Share on Facebook Share on Twitter Share on Google+ Share on Pinterest Share on Linkedin ਪੰਜਾਬ ਸਰਕਾਰ ਵੱਲੋਂ ਨਵੀਂ ਮਲਟੀ ਡਿਸਟ੍ਰਿਕਟ ਵਾਟਰ ਟੈਸਟਿੰਗ ਲੈਬਾਰਟਰੀ ਦਾ ਮੁਹਾਲੀ ਵਿੱਚ ਉਦਘਾਟਨ ਲੋਕਾਂ ਨੂੰ 100 ਫੀਸਦੀ ਪਾਈਪ ਆਧਾਰਿਤ ਪੀਣ ਯੋਗ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣਾ ਯਕੀਨੀ ਬਣਾਏਗੀ ਸਰਕਾਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਅਪਰੈਲ: ਪੰਜਾਬ ਦੇ ਵਸਨੀਕਾਂ ਨੂੰ 100 ਫੀਸਦੀ ਪਾਈਪ ਆਧਾਰਿਤ ਸਾਫ਼ ਸੁਥਰਾ ਪੀਣ ਯੋਗ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਦੇ ਮੱਦੇਨਜ਼ਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਅੱਜ ਵਾਟਰ ਵਰਕਸ ਕੰਪਲੈਕਸ ਫੇਜ਼-2 ਵਿਖੇ ਨਵੀਂ ਮਲਟੀ ਡਿਸਟ੍ਰਿਕਟ ਵਾਟਰ ਟੈਸਟਿੰਗ ਲੈਬਾਰਟਰੀ ਲੋਕਾਂ ਨੂੰ ਸਮਰਪਿਤ ਕੀਤੀ। ਇਸ ਲੈਬਾਰਟਰੀ ਦਾ ਉਦਘਾਟਨ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਦੀ ਤਰਫੋਂ ਵਿਭਾਗ ਦੀ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੀਤਾ। ਇਸ ਮੌਕੇ ਵਿਭਾਗ ਦੇ ਮੁਖੀ ਅਮਿਤ ਤਲਵਾੜ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਇਸ ਸਬੰਧੀ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਇੱਥੋਂ ਜਾਰੀ ਇਕ ਸੰਦੇਸ਼ ਵਿੱਚ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਹਰ ਘਰ ਪਾਣੀ, ਹਰ ਘਰ ਸਫ਼ਾਈ’ ਮਿਸ਼ਨ ਤਹਿਤ ਲੋਕਾਂ ਨੂੰ ਇਹ ਤੋਹਫ਼ਾ ਦਿੱਤਾ ਗਿਆ ਹੈ। ਜਿਸਦਾ ਉਦੇਸ਼ ਮਾਰਚ 2022 ਤੱਕ 100 ਫੀਸਦੀ ਪਾਈਪ ਆਧਾਰਿਤ ਸਾਫ ਪੀਣ ਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਪੰਜਾਬ ਸਰਕਾਰ ਦੀ ਪੇਂਡੂ ਵਸੋਂ ਨੂੰ ਮੁਹੱਈਆ ਕਰਵਾਏ ਜਾ ਰਹੇ ਪੀਣ ਵਾਲੇ ਪਾਣੀ ਦੀ ਜਾਂਚ ਅਤੇ ਨਿਗਰਾਨੀ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਦੇ ਦ੍ਰਿੜ ਸੰਕਲਪ ਦੀ ਪੂਰਤੀ ਕਰੇਗੀ। ਸ੍ਰੀਮਤੀ ਸੁਲਤਾਨਾ ਨੇ ਦੱਸਿਆ ਕਿ ਇਹ ਲੈਬਰਾਟਰੀ ਅਲਟਰਾ ਵਾਇਲਟ (ਯੂਵੀ)-ਵਿਜ਼ੀਬਲ ਸਪੈਕਟ੍ਰੋਫੋਟੋਮੀਟਰ, ਆਇਨ ਮੀਟਰ, ਬੀਓਡੀ ਇੰਕਯੂਬੇਟਰ, ਸੀਓਡੀ ਡਾਈਜੈਸਟਰ, ਟਰਬਿਡੀਟੀ ਮੀਟਰ ਅਤੇ ਹੋਰ ਪੀਣ ਵਾਲੇ ਪਾਣੀ ਦੇ 18 ਕੈਮੀਕਲ ਮਾਪਦੰਡਾਂ ਦੀ ਜਾਂਚ ਕਰਨ ਲਈ ਆਧੁਨਿਕ ਉਪਕਰਨਾਂ ਨਾਲ ਲੈਸ ਹੈ। ਮੰਤਰੀ ਨੇ ਕਿਹਾ ਕਿ ਵਿਭਾਗ ਦੇ ਪੇਂਡੂ ਜਲ ਸਪਲਾਈ ਸਰੋਤਾਂ ਦੀ ਨਿਯਮਤ ਨਿਗਰਾਨੀ ਅਤੇ ਸਰਵੇਖਣ ਤੋਂ ਇਲਾਵਾ ਇਹ ਲੈਬਾਰਟਰੀ ਸਰਕਾਰ ਵੱਲੋਂ ਨਿਰਧਾਰਤ ਮਾਮੂਲੀ ਖਰਚਿਆਂ ’ਤੇ ਜਨਤਕ ਅਤੇ ਹੋਰ ਵਿਭਾਗਾਂ/ਸੰਸਥਾਵਾਂ ਲਈ ਵੀ ਖੁੱਲ੍ਹੀ ਰਹੇਗੀ। ਉਨ੍ਹਾਂ ਕਿਹਾ ਕਿ ਇਹ ਲੈਬਾਰਟਰੀ ਮੁੱਖ ਤੌਰ ’ਤੇ ਮੁਹਾਲੀ, ਰੂਪਨਗਰ ਅਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਦੀਆਂ ਲੋੜਾਂ ਦੀ ਪੂਰਤੀ ਕਰੇਗੀ। ਸ੍ਰੀਮਤੀ ਸੁਲਤਾਨਾ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਮੁਹਾਲੀ ਵਿਖੇ ਇਕ ਸਟੇਟ ਲੈਬ, ਛੇ ਮਲਟੀ ਡਿਸਟ੍ਰਿਕਟ ਵਾਟਰ ਟੈਸਟਿੰਗ ਲੈਬਜ਼ ਅਤੇ 24 ਸਬ ਯੂਨਿਟ ਲੈਬਾਂ ‘ਤੇ ਅਧਾਰਤ ਵਾਟਰ ਟੈਸਟਿੰਗ ਲੈਬਾਰਟਰੀਆਂ ਦਾ ਤਿੰਨ ਪੱਧਰੀ ਨੈਟਵਰਕ ਸਥਾਪਤ ਕਰਨ ਦੀ ਯੋਜਨਾ ਉਲੀਕੀ ਹੈ। ਵਿਭਾਗ ਦੀ ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਦੱਸਿਆ ਕਿ ਇਨ੍ਹਾਂ ਲੈਬਾਰਟਰੀਆਂ ’ਚੋਂ ਸਟੇਟ ਲੈਬ ਮੁਹਾਲੀ ਅਤੇ ਪਟਿਆਲਾ ਦੀ ਹਾਈ-ਟੈਕ ਮਲਟੀ ਡਿਸਟ੍ਰਿਕਟ ਲੈਬ ਪਹਿਲਾਂ ਹੀ ਐਨ.ਏ.ਬੀ.ਐਲ. ਤੋਂ ਪ੍ਰਵਾਨਿਤ ਹਨ ਜਦਕਿ ਬਾਕੀ ਪੰਜ ਮਲਟੀ ਡਿਸਟ੍ਰਿਕਟ ਲੈਬਾਰਟਰੀਆਂ ਨੂੰ ਜੂਨ 2021 ਤੱਕ ਪ੍ਰਵਾਨਗੀ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਜੂਨ 2021 ਤੱਕ 24 ਸਬ-ਯੂਨਿਟ ਲੈਬਾਂ ਦਾ 11 ਬੁਨਿਆਦੀ ਮਾਪਦੰਡਾਂ ਦੇ ਅਧਾਰ ’ਤੇ ਮਜ਼ਬੂਤੀਕਰਨ ਕੀਤਾ ਜਾਵੇਗਾ ਅਤੇ 15 ਅਗਸਤ 2021 ਤੱਕ ਐਨਏਬੀਐਲ ਤੋਂ ਮਾਨਤਾ ਪ੍ਰਾਪਤ ਕਰਨ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਚੰਗੀ ਗੁਣਵੱਤਾ ਦਾ ਲੈਬ ਨੈਟਵਰਕ ਸਥਾਪਤ ਕਰਨ ਲਈ ਵਿਭਾਗ ਨੇ ਚੀਫ ਕੈਮਿਸਟ/ਸੀਨੀਅਰ ਕੈਮਿਸਟ/ਮਾਈਕ੍ਰੋਬਾਇਓਲੋਜਿਸਟ/ਕੈਮਿਸਟ ਦੀਆਂ ਅਸਾਮੀਆਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਇਨ੍ਹਾਂ ਲੈਬਾਂ ਦੇ ਪ੍ਰਬੰਧਨ ਲਈ ਉੱਚ ਯੋਗਤਾ ਪ੍ਰਾਪਤ ਸਟਾਫ਼ ਦੀ ਭਰਤੀ ਕੀਤੀ ਗਈ ਹੈ। ਚੁਣੇ ਗਏ 16 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੀ ਸੌਂਪੇ। ਜਿਨ੍ਹਾਂ ਵਿੱਚ ਤਿੰਨ ਸੀਨੀਅਰ ਕੈਮਿਸਟ, ਛੇ ਮਾਈਕਰੋਬਾਇਓਲਾਜਿਸਟ ਅਤੇ ਸੱਤ ਕੈਮਿਸਟ ਸ਼ਾਮਲ ਹਨ ਤਾਂ ਜੋ ਸਟੇਟ ਵਾਟਰ ਟੈਸਟਿੰਗ ਲੈਬਾਰਟਰੀ ਅਤੇ ਛੇ ਮਲਟੀ ਡਿਸਟ੍ਰਿਕਟ ਲੈਬਾਂ ਦੇ ਸਹੀ ਕੰਮਕਾਜ ਨੂੰ ਯਕੀਨੀ ਬਣਾਇਆ ਜਾ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ