nabaz-e-punjab.com

ਬੂਥ ਵੇਚਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰੀ, ਮਾਂ, ਧੀ ਤੇ ਬੇਟਾ ਗ੍ਰਿਫ਼ਤਾਰ

ਮੁਹਾਲੀ ਅਦਾਲਤ ਨੇ ਮੁਲਜ਼ਮ ਮਾਂ, ਧੀ ਤੇ ਬੇਟੇ ਨੂੰ 2 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ:
ਮੁਹਾਲੀ ਪੁਲੀਸ ਨੇ ਬੂਥ ਵੇਚਣ ਦੇ ਨਾਂ ’ਤੇ ਠੱਗੀ ਮਾਰਨ ਦੇ ਮਾਮਲੇ ਵਿੱਚ ਮਨਮੋਹਨ ਕੌਰ, ਉਸ ਦੀ ਬੇਟੀ ਗੁਰਮੀਤ ਕੌਰ ਅਤੇ ਬੇਟਾ ਗੁਰਸਿਮਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਅੱਜ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮਾਂ, ਬੇਟੀ ਅਤੇ ਪੁੱਤ ਨੂੰ 2 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਹ ਕਾਰਵਾਈ ਪਿੰਡ ਮੌਲੀ ਬੈਦਵਾਨ ਦੇ ਵਸਨੀਕ ਬਲਜੀਤ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਪੀੜਤ ਨੇ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਮਨਮੋਹਨ ਕੌਰ, ਉਸਦੀ ਬੇਟੀ ਅਤੇ ਦੋ ਬੇਟਿਆਂ ’ਤੇ ਸਾਜ਼ਿਸ਼ ਤਹਿਤ ਠੱਗੀ ਮਾਰਨ ਦਾ ਦੋਸ਼ ਲਾਇਆ ਸੀ। ਪੀੜਤ ਅਨੁਸਾਰ ਮੁਲਜ਼ਮਾਂ ਨੇ ਜਾਅਲੀ ਦਸਤਾਵੇਜ਼ਾਂ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਪ੍ਰਾਪਰਟੀ ਵੇਚ ਕੇ ਉਸ ਤੋਂ ਲੱਖਾਂ ਰੁਪਏ ਹੜੱਪ ਲਏ।
ਬਲਜੀਤ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਕਿਹਾ ਕਿ ਮਨਮੋਹਨ ਕੌਰ ਨੇ ਜਨਵਰੀ 2020 ਵਿੱਚ ਫੇਜ਼-7 ਵਿੱਚ ਇੱਕ ਬੇ-ਸ਼ਾਪ ਵੇਚਣ ਲਈ ਉਨ੍ਹਾਂ ਨਾਲ ਤਾਲਮੇਲ ਕਰਕੇ ਦੱਸਿਆ ਕਿ ਇਹ ਪ੍ਰਾਪਰਟੀ ਉਨ੍ਹਾਂ ਸਾਂਝੀ ਹੈ ਅਤੇ ਕਿਸੇ ਤਰ੍ਹਾਂ ਦਾ ਕੋਈ ਝਗੜਾ ਨਹੀਂ ਹੈ। ਪੀੜਤ ਅਨੁਸਾਰ ਉਸਨੇ ਉਕਤ ਅੌਰਤ ’ਤੇ ਭਰੋਸਾ ਕਰਕੇ ਐਸਐਸਐਸ ਨੰਬਰ-2 ਦਾ ਇਕਰਾਰਨਾਮਾ ਕਰਕੇ 20 ਲੱਖ ਰੁਪਏ ਬਿਆਨਾ ਦੇ ਦਿੱਤਾ। ਮਨਮੋਹਨ ਕੌਰ ਨੇ ਲਿਖਤੀ ਰੂਪ ਵਿੱਚ ਪੂਰੀ ਜ਼ਿੰਮੇਵਾਰੀ ਲਈ ਸੀ ਕਿ ਉਹ ਆਪਣੇ ਪਤੀ ਦਾ ਹਿੱਸਾ ਆਪਣੇ ਨਾਮ ਕਰਵਾ ਕੇ ਐਨਓਸੀ ਹਾਸਲ ਕਰੇਗੀ ਅਤੇ ਉਸਦੇ ਹੱਕ ਵਿੱਚ ਰਜਿਸਟਰੀ ਕਰਵਾਏਗੀ।
ਸ਼ਿਕਾਇਤ ਕਰਤਾ ਅਨੁਸਾਰ ਬਿਆਨਾ ਲੈਣ ਮਗਰੋਂ ਮਨਮੋਹਨ ਕੌਰ ਨੇ ਆਪਣੇ ਪਤੀ ਦਾ ਹਿੱਸਾ ਆਪਣੇ ਨਾਮ ਨਹੀਂ ਕਰਵਾਇਆ ਅਤੇ ਲਾਕਡਾਊਨ ਦੀ ਆੜ ਵਿੱਚ ਝੂਠੇ ਲਾਰੇ ਲਗਾਉਂਦੀ ਰਹੀ। ਅਗਸਤ 2020 ਵਿੱਚ ਮੁਲਜ਼ਮ ਅੌਰਤ ਨੇ ਕਿਹਾ ਕਿ ਫੇਜ਼-7 ਵਿਚਲੇ ਉਸ ਦੇ ਪਤੀ ਦੋ ਹੋਰ ਬੂਥ ਵੇਚਣਾ ਚਾਹੁੰਦੀ ਹੈ। ਅੌਰਤ ਅਨੁਸਾਰ ਬੂਥ ਨੰਬਰ-7 ਪਤੀ ਨਾਲ ਸਾਂਝਾ ਹੈ ਜਦੋਂਕਿ ਬੂਥ ਨੰਬਰ-8 ਦੀ ਉਹ ਇਕੱਲੀ ਮਾਲਕ ਹੈ ਅਤੇ ਰਜਿਸਟਰੀ ਕਰਵਾਉਣ ਦੀ ਜ਼ਿੰਮੇਵਾਰੀ ਉਸ ਦੀ ਹੋਵੇਗੀ ਅਤੇ ਉਸ ਦੇ ਪਤੀ ਦੇ ਸਾਰੇ ਕਾਨੂੰਨੀ ਵਾਰਸ ਵੀ ਬੂਥ ਵੇਚਣ ਲਈ ਰਾਜ਼ੀ ਹਨ। ਪੀੜਤ ਅਨੁਸਾਰ ਉਸਨੇ ਮਨਮੋਹਨ ਕੌਰ ’ਤੇ ਮੁੜ ਭਰੋਸਾ ਕਰਕੇ ਬੂਥ ਨੰਬਰ-7 ਅਤੇ 8 ਦਾ ਸੌਦਾ ਕਰ ਲਿਆ ਅਤੇ ਦੋਵਾਂ ਬੂਥਾਂ ਦੇ 10-10 ਲੱਖ ਰੁਪਏ ਬਿਆਨਾ ਦੇ ਦਿੱਤਾ ਪ੍ਰੰਤੂ ਬਾਅਦ ਵਿੱਚ ਉਕਤ ਪਰਿਵਾਰ ਰਜਿਸਟਰੀ ਕਰਵਾਉਣ ਲਈ ਨਿਰਧਾਰਿਤ ਮਿਤੀ ’ਤੇ ਹਾਜ਼ਰ ਨਹੀਂ ਹੋਇਆ। ਉਸ ਨੂੰ ਫਿਰ ਲਾਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਉਕਤ ਵਿਅਕਤੀਆਂ ਨੇ ਲਿਖ ਕੇ ਦਿੱਤਾ ਕਿ ਉਹ 12 ਲੱਖ ਰੁਪਏ ਹਰਜਾਨੇ ਵਜੋਂ ਦੇਣਗੇ। ਪ੍ਰੰਤੂ ਨਾ ਤਾਂ ਉਸ ਦੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਰਜਿਸਟਰੀ ਕਰਵਾਈ। ਐਸਐਸਪੀ ਵੱਲੋਂ ਮਾਮਲੇ ਦੀ ਜਾਂਚ ਡੀਐਸਪੀ ਪੱਧਰ ਦੇ ਅਧਿਕਾਰੀ ਤੋਂ ਕਰਵਾਈ ਗਈ। ਪੜਤਾਲ ਤੋਂ ਬਾਅਦ ਮਨਮੋਹਨ ਕੌਰ, ਉਸ ਦੀ ਬੇਟੀ ਗੁਰਮੀਤ ਕੌਰ, ਪੁੱਤਰ ਗੁਰਪ੍ਰੀਤ ਸਿੰਘ ਤੇ ਗੁਰਸਿਮਰ ਸਿੰਘ ਖ਼ਿਲਾਫ਼ ਧਾਰਾ 406, 420, 120-ਬੀ ਦੇ ਤਹਿਤ ਪਰਚਾ ਦਰਜ ਕੀਤਾ ਗਿਆ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …