ਭਗਵੰਤ ਮਾਨ ਵੱਲੋਂ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਵਿੱਚ ਆਈਪੀਡੀ ਸੇਵਾਵਾਂ ਦੀ ਸ਼ੁਰੂਆਤ

ਪੇਂਡੂ ਖੇਤਰ ਵਿੱਚ ਕੈਂਸਰ ਪੀੜਤ ਮਰੀਜ਼ਾਂ ਦੀ ਮੁੱਢਲੀ ਸਟੇਜ ’ਤੇ ਪਛਾਣ ਤੇ ਜਾਂਚ ਲਈ ਮੋਬਾਈਲ ਵੈਨਾਂ ਚਲਾਏਗੀ ਸਰਕਾਰ

‘ਹੈਲਥ ਚੈਕ ਆਨ ਵੀਲ੍ਹਜ਼’ ਸਕੀਮ ਸਿਹਤਮੰਦ ਤੇ ਤਰੱਕੀਯਾਫ਼ਤਾ ਪੰਜਾਬ ਲਈ ਮਦਦਗਾਰ ਸਾਬਤ ਹੋਵੇਗੀ: ਭਗਵੰਤ ਮਾਨ

ਪੰਜਾਬ ਵੱਲੋਂ ਕੈਂਸਰ ਦੇ ਪ੍ਰਭਾਵਸ਼ਾਲੀ ਇਲਾਜ ਤੇ ਜਾਗਰੂਕਤਾ ਲਈ ਟੀਐਮਸੀ ਨਾਲ ਤਿੰਨ ਸਮਝੌਤੇ ਸਹੀਬੱਧ

ਨਬਜ਼-ਏ-ਪੰਜਾਬ, ਮੁਹਾਲੀ, 6 ਜੁਲਾਈ:
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨਿਊ ਚੰਡੀਗੜ੍ਹ ਵਿੱਚ ਸਥਿਤ ਹੋਮੀ ਭਾਬਾ ਮੈਮੋਰੀਅਲ ਕੈਂਸਰ ਹਸਪਤਾਲ ਵਿੱਚ ਆਈਪੀਡੀ ਸੇਵਾਵਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਚੌਥੀ ਮੰਜ਼ਲ ’ਤੇ ਦਾਖ਼ਲ ਮਰੀਜ਼ਾਂ ਨਾਲ ਵੀ ਗੱਲ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਲਦ ਹੀ ਸੂਬੇ ਦੇ ਪਿੰਡਾਂ ਵਿੱਚ ਕੈਂਸਰ ਪੀੜਤ ਮਰੀਜ਼ਾਂ ਦੀ ਬਿਮਾਰੀ ਦੀ ਮੁੱਢਲੀ ਸਟੇਜ ’ਤੇ ਹੀ ਪਛਾਣ ਕਰਨ ਲਈ ਮੋਬਾਈਲ ਵੈਨਾਂ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਕੈਂਸਰ ਦੀ ਨਾਮੁਰਾਦ ਤੇ ਘਾਤਕ ਬਿਮਾਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਕੈਂਸਰ ਪੀੜਤਾਂ ਦਾ ਛੇਤੀ ਪਤਾ ਲਗਾ ਕੇ ਕੀਮਤੀ ਜਾਨਾਂ ਬਚਾਈਆਂ ਜਾਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਲੋਕ ਇਸ ਖ਼ਤਰਨਾਕ ਬਿਮਾਰੀ ਦੀ ਜਾਂਚ ਕਰਵਾਉਣ ਵਿੱਚ ਥੋੜੀ ਝਿਜਕ ਤੇ ਡਰ ਮਹਿਸੂਸ ਕਰਦੇ ਹਨ ਪਰ ਸੂਬਾ ਸਰਕਾਰ ਕੈਂਸਰ ਜਾਂਚ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਪੰਜਾਬ ਵਿੱਚ ਹੈਪੇਟਾਈਟਸ-ਸੀ ਦੇ ਮਰੀਜ਼ਾਂ ਦੀ ਵਧ ਰਹੀ ਗਿਣਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਾਗਰੂਕਤਾ ਵੈਨਾਂ ਮਰੀਜ਼ਾਂ ਦੀ ਜਾਂਚ ਅਤੇ ਇਲਾਜ ਨੂੰ ਯਕੀਨੀ ਬਣਾਉਣ ਵਿੱਚ ਸਹਾਈ ਹੋਣਗੀਆਂ। ਉਨ੍ਹਾਂ ਕਿਹਾ ਕਿ ਇਹ ‘ਹੈਲਥ ਚੈਕ ਆਨ ਵੀਲ੍ਹਜ਼’ ਸਕੀਮ ਇੱਕ ਸਿਹਤਮੰਦ ਅਤੇ ਪ੍ਰਗਤੀਸ਼ੀਲ ਪੰਜਾਬ ਦੀ ਸਿਰਜਣਾ ਵਿੱਚ ਸਹਾਈ ਸਿੱਧ ਹੋਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਕੈਂਸਰ ਐਕਸਪ੍ਰੈੱਸ ਇਲਾਜ ਲਈ ਰੇਲ ਗੱਡੀ ਰਾਹੀਂ ਮਰੀਜ਼ ਦੂਜੇ ਰਾਜਾਂ ਨੂੰ ਜਾਂਦੇ ਸਨ ਪਰ ਹੁਣ ਕੈਂਸਰ ਇਲਾਜ ਕੇਂਦਰਾਂ ਵਿੱਚ ਵੱਡੇ ਬੁਨਿਆਦੀ ਢਾਂਚੇ ਦੀ ਆਮਦ ਦੇ ਨਾਲ ਇਹ ਰੁਝਾਨ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਿਆਰੀ ਡਾਕਟਰੀ ਇਲਾਜ ਯਕੀਨੀ ਬਣਾਉਣ ਦੇ ਉਦੇਸ਼ ਨਾਲ ਸੂਬੇ ਵਿੱਚ ਅਜਿਹੀਆਂ ਹੋਰ ਅਤਿ-ਆਧੁਨਿਕ ਮੈਡੀਕਲ ਸੁਵਿਧਾਵਾਂ ਲਿਆਂਦੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਸੂਬੇ ਵਿੱਚ ਲੋਕਾਂ ਨੂੰ ਮਿਆਰੀ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੰਜਾਬ ਭਰ ਵਿੱਚ 16 ਨਵੇਂ ਮੈਡੀਕਲ ਕਾਲਜ ਸਥਾਪਿਤ ਕਰਨ ਜਾ ਰਹੀ ਹੈ।
ਮਾਨਵਤਾ ਦੀ ਮਿਸਾਲੀ ਸੇਵਾ ਲਈ ਟਾਟਾ ਗਰੁੱਪ ਦੀ ਸ਼ਲਾਘਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਟਾਟਾ ਸਮਰਪਣ ਦਾ ਪ੍ਰਤੀਕ ਹੈ ਅਤੇ ਇਸੇ ਗੁਣ ਕਰਕੇ ਇਹ ਵਿਸ਼ਵ ਭਰ ਵਿੱਚ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਅਤੇ ਨਿਊ ਚੰਡੀਗੜ੍ਹ ਵਿੱਚ ਟਾਟਾ ਮੈਮੋਰੀਅਲ ਹਸਪਤਾਲ ਮਰੀਜ਼ਾਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ, ਜੋ ਸੂਬੇ ਲਈ ਵਰਦਾਨ ਹੈ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਡਾ. ਆਰਏ ਬੜਵੇ ਦੇਸ਼ ਵਿੱਚ ਬਿਹਤਰ ਤੇ ਮਿਆਰੀ ਸਿਹਤ ਸੇਵਾਵਾਂ ਅਤੇ ਮਰੀਜ਼ਾਂ ਦਾ ਇਲਾਜ ਕਰਨ ਵਿੱਚ ਵਿਸ਼ੇਸ਼ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਸੂਬੇ ’ਚੋਂ ਕੈਂਸਰ ਨੂੰ ਜੜ੍ਹੋਂ ਖ਼ਤਮ ਕਰਨ ਦੀ ਵਚਨਬੱਧਤਾ ਤਹਿਤ 52 ਏਕੜ ਜ਼ਮੀਨ ਹਸਪਤਾਲ ਨੂੰ ਮੁਫ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਸਪਤਾਲ ਦੀ ਸਾਂਭ-ਸੰਭਾਲ ਲਈ ਗਰਾਂਟ ਵਿੱਚ ਸਾਲਾਨਾ 2 ਕਰੋੜ ਦਾ ਯੋਗਦਾਨ ਪਾਉਂਦੀ ਹੈ। ਅੱਜ ਇਹ ਇਤਿਹਾਸਕ ਦਿਨ ਹੈ ਕਿਉਂਕਿ ਸਰਕਾਰ ਵੱਲੋਂ ਟਾਟਾ ਮੈਮੋਰੀਅਲ ਕੇਂਦਰ ਨਾਲ ਤਿੰਨ ਸਮਝੌਤਿਆਂ ’ਤੇ ਹਸਤਾਖ਼ਰ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਰੇਡੀਓਲੋਜੀ, ਲੈਬ ਟੈਕਨਾਲੋਜੀ, ਓਟੀ ਅਤੇ ਹੋਰ ਵੱਖ-ਵੱਖ ਕੋਰਸਾਂ ਦੇ ਖੇਤਰ ਵਿੱਚ ਥੋੜ੍ਹੇ ਸਮੇਂ ਦੀ ਪ੍ਰੈਕਟੀਕਲ ਟਰੇਨਿੰਗ ਲਈ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਨਾਲ ਇੱਕ ਹੋਰ ਸਮਝੌਤਾ ਸਹੀਬੰਦ ਕੀਤਾ ਹੈ। ਇਹ ਕੈਂਸਰ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਹੁਨਰਮੰਦ ਸਟਾਫ਼ ਦਾ ਸਮੂਹ ਬਣਾਉਣ ਵਿੱਚ ਮਦਦ ਕਰੇਗਾ।

ਇਸ ਤੋਂ ਪਹਿਲਾਂ ਟੀਐਮਸੀ ਮੁੰਬਈ ਦੇ ਡਾਇਰੈਕਟਰ ਡਾ. ਆਰ.ਏ. ਬੜਵੇ ਨੇ ਕੈਂਸਰ ਦੇ ਮਿਆਰੀ ਇਲਾਜ ਲਈ ਦੇਸ਼ ਭਰ ਵਿੱਚ ਕੈਂਸਰ ਦੇ ਇਲਾਜ ਦੀਆਂ ਸਾਰੀਆਂ ਸੰਸਥਾਵਾਂ ਵਿੱਚ ਇੱਕੋ ਜਿਹੀਆਂ ਸੇਵਾਵਾਂ ਦੇਣ ’ਤੇ ਜ਼ੋਰ ਦਿੱਤਾ। ਹੋਮੀ ਭਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਦੇ ਡਾਇਰੈਕਟਰ ਡਾ. ਅਸ਼ੀਸ਼ ਗੁਲੀਆ ਨੇ ਪੰਜਾਬ ਵਿੱਚ ਟੀਐਮਸੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਰੇਡੀਓਲੋਜੀ ਵਿਭਾਗ ਦੇ ਮੁਖੀ ਡਾ. ਰਾਹਤ ਬਰਾੜ ਨੇ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕੀਤਾ। ਮੁੱਖ ਮੰਤਰੀ ਨੇ ਟਾਟਾ ਮੈਮੋਰੀਅਲ ਬਾਰੇ ਇੱਕ ਕਿਤਾਬ ਵੀ ਜਾਰੀ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਹਰਜੋਤ ਬੈਂਸ ਤੇ ਅਨਮੋਲ ਗਗਨ ਮਾਨ, ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ.ਵੇਨੂ. ਪ੍ਰਸਾਦ, ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਅਤੇ ਐੱਸਐੱਸਪੀ ਸੰਦੀਪ ਗਰਗ ਤੇ ਹੋਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਮਰ ਸ਼ਹੀਦ ਜਥੇਦਾਰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 28 ਜਨਵਰੀ: …