ਮੁਹਾਲੀ ਜ਼ਿਲ੍ਹੇ ਵਿੱਚ 7,94,983 ਵੋਟਰ ਕਰਨਗੇ 40 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ

80 ਸਾਲ ਤੋਂ ਵੱਧ ਤੇ 40 ਫੀਸਦੀ ਤੋਂ ਵੱਧ ਦਿਵਿਆਂਗ ਵਿਅਕਤੀਆਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦਾ ਅਧਿਕਾਰ

96 ਮਾਡਲ, 6 ਪਿੰਕ ਅਤੇ 3 ਦਿਵਿਆਂਗ ਪੋਲਿੰਗ ਸਟੇਸ਼ਨ ਬਣਾਏ ਜਾਣਗੇ

ਚੋਣ ਜ਼ਾਬਤਾ ਦੀ ਉਲੰਘਣਾ ਦੇ 32 ਕੇਸ, ਨਾਜਾਇਜ਼ ਸ਼ਰਾਬ ਦੇ 113, ਐਨਡੀਪੀਐਸ ਦੇ 54, ਅਸਲਾ ਐਕਟ ਦੇ 2 ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ:
ਪੰਜਾਬ ਵਿੱਚ 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੁਹਾਲੀ ਜ਼ਿਲ੍ਹੇ ਵਿੱਚ 7,94,983 ਵੋਟਰ 40 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਕਰਨਗੇ। ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਚੋਣਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਅਗਾਊਂ ਤਿਆਰੀਆਂ ਅਤੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ। ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 7,94,983 ਵੋਟਰ ਹਨ। ਜਿਨ੍ਹਾਂ ’ਚੋਂ 4,15,456 ਪੁਰਸ਼, 3,77,635 ਅੌਰਤਾਂ ਅਤੇ 43 ਕਿੰਨਰ ਵੋਟਰ ਹਨ। ਜਦੋਂਕਿ 1849 ਵੋਟਰ ਸਰਵਿਸ ਇਲੈਕਟੋਰਸ ਹਨ। ਜ਼ਿਲ੍ਹੇ ਵਿੱਚ 907 ਪੋਲਿੰਗ ਬੂਥ ਬਣਾਏ ਗਏ ਹਨ। ਇਸ ਮੌਕੇ ਏਡੀਸੀ ਸ੍ਰੀਮਤੀ ਕੋਮਲ ਮਿੱਤਲ ਅਤੇ ਚੋਣ ਆਬਜ਼ਰਵਰ ਵੀ ਹਾਜ਼ਰ ਸਨ।
ਉਨ੍ਹਾਂ ਦੱਸਿਆ ਕਿ ਜਿਹੜੇ ਵੋਟਰ ਦੇ ਐਪਿਕ ਕਾਰਡ ਪੈਂਡਿੰਗ ਹਨ, ਉਨ੍ਹਾਂ ਨੂੰ 16 ਫਰਵਰੀ ਤੱਕ ਮੁਹੱਈਆ ਕਰਵਾ ਦਿੱਤੇ ਜਾਣਗੇ ਅਤੇ ਵੋਟਰ ਸੂਚੀਆਂ ਵੀ ਤਿਆਰ ਹੋ ਜਾਣਗੀਆਂ। ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ 80 ਸਾਲ ਤੋਂ ਵੱਧ ਅਤੇ 40 ਫੀਸਦੀ ਤੋਂ ਵੱਧ ਦਿਵਿਆਂਗ ਵਿਅਕਤੀਆਂ ਲਈ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਵਿਵਸਥਾ ਕੀਤੀ ਗਈ ਹੈ। ਜ਼ਿਲ੍ਹੇ ਅੰਦਰ 80 ਸਾਲ ਤੋਂ ਵੱਧ 1.03 ਫੀਸਦੀ ਵਿਅਕਤੀਆਂ ਅਤੇ ਦਿਵਿਆਂਗ 0.47 ਫੀਸਦੀ ਵਿਅਕਤੀਆਂ ਨੇ ਪੋਸਟ ਬੈਲਟ ਰਾਹੀਂ ਵੋਟ ਪਾਉਣ ਲਈ ਅਪਲਾਈ ਕੀਤਾ ਹੈ।
ਡੀਸੀ ਨੇ ਦੱਸਿਆ ਕਿ ਹਰੇਕ ਹਲਕੇ ਵਿੱਚ 32 ਮਾਡਲ ਪੋਲਿੰਗ ਬੂਥ ਬਣਾਏ ਗਏ ਹਨ ਜਦੋਂਕਿ ਜ਼ਿਲ੍ਹੇ ਵਿੱਚ 6 ਪਿੰਕ ਪੋਲਿੰਗ ਬੂਥ ਬਣਾਏ ਜਾਣਗੇ, ਜਿੱਥੇ ਸਾਰਾ ਮਹਿਲਾ ਸਟਾਫ਼ ਹੋਵੇਗਾ। ਚੋਣਾਂ ਸਬੰਧੀ ਚੋਣ ਅਮਲੇ ਦੀ ਕੋਵਿਡ ਵੈਕਸੀਨੇਸ਼ਨ ਯਕੀਨ ਬਣਾਈ ਗਈ ਹੈ ਅਤੇ 13 ਫਰਵਰੀ ਨੂੰ ਤੀਜੀ ਪੋਲਿੰਗ ਰਿਹਰਸਲ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਕੁੱਲ 40 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਮੁਹਾਲੀ ਵਿੱਚ 9, ਖਰੜ ਵਿੱਚ 17 ਅਤੇ ਡੇਰਾਬੱਸੀ ਵਿੱਚ 14 ਉਮੀਦਵਾਰ ਹਨ। ਖਰੜ ਵਿੱਚ 17 ਉਮੀਦਵਾਰ ਹੋਣ ਕਾਰਨ 2 ਬੈਲਟ ਯੂਨਿਟ ਲੱਗਣਗੇ। ਉਨ੍ਹਾਂ ਦੱਸਿਆ ਕਿ ‘ਨੋਅ ਯੂਅਰ ਕੈਂਡੀਡੇਟ’ ਐਪ ਰਾਹੀਂ ਵੋਟਰਾਂ ਨੂੰ ਆਪਣੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਬਾਰੇ ਪਤਾ ਲੱਗ ਸਕੇਗਾ ਤੇ ਇਹ ਐਪ ਉਨ੍ਹਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਵਿੱਚ ਮਦਦਗਾਰ ਹੋਵੇਗੀ। ਇਸ ਵਾਰ ਮੁਹਾਲੀ ਜ਼ਿਲ੍ਹੇ ਵਿੱਚ ਈਵੀਐਮ ਵੀਵੀਪੈਟਸ ਦੀ ਵਰਤੋਂ ਕੀਤੀ ਜਾ ਰਹੀ ਹੈ। ਮਤਦਾਨ ਤੋਂ ਬਾਅਦ ਮੁਹਾਲੀ ਦੀਆਂ ਈਵੀਐਮ ਮਸ਼ੀਨਾਂ ਖੇਡ ਸਟੇਡੀਅਮ ਸੈਕਟਰ-78, ਖਰੜ ਅਤੇ ਡੇਰਾਬੱਸੀ ਦੀਆਂ ਮਸ਼ੀਨਾਂ ਰਤਨ ਪ੍ਰੋਫੇਸ਼ਨਲ ਕਾਲਜ ਸੋਹਾਣਾ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਜਾਣਗੀਆਂ। ਈਵੀਐਮ ਮਸ਼ੀਨਾਂ ਨੂੰ ਲਿਆਉਣ ਅਤੇ ਲਿਜਾਉਣ ਲਈ ਜੀਪੀਐਸ ਲੱਗੇ ਵਾਹਨਾਂ ਦੀ ਵਰਤੋਂ ਕੀਤੀ ਜਾਵੇਗੀ।
(ਬਾਕਸ ਆਈਟਮ)
ਚੋਣ ਜ਼ਾਬਤੇ ਦੀ ਉਲੰਘਣਾ ਤਹਿਤ 32 ਕੇਸ ਦਰਜ ਕੀਤੇ ਗਏ ਹਨ ਆਬਕਾਰੀ ਐਕਟ ਤਹਿਤ 113, ਐਨਡੀਪੀਐਸ ਦੇ 54, ਆਈਪੀਸੀ ਦੇ 4 ਅਤੇ ਅਸਲਾ ਐਕਟ ਤਹਿਤ 2 ਪਰਚੇ ਦਰਜ ਕੀਤੇ ਗਏ ਹਨ। ਜਦੋਂਕਿ ਗੈਰਕਾਨੂੰਨੀ ਸ਼ਰਾਬ 10547 ਲੀਟਰ, ਪੋਪੀ ਹਸਕ 28 ਕਿੱਲੋ, ਅਫ਼ੀਮ 1.172 ਕਿੱਲੋ, ਹੈਰੋਈਨ 2407.5 ਗਰਾਮ, ਡਰੱਗ ਪਾਊਡਰ 40 ਗਰਾਮ, ਸਮੈਕ 20 ਗਰਾਮ, ਟੈਬਲੈਟਸ 52323, ਗਾਜ਼ਾ 4.45 ਕਿੱਲੋ, ਨਸ਼ੀਲੇ ਟੀਕੇ 2700 ਅਤੇ ਚਰਸ 160 ਗਰਾਮ ਜ਼ਬਤ ਕੀਤੀ ਗਈ ਹੈ। ਜਦੋਂਕਿ ਨਾਕਿਆਂ ’ਤੇ 1,35,40,220 ਰੁਪਏ ਨਗਦ ਰਾਸ਼ੀ, 3 ਕਿੱਲੋ ਚਾਂਦੀ ਅਤੇ 216 ਗਰਾਮ ਸੋਨਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੇਡ ਨਿਊਜ਼ ਦੇ 5 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਸਿਆਸੀ ਪਾਰਟੀਆਂ/ਉਮੀਦਵਾਰਾਂ ਵਿਰੁੱਧ 2,71,464 ਰੁਪਏ ਦਾ ਖਰਚਾ ਬੁੱਕ ਕੀਤਾ ਗਿਆ ਹੈ।
(ਬਾਕਸ ਆਈਟਮ)
ਇਸ ਵਾਰ ਵਿਧਾਨ ਸਭਾ ਚੋਣਾਂ ਵਿੱਚ ਵੋਟਰਾਂ ਨੂੰ ਫੋਟੋ ਵੋਟਰ ਸਲਿੱਪ ਦੀ ਥਾਂ ਵੋਟਰ ਫੋਟੋ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਗਏ ਹਨ। ਜਿਸ ਦੀ ਵਰਤੋਂ ਉਹ ਵੋਟ ਪਾਉਣ ਲਈ ਕਰ ਸਕਦੇ ਹਨ। ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ 11 ਵਿਕਲਪਕ ਸ਼ਨਾਖ਼ਤੀ ਕਾਰਡ ਵਿੱਚ ਪਾਸਪੋਰਟ, ਡਰਾਈਵਿੰਗ ਲਾਇਸੰਸ, ਕੇਂਦਰ/ਰਾਜ ਸਰਕਾਰ/ਪੀਐਸਯੂ/ਪਬਲਿਕ ਲਿਮਟਿਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ ਫੋਟੋਗਰਾਫ਼ ਵਾਲਾ ਸਰਵਿਸ ਸ਼ਨਾਖ਼ਤੀ ਕਾਰਡ, ਬੈਂਕ/ਡਾਕਘਰ ਵੱਲੋਂ ਜਾਰੀ ਫੋਟੋਗਰਾਫ਼ ਵਾਲੀ ਪਾਸਬੁੱਕ, ਪੈਨ ਕਾਰਡ, ਐਨਪੀਐਰ ਤਹਿਤ ਆਰਜੀਆਈ ਵੱਲੋਂ ਜਾਰੀ ਸਮਾਰਟ ਕਾਰਡ, ਮਨਰੇਗਾ ਕਾਰਡ, ਕਿਰਤ ਮੰਤਰਾਲੇ ਵੱਲੋਂ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਫੋਟੋਗਰਾਫ਼ ਵਾਲਾ ਪੈਨਸ਼ਨ ਦਸਤਾਵੇਜ਼, ਐਮਪੀ/ਐਮਐਲਏ/ਐਮਐਲਸੀ ਵੱਲੋਂ ਜਾਰੀ ਅਧਿਕਾਰਤ ਪਛਾਣ ਪੱਤਰ ਅਤੇ ਅਧਾਰ ਕਾਰਡ ਸ਼ਾਮਲ ਹੈ। ਐਨਆਰਆਈ ਵੋਟਰਾਂ ਨੂੰ ਸਿਰਫ਼ ਪਛਾਣ ਲਈ ਆਪਣਾ ਅਸਲ ਪਾਸਪੋਰਟ ਪੇਸ਼ ਕਰਨਾ ਹੋਵੇਗਾ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …