
ਪਿੰਡ ਕੁੰਭੜਾ ਦੇ ਪਾਰਕ ਦੇ ਸੁੰਦਰੀਕਰਨ ਤੇ ਨਵੀਨੀਂਕਰਨ ਦੇ ਕੰਮ ਦਾ ਉਦਘਾਟਨ
ਸਾਬਕਾ ਮੇਅਰ ਕੁਲਵੰਤ ਸਿੰਘ ਦੇ ਸਹਿਯੋਗ ਨਾਲ ਕੁੰਭੜਾ ਦੀ ਵਿਕਾਸ ਪੱਖੋਂ ਨੁਹਾਰ ਬਦਲੀ: ਹਰਮੇਸ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਅਗਸਤ:
ਇੱਥੋਂ ਦੇ ਪਿੰਡ ਕੁੰਭੜਾ ਦੇ ਵਾਰਡ ਨੰਬਰ 39 ਦੀ ਅਕਾਲੀ ਦਲ ਦੀ ਸਾਬਕਾ ਕੌਂਸਲਰ ਰਮਨਪ੍ਰੀਤ ਕੌਰ ਕੁੰਭੜਾ ਵੱਲੋਂ ਅੱਜ ਪਿੰਡ ਕੁੰਭੜਾ ਦੇ ਪਾਰਕ ਦੇ ਸੁੰਦਰੀਕਰਨ ਅਤੇ ਨਵੀਨੀਂਕਰਨ ਦੇ ਕੰਮ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਦੱਸਿਆ ਕਿ ਇਸ ਪਾਰਕ ਦੀ ਬਾਊਂਡਰੀ ਵਾਲ ਜੋ ਕਿ ਬੁਰੀ ਤਰ੍ਹਾਂ ਟੁੱਟ-ਫੁੱਟ ਚੁੱਕੀ ਸੀ, ਦੀ ਥਾਂ ’ਤੇ ਹੁਣ ਤਿੰਨ ਫੁੱਟ ਉੱਚੀ ਨਵੀਂ ਬਾਊਂਡਰੀ ਵਾਲ ਦੀ ਉਸਾਰੀ ਕੀਤੀ ਜਾਣੀ ਹੈ ਅਤੇ ਉਸ ਦੇ ਉੱਤੇ ਤਿੰਨ ਫੁੱਟ ਤੱਕ ਗਰਿੱਲਾਂ ਲਗਾਈਆਂ ਜਾਣੀਆਂ ਹਨ। ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾ ਇੱਥੇ 6 ਫੁੱਟ ਉੱਚੀ ਬਾਊਂਡਰੀ ਵਾਲ ਬਣੀ ਹੋਈ ਸੀ ਜਦਕਿ ਹੁਣ ਇੱਥੇ 3 ਫੁੱਟ ਦੀ ਦੀਵਾਰ ਬਣਾ ਕੇ ਉੱਥੇ ਗਰਿੱਲਾਂ ਲਗਾਈਆਂ ਜਾਣਗੀਆਂ ਤਾਂ ਕਿ ਪਾਰਕ ਵਿਚੋਂ ਸਭ ਕੁਝ ਸਾਫ਼ ਸਾਫ਼ ਨਜ਼ਰ ਆਉਣ ਦੇ ਨਾਲ ਨਾਲ ਸੈਰ ਕਰਨ ਵਾਲੇ ਲੋਕਾਂ ਨੂੰ ਤਾਜ਼ੀ ਹਵਾ ਵੀ ਮਿਲਦੀ ਰਹੇ। ਉਹਨਾਂ ਦੱਸਿਆ ਕਿ ਇਸਦੇ ਨਾਲ ਹੀ ਪਾਰਕ ਵਿੱਚ ਨਵੀਂਆਂ ਲਾਈਟਾਂ ਅਤੇ ਇੱਕ ਪਬਲਿਕ ਟਾਇਲਟ ਦੀ ਉਸਾਰੀ ਵੀ ਕੀਤੀ ਜਾਵੇਗੀ। ਇਸ ਕੰਮ ’ਤੇ ਤਕਰੀਬਨ 14 ਲੱਖ ਰੁਪਏ ਦਾ ਖਰਚੇ ਜਾਣਗੇ।
ਅਕਾਲੀ ਆਗੂ ਹਰਮੇਸ਼ ਸਿੰਘ ਕੁੰਭੜਾ ਨੇ ਦੱਸਿਆ ਕਿ ਇਸ ਪਾਰਕ ਨੂੰ ਸੈਰਗਾਹ ਬਣਾਇਆ ਗਿਆ। ਪਾਰਕ ਵਿੱਚ ਬੱਚਿਆਂ ਦੇ ਖੇਡਣ ਲਈ ਵਧੀਆਂ ਝੁੱਲੇ, ਸੈਰ ਕਰਨ ਲਈ ਵਧੀਆਂ ਟਰੈਕ, ਬਜ਼ੁਰਗਾਂ ਦੇ ਬੈਠਣ ਲਈ ਵਧੀਆਂ ਬੈਂਚ ਲਗਾਏ ਜਾਣਗੇ ਅਤੇ ਗਰੀਨ ਗਰਾਸ ਸਮੇਤ ਪਾਰਕ ਵਿੱਚ ਲਾਈਟਾਂ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਸਹਿਯੋਗ ਨਾਲ ਕੁੰਭੜਾ ਦੀ ਵਿਕਾਸ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਹੈ। ਪਿੰਡ ਦੀ ਫਿਰਨੀ ਅਤੇ ਗਲੀਆਂ ਵਿੱਚ ਐਲਈਡੀ ਲਾਈਟਾਂ ਲਗਾਉਣ ਸਮੇਂ ਇੰਟਰਲਾਕ ਟਾਈਲਾਂ ਦੀਆਂ ਸੜਕਾਂ ਅਤੇ ਫਿਰਨੀ ਪੱਕੀ ਦੀ ਚਿਰਕੌਨੀ ਮੰਗ ਪੂਰੀ ਕੀਤੀ ਗਈ ਹੈ। ਵਾਟਰ ਸਪਲਾਈ ਅਤੇ ਸੀਵਰੇਜ ਲਾਈਨ ਪਾਈ ਗਈ ਹੈ ਅਤੇ ਹਰੇਕ ਘਰ ਨੂੰ ਸ਼ੁੱਧ ਪਾਣੀ ਦੀ ਸਪਲਾਈ ਲਾਈਨ ਨਾਲ ਜੋੜਿਆ ਗਿਆ ਹੈ।