ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਵੱਲੋਂ 39ਵੇਂ ‘ਕੌਮੀ ਲਰਨ ਟੂ ਲਿਵ ਟੂਗੈਦਰ ਕੈਂਪ’ ਦਾ ਉਦਘਾਟਨ

ਗੰਗਾ ਪਹਾੜਾਂ ’ਚੋਂ ਨਿਕਲਦੀ ਹੈ ਤੇ ਬਿਨਾਂ ਕਿਸੇ ਵਖਰੇਵੇਂ ਤੋਂ ਸਭ ਦੀ ਪਿਆਸ ਬੁਝਾਉਂਦੀ ਹੈ: ਰਾਜਪਾਲ

ਨਬਜ਼-ਏ-ਪੰਜਾਬ, ਮੁਹਾਲੀ, 24 ਜੂਨ:
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਅੱਜ ਇੱਥੇ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6 ਵਿੱਚ ਛੇ ਰੋਜ਼ਾ 39ਵੇਂ ‘ਕੌਮੀ ਲਰਨ ਟੂ ਲਿਵ ਟੂਗੈਦਰ ਕੈਂਪ’ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕਦੇ ਵੀ ਕੋਈ ਭੇਦਭਾਵ ਨਹੀਂ ਸੀ ਅਤੇ ਹੋਣਾ ਵੀ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਗੰਗਾ ਪਹਾੜਾਂ ’ਚੋਂ ਨਿਕਲਦੀ ਹੈ ਅਤੇ ਬਿਨਾਂ ਕਿਸੇ ਸਭਿਆਚਾਰ ਅਤੇ ਧਾਰਮਿਕ ਵਖਰੇਵੇਂ ਤੋਂ ਸਭ ਦੀ ਪਿਆਸ ਬੁਝਾਉਂਦੀ ਹੈ। ਇਸੇ ਨੂੰ ਮੁੱਖ ਰੱਖਦਿਆਂ ‘ਇਕ ਭਾਰਤ ਸ੍ਰੇਸ਼ਟ ਭਾਰਤ’ ਦਾ ਨਾਅਰਾ ਦਿੱਤਾ ਗਿਆ ਹੈ। ਬਾਲ ਭਲਾਈ ਕੌਂਸਲ ਵੱਲੋਂ ਕੌਮੀ ਕੈਂਪ ਦੀ ਮੇਜ਼ਬਾਨੀ ਦੇ ਰੂਪ ਵਿੱਚ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਰਾਜਪਾਲ ਨੇ ਕਿਹਾ ਕਿ ਇਹ ਕੈਂਪ ਅਨੇਕਤਾ ਵਿੱਚ ਏਕਤਾ ਦੇ ਸੰਕਲਪ ਅਤੇ ਸੰਦੇਸ਼ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਸਭਿਆਚਾਰ ਸਦੀਆਂ ਪੁਰਾਣਾ ਹੈ, ਜਿਸ ਦਾ ਆਧਾਰ ਪੂਰੇ ਵਿਸ਼ਵ ਨੂੰ ਇਕ ਭਾਈਚਾਰਾ ਮੰਨਣ ਦੇ ਸਿਧਾਂਤ ’ਤੇ ਟਿਕਿਆ ਹੈ। ਸਮਾਜ ਵਿੱਚ ਕੋਈ ਵੀ ਵੱਡਾ ਤੇ ਛੋਟਾ ਨਹੀਂ ਹੈ। ਇਹ ਭਾਵਨਾ ਵਿਦਿਆਰਥੀਆਂ ਵਿੱਚ ਪੈਦਾ ਕਰਨਾ ਲਾਜ਼ਮੀ ਹੈ।
ਰਾਜਪਾਲ ਨੇ ਵਿਦਿਆਰਥੀਆਂ ਨੂੰ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਸਾਦਾ ਜੀਵਨ ਜਿਊਣ ਦਾ ਸਿਧਾਂਤ ਦਿੱਤਾ ਹੈ, ਇਸ ਲਈ ਕੋਈ ਬੱਚਾ ਵੱਡੀ ਕਾਰ ਵਿੱਚ ਆਉਣ ਨਾਲ ਵੱਡਾ ਨਹੀਂ ਹੁੰਦਾ ਅਤੇ ਸਾਈਕਲ ’ਤੇ ਆਉਣ ਨਾਲ ਕੋਈ ਛੋਟਾ ਨਹੀਂ ਹੁੰਦਾ। ਕਦੇ ਵੀ ਕਿਸੇ ਦੀ ਨਕਲ ਨਹੀਂ ਕਰਨੀ ਚਾਹੀਦੀ ਅਤੇ ਆਪਣੀ ਜ਼ਿੰਦਗੀ ਆਪਣੇ ਸਾਧਨਾਂ ਨਾਲ ਜਿਊਣੀ ਚਾਹੀਦੀ ਹੈ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਉਦਾਹਰਨ ਦਿੱਤੀ ਕਿ ਕਿਵੇਂ ਗਰੀਬੀ ’ਚੋਂ ਉੱਠ ਕੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਅਤੇ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦਿੱਤਾ। ਉਨ੍ਹਾਂ ਨੇ ਨਦੀ ਪਾਰ ਕਰਕੇ ਸਕੂਲੀ ਸਿੱਖਿਆ ਹਾਸਲ ਕਰਨ ਦੀ ਮਿਸਾਲ ਬੱਚਿਆਂ ਸਾਹਵੇਂ ਪ੍ਰੇਰਕ ਪ੍ਰਸੰਗ ਵਜੋਂ ਪੇਸ਼ ਕੀਤਾ। ਰਾਜਪਾਲ ਨੇ ਕੈਂਪ ਲਈ ਪੰਜ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਇਸ ਤੋਂ ਪਹਿਲਾਂ ਬਾਲ ਭਲਾਈ ਕੌਂਸਲ ਦੀ ਚੇਅਰਪਰਸਨ ਸ੍ਰੀਮਤੀ ਪ੍ਰਾਜਕਤਾ ਅਵਾਢ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਕੈਂਪ ਵਿੱਚ 16 ਸੂਬਿਆਂ ਦੇ 10 ਤੋਂ 14 ਸਾਲ ਬੱਚੇ ਹਿੱਸਾ ਲੈ ਰਹੇ ਹਨ। ਸਕੱਤਰ ਡਾ. ਪ੍ਰੀਤਮ ਸੰਧੂ ਨੇ ਦੱਸਿਆ ਕਿ ਕੈਂਪ ਦੌਰਾਨ ਅਕਾਦਮਿਕ ਸੈਸ਼ਨ, ਇਨਡੋਰ ਖੇਡਾਂ, ਸੈਰ ਸਪਾਟਾ, ਥੀਏਟਰ, ਯੋਗਾ, ਬੱਚਿਆਂ ਦੇ ਸ਼ੋਸ਼ਣ ਤੋਂ ਬਚਾਅ ਬਾਰੇ ਜਾਗਰੂਕ ਕਰਨ ਸਮੇਤ ਵੱਖੋ-ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ। ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਬੱਚਿਆਂ ਦੀ ਬਿਹਤਰੀ ਲਈ ਵੱਖੋ-ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਗੁਰਦੀਪ ਸ਼ਰਮਾ, ਜਸਕੰਵਲਜੀਤ ਕੌਰ, ਡਾ. ਰਵਿੰਦਰ ਸਿੰਘ, ਅਨਿਲ ਸਿੱਧੂ, ਪ੍ਰਵੇਸ਼ ਕੁਮਾਰ, ਮਹਿੰਦਰ ਤੁਲ, ਕੁਲਵਿੰਦਰ ਸਿੰਘ, ਗੁਰਦੀਪ ਧੀਮਾਨ, ਅਭਿਸ਼ੇਕ ਸ਼ਰਮਾ, ਮਿਸ ਰਿੰਪੀ, ਅਨੂਪ ਕਿਰਨ ਕੌਰ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਮੁੱਖ ਸਕੱਤਰ, ਜਲ ਸਪਲਾਈ ਤੇ ਸੈਨੀਟੇਸ਼ਨ, ਪੰਜਾਬ, ਨੀਲਕੰਠ ਅਵਾਢ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਦਾ ਵੀ ਉੱਚੇਚੇ ਤੌਰ ਉੱਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਚਿੰਨ੍ਹ ਹੱਥ-ਪੱਖੀ ਨਾਲ ਰਾਜਪਾਲ ਪੰਜਾਬ ਦਾ ਸਨਮਾਨ ਵੀ ਕੀਤਾ ਗਿਆ। ਇਸ ਕੈਂਪ ਲਈ ਅਨਹਦ ਫਾਊਂਡੇਸ਼ਨ ਨੇ ਉਚੇਚਾ ਸਹਿਯੋਗ ਦਿੱਤਾ ਹੈ। ਇਸ ਮੌਕੇ ਐੱਸਡੀਐਮ ਦੀਪਾਂਕਰ ਗਰਗ, ਖਜ਼ਾਨਚੀ ਬਾਲ ਭਲਾਈ ਕੌਂਸਲ, ਰਤਿੰਦਰ ਬਰਾੜ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀ ‘ਆਪ’ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਮੱੁਕਰੀ: ਡਾ. ਵਾਲੀਆ

ਪੰਜਾਬ ਦੀ ‘ਆਪ’ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਮੱੁਕਰੀ: ਡਾ. ਵਾਲੀਆ ਨਬਜ਼-ਏ-ਪੰਜਾਬ, ਮੁਹਾਲੀ, 6 ਅਕਤੂਬਰ: …