
ਹਾਈ ਕੋਰਟ ਨੇ ਈਡੀ ਨੂੰ ਕਿਹੜੇ ਮਾਮਲੇ ਵਿੱਚ ਜਾਰੀ ਕੀਤਾ ਨੋਟਿਸ, ਪੜ੍ਹੋ ਪੂਰੀ ਰਿਪੋਰਟ
ਮਨੀ ਲਾਂਡਰਿੰਗ ਕੇਸ: ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 29 ਨਵੰਬਰ ਤੱਕ ਟਲੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਨਵੰਬਰ:
ਐਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸੀਨੀਅਰ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਵਕੀਲ ਵਕੀਲ ਹਰਿੰਦਰਪਾਲ ਸਿੰਘ ਰਾਹੀਂ ਮੁਹਾਲੀ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਜ਼ਮਾਨਤ ਦੇਣ ਦੀ ਮੰਗ ਕੀਤੀ ਹੈ। ਉਹ 14 ਦਿਨ ਦੀ ਨਿਆਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੂੰ ਦੋ ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੁਹਾਲੀ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰੰਜਨ ਖੁੱਲਰ ਦੀ ਅਦਾਲਤ ਨੇ ਖਹਿਰਾ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ 29 ਨਵੰਬਰ ਤੱਕ ਅੱਗੇ ਟਾਲ ਦਿੱਤੀ ਹੈ।
ਉਧਰ, ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਈਡੀ ਨੂੰ ਨੋਟਿਸ ਜਾਰੀ ਕਰਕੇ 29 ਨਵੰਬਰ ਤੱਕ ਆਪਣਾ ਜਵਾਬ ਦੇਣ ਲਈ ਕਿਹਾ ਹੈ। ਖਹਿਰਾ ਨੇ ਆਪਣੇ ਵਕੀਲ ਰਾਹੀਂ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਈਡੀ ਦੀ ਕਾਰਵਾਈ ਨੂੰ ਗੈਰਕਾਨੂੰਨੀ ਦੱਸਦਿਆਂ ਉਸ ਨੂੰ ਕਿਸੇ ਡੂੰਘੀ ਸਾਜ਼ਿਸ਼ ਤਹਿਤ ਝੂਠੇ ਕੇਸ ਵਿੱਚ ਫਸਾਉਣ ਦਾ ਦੋਸ਼ ਲਾਇਆ ਹੈ।
ਜ਼ਿਕਰਯੋਗ ਹੈ ਸੁਖਪਾਲ ਖਹਿਰਾ ਨੂੰ ਬੀਤੀ 11 ਨਵੰਬਰ ਨੂੰ ਉਕਤ ਮਾਮਲੇ ਵਿੱਚ ਪੁੱਛਗਿੱਛ ਲਈ ਈਡੀ ਦੇ ਸੈਕਟਰ-18 ਸਥਿਤ ਦਫ਼ਤਰ ਵਿੱਚ ਸੱਦਿਆ ਗਿਆ ਸੀ। ਜਿੱਥੇ ਮੁੱਢਲੀ ਪੁੱਛਗਿੱਛ ਦੌਰਾਨ ਕਾਂਗਰਸ ਆਗੂ ਦੀ ਗ੍ਰਿਫ਼ਤਾਰੀ ਪਾ ਲਈ ਗਈ। ਈਡੀ ਵੱਲੋਂ ਸਾਲ 2015 ਵਿੱਚ ਫਾਜ਼ਿਲਕਾ ਵਿੱਚ ਨਸ਼ਾ ਤਸਕਰੀ ਦਾ ਕੇਸ ਦਰਜ ਕੀਤਾ ਗਿਆ। ਖਹਿਰਾ ’ਤੇ ਵਿਦੇਸ਼ਾਂ ’ਚੋਂ ਚੰਦੇ ਦੇ ਰੂਪ ਵਿੱਚ ਪੈਸਾ ਇਕੱਠਾ ਕਰਨ ਦਾ ਦੋਸ਼ ਹੈ। ਬਾਅਦ ਵਿੱਚ ਈਡੀ ਨੇ ਇਸ ਮਾਮਲੇ ਵਿੱਚ ਸੁਖਪਾਲ ਖਹਿਰਾ ਨੂੰ ਵੀ ਨਾਮਜ਼ਦ ਕਰ ਲਿਆ ਗਿਆ।
ਸੁਖਪਾਲ ਖਹਿਰਾ ਦੇ ਸਪੁੱਤਰ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਨੇ ਈਡੀ ਮਾਮਲੇ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਸਹਿਯੋਗ ਦੇਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ੀ ਮੁਲਕ ’ਚੋਂ ਫੰਡਿੰਗ ਦੇ ਦੋਸ਼ਾਂ ਬਾਰੇ ਮਹਿਤਾਬ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਸੁਖਪਾਲ ਸਿੰਘ ਖਹਿਰਾ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਮੁਤਾਬਕ ਹੀ ਵਿਦੇਸ਼ ਮੁਲਕ ਵਿੱਚ 16 ਸ਼ਹਿਰਾਂ ਵਿੱਚ ਗਏ ਸੀ ਅਤੇ ਇਸ ਸਬੰਧੀ ਆਪ ਵੱਲੋਂ ਹੀ ਵੱਡੇ ਵੱਡੇ ਪੋਸਟਰ ਅਤੇ ਬੈਨਰ ਆਨਲਾਈਨ ਪੇਜ ’ਤੇ ਅਪਲੋਡ ਕੀਤੇ ਗਏ ਸੀ। ਸਾਰਾ ਪੈਸਾ ਆਪ ਵਲੰਟੀਅਰਾਂ ਨੇ ਇਕੱਠਾ ਕੀਤਾ ਅਤੇ ਅਰਵਿੰਦ ਕੇਜਰੀਵਾਲ ਨੂੰ ਦਿੱਤਾ ਗਿਆ ਸੀ ਪ੍ਰੰਤੂ ਹੁਣ ਆਪਣੀ ਬਦਨਾਮੀ ਦੇ ਡਰੋਂ ਆਪ ਲੀਡਰਸ਼ਿਪ ਵਿਦੇਸ਼ੀ ਟੂਰ ਪ੍ਰੋਗਰਾਮ ਤੋਂ ਬਿਲਕੁਲ ਮੁਨਕਰ ਹੋ ਗਈ ਹੈ, ਜੋ ਸਰਾਸਰ ਗਲਤ ਹੈ। ਉਸ ਨੇ ਈਡੀ ਦੇ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਸ ਦੇ ਪਿਤਾ ਨੂੰ ਸੱਚ ਬੋਲਣ ਅਤੇ ਹੱਕ ਸੱਚ ਦੀ ਲੜਾਈ ਲੜਨ ਦੀ ਸਜਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ ਅਤੇ ਉਹ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਜਲਦੀ ਹੀ ਸਚਾਈ ਸਭ ਦੇ ਸਾਹਮਣੇ ਆ ਜਾਵੇਗੀ।