ ਕਿ ਕਿਰਤੀਆਂ ਦੀਆਂ ਧੀਆਂ ਦੇ ਵਿਆਹ ਲਈ ਦਿੱਤੀ ਜਾਣ ਵਾਲੀ ਰਾਸ਼ੀ ਵਧਾ ਕੇ 50 ਹਜ਼ਾਰ ਰੁਪਏ ਕੀਤੀ ਗਈ ਹੈ। ਇਸ ਤੋਂ ਇਲਾਵਾ ਕੈਂਸਰ ਦੇ ਇਲਾਜ ਲਈ ਦਿੱਤੀ ਜਾਣ ਵਾਲੀ ਰਾਸ਼ੀ ਵੀ 1 ਲੱਖ ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਕੀਤੀ ਗਈ ਹੈ। ਉਨ੍ਹਾਂ ਕਿਰਤੀਆਂ ਨੂੰ ਅਪੀਲ ਕੀਤੀ ਕਿ ਉਹ ਵਜ਼ੀਫ਼ਾ ਸਕੀਮਾਂ ਦਾ ਲਾਭ ਲੈਂਦਿਆਂ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਤਾਂ ਜੋ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਪਰਿਵਾਰ ਦਾ ਸਹਾਰਾ ਬਣ ਸਕਣ। ਉਨ੍ਹਾਂ ਦੱਸਿਆ ਕਿ ਕਾਲਜ ਵਿਦਿਆਰਥੀ (ਗਰੈਜੂਏਟ ਕੋਰਸਾਂ), ਆਈਟੀਆਈ/ਪੌਲੀਟੈਕਨਿਕ ਤੇ ਤਕਨੀਕੀ ਕੋਰਸ/ਬੀਐਸਸੀ ਨਰਸਿੰਗ ਲਈ ਲੜਕਿਆਂ ਲਈ 40 ਹਜ਼ਾਰ (ਸਮੇਤ ਹੋਸਟਲ ਫੀਸ) ਅਤੇ ਲੜਕੀਆਂ ਲਈ 45 ਹਜ਼ਾਰ ਰੁਪਏ, ਮੈਡੀਕਲ/ਇੰਜੀਨੀਅਰ ਡਿਗਰੀ ਕੋਰਸ/ਬੀਈ/ਐਮਬੀਬੀਐਸ ਲੜਕਿਆਂ ਲਈ 60 ਹਜ਼ਾਰ (ਸਮੇਤ ਹੋਸਟਲ ਫੀਸ) ਅਤੇ ਲੜਕੀਆਂ ਲਈ 70 ਹਜ਼ਾਰ ਰੁਪਏ ਪ੍ਰਤੀ ਸਾਲ ਵਜ਼ੀਫ਼ਾ ਦਿੱਤਾ ਜਾਂਦਾ ਹੈ। ਜੇਕਰ ਉਸਾਰੀ ਕਿਰਤੀ ਦੀ ਹਾਦਸੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਸ ਨੂੰ 4 ਲੱਖ ਰੁਪਏ ਅਤੇ ਕੁਦਰਤੀ ਮੌਤ ਹੋਣ ’ਤੇ 3 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਉਸਾਰੇ ਕਿਰਤੀਆਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਭਗਤ ਪੂਰਨ ਸਿੰਘ ਸਿਹਤ ਬੀਮਾ ਆਯੋਜਨਾ ਤਹਿਤ 50 ਹਜ਼ਾਰ ਰੁਪਏ ਮੁਫ਼ਤ ਇਲਾਜ ਲਈ ਦਿੱਤੇ ਜਾਂਦੇ ਹਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …