
‘ਆਪ’ ਸਰਕਾਰ ਦੇ 1 ਸਾਲ ਦੇ ਸ਼ਾਸਨ ਵਿੱਚ ਲੋਕਾਂ ਦੇ ਨਿਰਾਸਾ ਹੀ ਪੱਲੇ ਪਈ: ਚੰਦੂਮਾਜਰਾ
ਗੁਆਂਢੀ ਸੂਬਿਆਂ ਦਾ ਖਿਆਲ ਛੱਡ ਕੇ ਪੰਜਾਬ ਨੂੰ ਸੰਭਾਲਣ ਭਗਵੰਤ ਮਾਨ: ਅਕਾਲੀ ਆਗੂ
ਆਪ ਲੀਡਰਸ਼ਿਪ ਨੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ: ਚੰਦੂਮਾਜਰਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਜੂਨ:
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੁਆਂਢੀ ਸੂਬਿਆਂ ਦਾ ਖਿਆਲ ਛੱਡ ਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਨਾਲ ਨਜਿੱਠਣ ਲਈ ਠੋਸ ਕਦਮ ਚੱੁਕਣੇ ਚਾਹੀਦੇ ਹਨ। ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਚੰਦੂਮਾਜਰਾ ਕਿਹਾ ਕਿ ਆਪ ਲੀਡਰਸ਼ਿਪ ਨੇ ਸੂਬੇ ਦੇ ਲੋਕਾਂ ਨਾਲ ਵਿਸ਼ਵਾਸ ਘਾਤ ਕੀਤਾ ਹੈ। ਚੋਣਾਂ ਵਿੱਚ ਜਿਹੜੇ ਵਾਅਦੇ ਕੀਤੇ ਸਨ, ਉਹ ਪੂਰੇ ਕਰਨ ਵਿੱਚ ਸਰਕਾਰ ਫੇਲ੍ਹ ਸਾਬਤਾ ਹੋ ਰਹੀ ਹੈ ਅਤੇ ਆਪ ਸਰਕਾਰ ਦੇ ਮਹਿਜ਼ ਇੱਕ ਸਾਲ ਦੇ ਸ਼ਾਸਨ ਵਿੱਚ ਨਿਰਾਸਾ ਹੀ ਲੋਕਾਂ ਦੇ ਪੱਲੇ ਪਈ ਹੈ। ਜਿਸ ਕਾਰਨ ਸੂਬੇ ਦੇ ਲੋਕ ਖ਼ੁਦ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਹੇ ਹਨ।
ਸ੍ਰੀ ਚੰਦੂਮਾਜਰਾ ਨੇ ਮੌਜੂਦਾ ਸਮੇਂ ਵਿੱਚ ਪੰਜਾਬ ਲਾਵਾਰਸ ਨਜ਼ਰ ਆ ਰਿਹਾ ਹੈ, ਕਿਉਂਕਿ ਜੇ ਕੋਈ ਪੰਜਾਬ ਦਾ ਵਾਲੀ-ਵਾਰਸ ਹੁੰਦਾ ਤਾਂ ਅੱਜ ਕੇਂਦਰ ਦੀ ਪੰਜਾਬ ਤੋਂ ਬੁਨਿਆਦੀ ਹੱਦ ਖੋਹਣ ਦੀ ਹਿੰਮਤ ਨਾ ਹੁੰਦੀ। ਪਹਿਲਾਂ ਰੂਰਲ ਵਿਕਾਸ ਫੰਡ ਅਤੇ ਪੰਜਾਬ ਦੇ ਪਾਣੀਆਂ ਦਾ ਹੱਕ ਖੋਹਿਆ ਅਤੇ ਹੁਣ 18 ਹਜ਼ਾਰ ਕਰੋੜ ਵਿੱਤੀ ਕਟੌਤੀ ਕਰਨਾ ਪੰਜਾਬ ਦੀ ਮਾੜੀ ਆਰਥਿਕ ਵਿਵਸਥਾ ਦੀ ਨਿਸ਼ਾਨੀ ਹੈ, ਪ੍ਰੰਤੂ ਪੰਜਾਬ ਦੇ ਹੁਕਮਰਾਨ ਸਿਰਫ਼ ਟਵੀਟ ਕਰਕੇ ਵਿਰੋਧ ਕਰਨ ਤੱਕ ਹੀ ਸੀਮਤ ਹਨ, ਜੋ ਗੰਭੀਰ ਚਿੰਤਾ ਵਾਲੀ ਗੱਲ ਹੈ।
ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਦੇ ਸਿਰ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ। ਪਿਛਲੇ ਇੱਕ ਸਾਲ ਵਿੱਚ 50 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹ ਗਿਆ ਹੈ ਪ੍ਰੰਤੂ ਜਿਨ੍ਹਾਂ ਲੋਕਾਂ ਨੂੰ ਪੰਜਾਬ ਦੀ ਵਾਗਡੋਰ ਸੰਭਾਲੀ ਗਈ ਸੀ, ਉਨ੍ਹਾਂ ਨੂੰ ਰੱਤੀ ਭਰ ਵੀ ਚਿੰਤਾ ਨਹੀਂ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਨਾਲੋਂ ਗੁਆਂਢੀ ਸੂਬਿਆਂ ਦਾ ਵੱਧ ਫਿਰਕ ਹੈ। ਉਹ ਆਏ ਦਿਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਦੂਜੇ ਸੂਬਿਆਂ ਦੇ ਦੌਰੇ ’ਤੇ ਰਹਿੰਦੇ ਹਨ। ਇਸ ਮੰਤਵ ਨੂੰ ਪੂਰਾ ਕਰਨ ਲਈ ਪੰਜਾਬ ਦਾ ਜਹਾਜ਼ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪਾਰਟੀ ਦੇ ਪ੍ਰਚਾਰ ਲਈ ਪੰਜਾਬ ਦੇ ਸਰਕਾਰੀ ਖਜਾਨੇ ਨੂੰ ਖੋਰਾ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਨੂੰ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਅਤੇ ਪੈਨਸ਼ਨਾਂ ਦੇਣ ਲਈ ਪੈਸਾ ਨਹੀਂ ਪਰ ਕੇਜਰੀਵਾਲ ਨੂੰ ਹਵਾਈ ਜਹਾਜ਼ ਦੇ ਝੂਟੇ ਦਿਵਾਉਣ ਲਈ ਪੰਜਾਬ ਦਾ ਪੈਸਾ ਲੁਟਾਇਆ ਜਾ ਰਿਹਾ ਹੈ। ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਮਾੜੀ ਹੈ ਅਤੇ ਪ੍ਰਸ਼ਾਸਨਿਕ ਪਕੜ ਮਜ਼ਬੂਤ ਨਾ ਹੋਣ ਕਾਰਨ ਵੱਡੇ ਸਨਅਤਕਾਰ ਅਤੇ ਕਾਰੋਬਾਰੀ ਬਾਹਰ ਭੱਜ ਰਹੇ ਹਨ। ਆਉਣ ਵਾਲਾ ਸਮਾਂ ਹੋਰ ਵੀ ਮਾੜਾ ਹੋਣ ਦੀ ਸੰਭਾਵਨਾ ਹੈ। ਅਜਿਹੇ ਹਾਲਾਤਾਂ ਨੂੰ ਦੇਖ ਕੇ ਪੰਜਾਬ ਦਾ ਭਵਿੱਖ ਖ਼ਤਰੇ ਵਿੱਚ ਨਜ਼ਰ ਆ ਰਿਹਾ ਹੈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ, ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ, ਕਮਲਜੀਤ ਸਿੰਘ ਰੂਬੀ, ਹਰਮਨਪ੍ਰੀਤ ਸਿੰਘ ਪ੍ਰਿੰਸ, ਸਰਬਜੀਤ ਸਿੰਘ ਪਾਰਸ, ਬਸਪਾ ਆਗੂ ਸੁਖਦੇਵ ਸਿੰਘ ਚੱਪੜਚਿੜੀ, ਸਾਬਕਾ ਚੇਅਰਮੈਨ ਮਨਜੀਤ ਸਿੰਘ ਮੁੰਧੋ, ਸਾਧੂ ਸਿੰਘ ਖਲੋਰ, ਅਵਤਾਰ ਸਿੰਘ ਗੋਸਲ, ਕੇਸਰ ਸਿੰਘ ਬਲੌਂਗੀ, ਨੰਬਰਦਾਰ ਹਰਵਿੰਦਰ ਸਿੰਘ ਅਤੇ ਅਕਾਲੀ ਆਗੂ ਹਾਜ਼ਰ ਸਨ।