
ਸੈਕਟਰ-79 ਵਿੱਚ ਮੇਅਰ ਜੀਤੀ ਸਿੱਧੂ ਨੇ ਕੀਤਾ ਪਾਰਕ ਤੇ ਫੁੱਟਪਾਥ ਦੇ ਕੰਮਾਂ ਦਾ ਉਦਘਾਟਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੂਨ
ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਸੈਕਟਰ-79 ਵਿੱਚ ਸਥਿਤ ਪਾਰਕ ਨੰਬਰ-8 ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਦੇ ਨਾਲ ਨਾਲ ਉਨ੍ਹਾਂ ਨੇ ਇਸ ਵਾਰਡ ਵਿਚ ਫੁੱਟਪਾਥ ਦੇ ਕੰਮ ਵੀ ਆਰੰਭ ਕਰਵਾਏ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਇਲਾਕੇ ਦੇ ਕੌਂਸਲਰ ਹਰਜੀਤ ਸਿੰਘ ਭੋਲੂ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਹਰੇਕ ਵਾਰਡ ਵਿੱਚ ਪਾਰਕਾਂ ਦੇ ਵਿਕਾਸ ਦੇ ਨਾਲ ਨਾਲ ਇਲਾਕੇ ਦੇ ਲੋਕਾਂ ਦੀਆਂ ਲੋੜਾਂ ਅਨੁਸਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲੋਕਾਂ ਨੇ ਉਨ੍ਹਾਂ ਨੂੰ ਮੇਅਰ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਉਹ ਦਿਨ ਰਾਤ ਉਪਰਾਲੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੇ ਮੋਹਾਲੀ ਵਿਚ ਵਿਕਾਸ ਕਾਰਜ ਬਿਨਾਂ ਕਿਸੇ ਵਿਤਕਰੇ ਦੇ ਚੱਲ ਰਹੇ ਹਨ ਅਤੇ ਸਾਰੇ ਕੰਮ ਉੱਚ ਪਾਏ ਦੇ ਅਤੇ ਕੁਆਲਿਟੀ ਦੇ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਮੁਹਾਲੀ ਦੇ ਲੋਕਾਂ ਦੀਆਂ ਲੋੜਾਂ ਅਨੁਸਾਰ ਕਰਵਾਏ ਜਾਣ ਵਾਲੇ ਕੰਮਾਂ ਵਿਚ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਹਾਲੀ ਨਗਰ ਨਿਗਮ ਨੂੰ ਹੋਣ ਵਾਲੀ ਆਮਦਨ ਦਾ ਮੁੱਖ ਸਰੋਤ ਸ਼ਹਿਰ ਦੇ ਲੋਕਾਂ ਵੱਲੋਂ ਅਦਾ ਕੀਤਾ ਜਾਂਦਾ ਪ੍ਰਾਪਰਟੀ ਟੈਕਸ ਹੈ ਅਤੇ ਉਹ ਲੋਕਾਂ ਵੱਲੋਂ ਮੁਹਾਲੀ ਨਗਰ ਨਿਗਮ ਵੀ ਦਿੱਤੇ ਗਏ ਪੈਸੇ ਨੂੰ ਮੁਹਾਲੀ ਦੇ ਚਹੁੰ ਪੱਖੀ ਵਿਕਾਸ ਉੱਤੇ ਖਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਸਮੇਂ ਸਮੇਂ ਸਿਰ ਚੱਲ ਰਹੇ ਵਿਕਾਸ ਕਾਰਜਾਂ ਦੀ ਖੁਦ ਨਜ਼ਰਸਾਨੀ ਕਰਦੀ ਹੈ ਤਾਂ ਜੋ ਵਿਕਾਸ ਕਾਰਜ ਸਮੇਂ ਸਿਰ ਹੋ ਸਕਣ ਅਤੇ ਇਨ੍ਹਾਂ ਵਿੱਚ ਕੋਈ ਕੁਤਾਹੀ ਨਾ ਹੋ ਸਕੇ।
ਇਸ ਤੋਂ ਇਲਾਵਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਪਿੰਡ ਸ਼ਾਹੀਮਾਜਰਾ ਦਾ ਦੌਰਾ ਕੀਤਾ ਅਤੇ ਉਥੋਂ ਦੇ ਲੋਕਾਂ ਤੋਂ ਇਲਾਕੇ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਅਤੇ ਉਨ੍ਹਾਂ ਦੇ ਹੱਲ ਲਈ ਫੌਰੀ ਤੌਰ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅਤੇ ਇਲਾਕੇ ਦੇ ਕੌਂਸਲਰ ਜਗਤਾਰ ਸਿੰਘ ਜੱਗਾ ਹਾਜ਼ਰ ਸਨ।
ਇਸ ਮੌਕੇ ਸੈਕਟਰ-79 ਤੋਂ ਸੋਸ਼ਲ ਵੈੱਲਫ਼ੇਅਰ ਐਂਡ ਡਿਵੈਲਪਮੈਂਟ ਕਮੇਟੀ ਦੇ ਨੁਮਾਇੰਦੇ ਹਰਦਿਆਲ ਚੰਦ ਬੜਬੜ, ਵਿਜੇ ਕੁਮਾਰ ਮੋਂਗਾ, ਸੁਰਿੰਦਰ ਪਾਲ ਲਹਿਲ, ਜਤਿੰਦਰ ਸਿੰਘ, ਆਰਐਸ ਬੈਂਸ, ਕੁਲਦੀਪ ਸਿੰਘ ਵਾਲੀਆ, ਹਰਜਿੰਦਰਪਾਲ ਸਿੰਘ, ਅਨਿਲ ਕੁਮਾਰ ਭਸੀਨ, ਬਲਵੰਤ ਰਾਏ, ਕ੍ਰਿਸ਼ਨ ਲਾਲ, ਹੇਮਰਾਜ, ਐਚਚਾਰ ਭਾਟੀਆ, ਸਰਪੰਚ ਰਮੇਸ਼ ਨਾਥ ਗੌਤਮ ਅਤੇ ਪਿੰਡ ਸ਼ਾਹੀ ਮਾਜਰਾ ਤੋਂ ਗੁਲਫਾਮ ਅਲੀ, ਬਾਬੂ ਖਾਨ, ਰਾਮ ਕੁਮਾਰ, ਪਾਲ ਸਿੰਘ, ਰਣਵੀਰ ਸਿੰਘ, ਰਘੁਬੀਰ ਸਿੰਘ, ਜਗਤਾਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।