ਮਨੁੱਖੀ ਤਸਕਰੀ ਤੇ ਅਗਵਾ ਦੇ ਮਾਮਲੇ ਵਿੱਚ ਸੋਨਾ, ਕਰੋੜਾਂ ਦੀ ਨਗਦੀ ਤੇ ਗੱਡੀ ਬਰਾਮਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਮਾਰਚ:
ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਮਨੁੱਖੀ ਤਸਕਰੀ ਅਤੇ ਅਗਵਾ ਕਰਨ ਦੇ ਮਾਮਲੇ ਵਿੱਚ ਤਫ਼ਤੀਸ਼ ਦੌਰਾਨ ਸੋਨਾ, ਕਰੋੜਾਂ ਰੁਪਏ ਦੀ ਨਗਦੀ ਅਤੇ ਗੱਡੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਕੁਝ ਵਿਅਕਤੀ ਪੰਜਾਬ ਸਮੇਤ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਲੋਕਾਂ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਇੰਡੋਨੇਸ਼ੀਆ ਅਤੇ ਸਿੰਗਾਪੁਰ ਵਿੱਚ ਲਿਜਾ ਕੇ ਅਗਵਾ ਕਰਨ ਮਗਰੋਂ ਤਸ਼ੱਦਦ ਢਾਹ ਕੇ ਪੀੜਤ ਵਿਅਕਤੀਆਂ ਦਾ ਸਰੀਰਕ ਸ਼ੋਸ਼ਣ ਕਰਦੇ ਸਨ ਅਤੇ ਗੰਨ ਪੁਆਇੰਟ ’ਤੇ ਡਰਾ-ਧਮਕਾ ਕੇ ਪੀੜਤ ਵਿਅਕਤੀਆਂ ਤੋਂ ਆਪਣੇ ਘਰਦਿਆਂ ਨੂੰ ਫੋਨ ਕਰਵਾ ਕੇ ਫਰੌਤੀ ਦੀ ਮੰਗ ਕਰਦੇ ਹਨ।
ਇਸ ਸਬੰਧੀ ਬੀਤੀ 3 ਜਨਵਰੀ ਨੂੰ 364ਏ,370,386,120ਬੀ ਤਹਿਤ ਥਾਣਾ ਬਲੌਂਗੀ ਅਤੇ ਬੀਤੀ 6 ਜਨਵਰੀ ਨੂੰ ਆਈਪੀਸੀ ਦੀ ਧਾਰਾ 406,420,470,386 ਅਤੇ 13 ਪੀਟੀਪੀ (ਆਰ) ਐਕਟ 2014 ਤਹਿਤ ਥਾਣਾ ਸਦਰ ਖਰੜ ਵਿੱਚ ਵੱਖੋ-ਵੱਖ ਪਰਚੇ ਦਰਜ ਕੀਤੇ ਗਏ ਸਨ। ਇਨ੍ਹਾਂ ਮਾਮਲਿਆਂ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।
ਐੱਸਐੱਸਪੀ ਗਰਗ ਨੇ ਦੱਸਿਆ ਕਿ ਇਸ ਸਬੰਧੀ ਮੁਹਾਲੀ ਦੇ ਐਸਪੀ (ਡੀ) ਅਮਨਦੀਪ ਸਿੰਘ ਬਰਾੜ ਅਤੇ ਡੀਐਸਪੀ (ਡੀ) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਦੀ ਅਗਵਾਈ ਹੇਠ ਵੱਖ-ਵੱਖ ਜਾਂਚ ਟੀਮਾਂ ਦਾ ਗਠਨ ਕਰ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਅਤੇ ਹੁਣ ਤੱਕ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਕਰੋੜ 13 ਲੱਖ ਰੁਪਏ ਭਾਰਤੀ ਕਰੰਸੀ, 64 ਤੋਲੇ ਸੋਨਾ (ਕੀਮਤ 33 ਲੱਖ ਰੁਪਏ), ਇੱਕ ਸਵਿਫ਼ਟ ਕਾਰ, ਫੀਗੋ ਕਾਰ, ਟਾਇਗਨ ਕਾਰ, ਇੱਕ ਥਾਰ ਜੀਪ ਅਤੇ ਸੱਤ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਦੇ ਬੈਂਕ ਖਾਤੇ ਸੀਲ ਕਰਵਾਏ ਗਏ ਹਨ। ਤਫ਼ਤੀਸ਼ ਦੌਰਾਨ ਹੁਣ 1 ਕਰੋੜ 37 ਲੱਖ ਰੁਪਏ, ਯੂਐਸਏ ਡਾਲਰ 2000 ਅਤੇ 530 ਗਰਾਮ ਸੋਨਾ ਅਤੇ ਇੱਕ ਫਾਰਚੂਨਰ ਕਾਰ ਬਰਾਮਦ ਕੀਤੀ ਗਈ ਹੈ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…