Nabaz-e-punjab.com

ਬੁੜੈਲ ਜੇਲ੍ਹ ਵਿੱਚ ਸਥਾਪਿਤ ਐਨਆਈਏ ਦੇ ਨਵੇਂ ਜ਼ੋਨਲ ਦਫ਼ਤਰ ਦਾ ਉਦਘਾਟਨ

ਡੀਜੀਪੀ ਪੰਜਾਬ ਦਿਨਕਰ ਗੁਪਤਾ, ਏਡੀਜੀਪੀ ਹਰਪ੍ਰੀਤ ਸਿੱਧੂ ਤੇ ਹੋਰਨਾਂ ਰਾਜਾਂ ਦੇ ਅਧਿਕਾਰੀਆਂ ਨੇ ਕੀਤੀ ਸ਼ਿਰਕਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਦਸੰਬਰ:
ਨੈਸ਼ਨਲ ਜਾਂਚ ਏਜੰਸੀ (ਐਨਆਈਏ) ਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਯੂਟੀ ਆਦਿ ਚਾਰ ਰਾਜਾਂ ਦੇ ਨਵੇਂ ਜ਼ੋਨਲ ਦਫ਼ਤਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸੁਰੱਖਿਆ ਪ੍ਰਬੰਧਾਂ ਦੇ ਚੱਲਦਿਆਂ ਇਹ ਦਫ਼ਤਰ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਸਥਿਤ ਬੁੜੈਲ ਜੇਲ੍ਹ ਦੇ ਅੰਦਰ ਕਮਿਊਨਿਟੀ ਸੈਂਟਰ ਵਾਲੀ ਇਮਾਰਤ ਵਿੱਚ ਸਥਾਪਿਤ ਕੀਤਾ ਗਿਆ ਹੈ। ਜਿਸ ਦਾ ਰਸਮੀ ਉਦਘਾਟਨ ਅੱਜ ਐਨਆਈਏ ਦੇ ਡੀਜੀਪੀ ਯੋਗੇਸ਼ ਚੰਦਰ ਮੋਦੀ ਨੇ ਕੀਤਾ। ਇਸ ਮੌਕੇ ਮੁਹਾਲੀ ਸਥਿਤ ਐਨਆਈਏ ਦੇ ਵਿਸ਼ੇਸ਼ ਜੱਜ ਕਰੁਨੇਸ਼ ਕੁਮਾਰ, ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ, ਐਸਟੀਐਫ਼ ਦੇ ਮੁਖੀ ਤੇ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ, ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ, ਐਨਆਈਏ ਦੇ ਆਈਜੀ ਅਸ਼ੋਕ ਮਿੱਤਲ, ਨਵੇਂ ਜ਼ੋਨਲ ਦਫ਼ਤਰ ਦੀ ਇੰਚਾਰਜ ਐਸਪੀ ਜ਼ਿਆ ਰੌਆਏ, ਐਨਆਈਏ ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ, ਡੀਐਸਪੀ ਜੈ ਰਾਜ ਬਾਜੀਆ, ਧਰਮਿੰਦਰ ਅਤੇ ਨਾਇਬ ਕੋਰਟ ਰਘਬੀਰ ਸਿੰਘ ਸਮੇਤ ਹੋਰਨਾਂ ਸੂਬਿਆਂ ਦੇ ਉੱਚ ਪੁਲੀਸ ਅਧਿਕਾਰੀ ਹਾਜ਼ਰ ਸਨ। ਇਸ ਤੋਂ ਇਲਾਵਾ ਬੀਐਸਐਫ਼, ਇੰਡੀਅਨ ਆਰਮੀ ਦੇ ਅਧਿਕਾਰੀ ਵੀ ਹਾਜ਼ਰ ਸਨ।
ਉਦਘਾਟਨੀ ਸਮਾਰੋਹ ਉਪਰੰਤ ਐਨਆਈਏ ਦੇ ਡੀਜੀਪੀ ਯੋਗੇਸ਼ ਚੰਦਰ ਮੋਦੀ ਨੇ ਵੱਖ-ਵੱਖ ਸੂਬਿਆਂ ਦੇ ਪੁਲੀਸ ਅਧਿਕਾਰੀਆਂ ਅਤੇ ਐਨਆਈਏ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਉਨ੍ਹਾਂ ਨੇ ਅਪਰਾਧਿਕ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਲਈ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦੀ ਸੁਣਵਾਈ ਦੌਰਾਨ ਯੋਗ ਪੈਰਵੀ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਐਨਆਈਏ ਅਤੇ ਪੰਜਾਬ ਸਣੇ ਦੂਜੇ ਰਾਜਾਂ ਦੇ ਪੁਲੀਸ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਉਹ ਆਪਸੀ ਤਾਲਮੇਲ ਨੂੰ ਯਕੀਨੀ ਬਣਾਉਣ।
ਐਨਆਈਏ ਦੇ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਅਪਰਾਧਿਕ ਮਾਮਲਿਆਂ ਸਬੰਧੀ ਐਨਆਈਏ ਦੇ ਮੁੱਖ ਦਫ਼ਤਰ ਨਵੀਂ ਦਿੱਲੀ ਜਾਂ ਜੰਮੂ ਸਥਿਤ ਜ਼ੋਨਲ ਦਫ਼ਤਰ ਨਾਲ ਰਾਬਤਾ ਕਾਇਮ ਕਰਨਾ ਪੈਂਦਾ ਸੀ ਅਤੇ ਵੱਖ-ਵੱਖ ਕੇਸਾਂ ਵਿੱਚ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰਨ ਲਈ ਵੀ ਨਵੀਂ ਦਿੱਲੀ ਦਫ਼ਤਰ ਵਿੱਚ ਲੈ ਕੇ ਜਾਣਾ ਪੈਂਦਾ ਸੀ। ਇਸ ਤਰ੍ਹਾਂ ਲੰਮੇ ਸਫ਼ਰ ਦੌਰਾਨ ਹਰ ਵੇਲੇ ਅਣਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਸੀ। ਲੇਕਿਨ ਹੁਣ ਸੈਕਟਰ51 ਵਿੱਚ ਐਨਆਈਏ ਦਾ ਦਫ਼ਤਰ ਖੁੱਲ੍ਹਣ ਨਾਲ ਜਾਂਚ ਟੀਮਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਮੁਲਜ਼ਮਾਂ ਨੂੰ ਲੈ ਕੇ ਵੀ ਕੋਈ ਰਿਸਕ ਨਹੀਂ ਲੈਣਾ ਪਵੇਗਾ।
ਮੌਜੂਦਾ ਸਮੇਂ ਵਿੱਚ ਐਨਆਈਏ ਦੇ ਨਵੀਂ ਦਿੱਲੀ ਵਿੱਚ ਮੁੱਖ ਦਫ਼ਤਰ ਸਮੇਤ ਜੰਮੂ, ਰਾਏਪੁਰ (ਛੱਤੀਸਗੜ੍ਹ), ਕਲਕੱਤਾ (ਵੈਸਟ ਬੰਗਲੌਰ), ਮੁੰਬਈ (ਮਹਾਰਾਸ਼ਟਰ), ਕੋਚੀ (ਕੇਰਲਾ), ਗੁਹਾਟੀ (ਆਸਾਮ), ਲਖਨਊ (ਯੂਪੀ) ਅਤੇ ਹੈਦਰਾਬਾਦ ਆਦਿ ਥਾਵਾਂ ’ਤੇ ਦਫ਼ਤਰ ਸਥਾਪਿਤ ਹਨ ਅਤੇ ਹੁਣ ਚਾਰ ਸੂਬਿਆਂ ਦਾ ਸਾਂਝਾ ਜ਼ੋਨਲ ਦਫ਼ਤਰ ਬੁੜੈਲ ਜੇਲ੍ਹ ਵਿੱਚ ਸਥਾਪਿਤ ਕੀਤਾ ਗਿਆ ਹੈ। ਇਸ ਨਵੇਂ ਦਫ਼ਤਰ ਵਿੱਚ 40 ਮੁਲਾਜ਼ਮਾਂ ਦੇ ਦਫ਼ਤਰੀ ਸਟਾਫ਼ ਦੀ ਵਿਵਸਥਾ ਕੀਤੀ ਗਈ ਹੈ। ਜਿਨ੍ਹਾਂ ਵਿੱਚ ਮਹਿਲਾ ਐਸਪੀ ਜ਼ਿਆ ਰੌਆਏ ਸਮੇਤ ਡੀਐਸਪੀ ਜੈ ਰਾਜ ਬਾਜੀਆ ਅਤੇ ਧਰਮਿੰਦਰ ਸਮੇਤ ਕਈ ਇੰਸਪੈਕਟਰ, ਸਬ ਇੰਸਪੈਕਟਰ, ਹੌਲਦਾਰ ਤੇ ਸਿਪਾਹੀ ਸ਼ਾਮਲ ਹਨ। ਜਾਣਕਾਰੀ ਅਨੁਸਾਰ 31 ਦਸੰਬਰ 2008 ਵਿੱਚ ਐਨਆਈਏ ਐਕਟ ਅਨੁਸਾਰ ਅਤਿਵਾਦੀ ਗਤੀਵਿਧੀਆਂ ਅੰਤਰਰਾਸ਼ਟਰੀ ਅਤੇ ਅੰਤਰਰਾਸ਼ਤਟਰੀ ਮਹੱਤਵ ਪੂਰਨ ਅਪਰਾਧਾਂ ਦੀ ਜਾਂਚ ਲਈ ਸਿਰਜਿਆ ਗਿਆ ਸੀ ਅਤੇ ਕੌਮੀ ਜਾਂਚ ਏਜੰਸੀ ਨੇ 19 ਜਨਵਰੀ 2009 ਤੋਂ ਕੰਮ ਕਰਨਾ ਸ਼ੁਰੂ ਕੀਤਾ ਗਿਆ ਸੀ।
ਇਸ ਸਮੇਂ ਐਨਆਈਏ ਕਰੀਬ 300 ਕੇਸਾਂ ਦੀ ਜਾਂਚ ਕਰ ਰਹੀ ਹੈ। ਜੋ ਵੱਖ ਵੱਖ ਅਦਾਲਤਾਂ ਵਿੱਚ ਵਿਚਾਰ ਅਧੀਨ ਹਨ। ਇਨ੍ਹਾਂ ’ਚੋਂ ਐਨਆਈਏ ਦੀ ਮੁਹਾਲੀ ਅਦਾਲਤ ਵਿੱਚ ਪਠਾਨਕੋਟ ਏਅਰਬੇਸ ਅਤਿਵਾਦੀ ਹਮਲਾ, ਆਰਐਸਐਸ ਦੇ ਮੀਤ ਪ੍ਰਧਾਨ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਕਤਲ, ਪਾਕ ਡਰੋਨ, ਸਰਹੱਦੋਂ ਪਾਰ ਤੋਂ ਬਹੁ ਕਰੋੜੀ ਹੈਰੋਇਨ ਤਸਕਰੀ, ਹਿੰਦੂ ਆਗੂਆਂ ਦੇ ਕਤਲ, ਜਲੰਧਰ ਦੇ ਮਕਸੂਦਾਂ ਥਾਣੇ ’ਤੇ ਗਰਨੇਡ ਹਮਲਾ, ਤਰਨ ਤਾਰਨ ਦੇ ਪਿੰਡ ਪੰਡੋਰੀ ਕਲਾਂ ਬੰਬ ਧਮਾਕਾ ਅਤੇ ਜਾਨਲੇਵਾ ਹਮਲਿਆਂ ਸਮੇਤ ਬੱਬਰ ਖਾਲਸਾ ਦੇ ਖਾੜਕੂ ਗਤੀਵਿਧੀਆਂ ਦੇ ਕੇਸ ਚੱਲ ਰਹੇ ਹਨ। ਜਿਨ੍ਹਾਂ ਦੀ ਪੈਰਵੀ ਐਨਆਈਏ ਦੇ ਸੀਨੀਅਰ ਵਕੀਲ ਸੁਰਿੰਦਰ ਸਿੰਘ ਅਤੇ ਸ੍ਰੀ ਓਬਰਾਏ ਕਰ ਰਹੇ ਹਨ। ਪੰਚਕੂਲਾ ਅਦਾਲਤ ਵਿੱਚ 1 ਕਰੋੜ 20 ਲੱਖ ਦੀ ਜਾਅਲੀ ਕਰੰਸੀ ਅਤੇ ਜਹਾਜ ਨੂੰ ਹਾਈਜੈੱਕ ਕਰਨ ਦਾ ਕੇਸ ਚੱਲ ਰਿਹਾ ਹੈ। ਹਾਲਾਂਕਿ ਚੰਡੀਗੜ੍ਹ ਵਿੱਚ ਵੀ ਐਨਆਈਏ ਦੀ ਵਿਸ਼ੇਸ਼ ਅਦਾਲਤ ਹੈ ਪਰ ਫਿਲਹਾਲ ਇੱਥੇ ਐਨਆਈਏ ਦਾ ਕੋਈ ਕੇਸ ਨਹੀਂ ਚੱਲ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…