Nabaz-e-punjab.com

ਨੌਜਵਾਨ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ਮੁਹਾਲੀ ਵਿੱਚ ਦਸਤਾਰ ਚੇਤਨਾ ਮਾਰਚ ਕੱਢਿਆ

ਮਜਬੂਰੀ ਨਹੀਂ ਸਗੋਂ ਸਿੱਖ ਨੌਜਵਾਨਾਂ ਲਈ ਬੇਹੱਦ ਜ਼ਰੂਰੀ ਹੈ ਦਸਤਾਰ ਸਜਾਉਣੀ: ਭਾਈ ਜਤਿੰਦਰਪਾਲ ਸਿੰਘ ਜੇਪੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਪਰੈਲ:
ਸਿੰਘ ਸਜੋ ਲਹਿਰ ਦੇ ਤਹਿਤ ਕਲਗੀਧਰ ਸੇਵਕ ਜਥਾ ਵੱਲੋਂ ਅੰਤਰਰਾਸ਼ਟਰੀ ਸਿੱਖ ਦਸਤਾਰ ਦਿਵਸ ਨੂੰ ਸਮਰਪਿਤ ਸਿੱਖ ਨੌਜਵਾਨ ਬੱਚਿਆਂ ਨੂੰ ਸਿੱਖੀ ਸਰੂਪ ਨਾਲ ਜੋੜਨ ਲਈ ਮੁਹਾਲੀ ਵਿੱਚ ਦਸਤਾਰ ਚੇਤਨਾ ਮਾਰਚ ਕੱਢਿਆ ਗਿਆ। ਜਿਸ ਵਿੱਚ ਸ਼ਹਿਰ ਦੇ ਨੌਜਵਾਨਾਂ ਅਤੇ ਸਕੂਲੀ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਕਲਗੀਧਰ ਸੇਵਕ ਜਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇਪੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਦੇਖਣ ਵਿੱਚ ਆਇਆ ਹੈ ਕਿ ਕੁਝ ਪਰਿਵਾਰਾਂ ਲਈ ਦਸਤਾਰ ਮਜਬੂਰੀ ਬਣ ਗਈ ਹੈ, ਜਦੋਂਕਿ ਦਸਤਾਰ ਮਜਬੂਰੀ ਨਹੀਂ ਸਗੋਂ ਸਿੱਖ ਨੌਜਵਾਨਾਂ ਲਈ ਇਹ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੀ ਹੋਈ ਇਹ ਬਹੁਤ ਵੱਡੀ ਦਾਤ ਹੈ ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਕੇ ਸਾਨੂੰ ਦਸਤਾਰ ਰਾਹੀਂ ਸਰਦਾਰੀਆਂ ਬਖ਼ਸ਼ੀਆਂ ਨੇ। ਇਸ ਮਾਰਚ ਵਿੱਚ ਜਿੱਥੇ ਨੌਜਵਾਨਾਂ, ਬੀਬੀਆਂ ਨੇ ਹਿੱਸਾ ਲਿਆ ਓਥੇ ਛੋਟੇ-ਛੋਟੇ ਬੱਚਿਆਂ ਨੇ ਵੀ ਬੜੇ ਜੋਸ਼ ਨਾਲ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਇਸ ਦਸਤਾਰ ਚੇਤਨਾ ਮਾਰਚ ਵਿੱਚ ਬੱਚਿਆਂ ਵੱਲੋਂ ਸਿੱਖੀ ਸਰੂਪ ਦੀ ਪਛਾਣ ਅਤੇ ਦਸਤਾਰ ਦੀ ਸ਼ਾਨ ਨੂੰ ਦਰਸਾਉਂਦੇ ‘ਦਸਤਾਰ ਮਹਾਨ ਹੈ ਸਿੱਖੀ ਦੀ ਸ਼ਾਨ ਹੈ’ ਦੇ ਨਾਅਰੇ ਲਗਾਏ।
ਭਾਈ ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਨੌਜਵਾਨ ਅਤੇ ਛੋਟੇ ਬੱਚੇ ਅਤੇ ਵੱਡਿਆਂ ਨੂੰ ਦਸਤਾਰ ਸਿਖਾਉਣ ਲਈ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਵੱਖ ਵੱਖ ਥਾਵਾਂ ’ਤੇ ਮੁਫ਼ਤ ਦਸਤਾਰ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ। ਜਿਸ ਵਿੱਚ ਹਰ ਤਰੀਕੇ ਦੀ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …