ਮੀਤ ਹੇਅਰ ਵੱਲੋਂ ਕ੍ਰਿਕਟ ਖੇਡ ਕੇ ਆਲ ਇੰਡੀਆ ਸਿਵਲ ਸਰਵਿਸਜ਼ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ

ਸੂਬਿਆਂ, ਕੇਂਦਰ ਸਾਸ਼ਿਤ ਪ੍ਰਦੇਸ਼ਾਂ ਅਤੇ ਖੇਤਰੀ ਖੇਡ ਬੋਰਡਾਂ ਦੀਆਂ 39 ਟੀਮਾਂ ਲੈ ਰਹੀਆਂ ਹਨ ਹਿੱਸਾ

ਖੇਡ ਖੇਤਰ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ, ਖੇਡਾਂ ਦੇ ਬਜਟ ਵਿੱਚ ਕੀਤਾ 55 ਫੀਸਦੀ ਵਾਧਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕ੍ਰਿਕਟ ਖੇਡ ਕੇ ਆਲ ਇੰਡੀਆ ਸਿਵਲ ਸਰਵਿਸਜ਼ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕੀਤਾ ਗਿਆ। ਖੇਡ ਵਿਭਾਗ ਵੱਲੋਂ 12 ਤੋਂ 19 ਮਾਰਚ ਤੱਕ ਕਰਵਾਏ ਜਾ ਰਹੇ ਇਸ ਕ੍ਰਿਕਟ ਟੂਰਨਾਮੈਂਟ ਵਿੱਚ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ, ਕੇਂਦਰ ਸਾਸ਼ਿਤ ਪ੍ਰਦੇਸ਼ਾਂ ਅਤੇ ਖੇਤਰੀ ਖੇਡ ਬੋਰਡਾਂ ਦੀਆਂ 39 ਟੀਮਾਂ ਹਿੱਸਾ ਲੈ ਰਹੀਆਂ ਹਨ। ਇਹ ਖਿਡਾਰੀ ਆਪੋ-ਆਪਣੇ ਸੂਬਿਆਂ ਅਤੇ ਕੇਂਦਰੀ ਸਰਕਾਰੀ ਵਿਭਾਗਾਂ ਦੇ ਕਰਮਚਾਰੀ ਹਨ।
ਸੈਕਟਰ 78 ਸਥਿਤ ਖੇਡ ਸਟੇਡੀਅਮ ਵਿਖੇ ਉਦਘਾਟਨੀ ਸਮਾਰੋਹ ਦੌਰਾਨ ਮੀਤ ਹੇਅਰ ਨੇ ਬੱਲੇ ਨਾਲ ਸ਼ਾਟ ਲਗਾ ਕੇ ਟੂਰਨਾਮੈਂਟ ਦਾ ਰਸਮੀ ਉਦਘਾਟਨ ਕੀਤਾ। ਉਨ੍ਹਾਂ ਸਾਰੀਆਂ ਟੀਮਾਂ ਦੇ ਕਪਤਾਨਾਂ ਨਾਲ ਜਾਣ-ਪਛਾਣ ਵੀ ਕੀਤੀ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਉਨ੍ਹਾਂ ਸਾਰੀਆਂ ਟੀਮਾਂ ਦੇ ਖਿਡਾਰੀਆਂ ਦਾ ਸਵਾਗਤ ਕਰਦਿਆਂ ਬਿਹਤਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਆਪਣੇ ਬਚਪਨ ਤੋਂ ਕ੍ਰਿਕਟ ਖੇਡ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਅੱਜ ਵੀ ਸਮਾਂ ਮਿਲਣ ਉਤੇ ਕ੍ਰਿਕਟ ਖੇਡਦੇ ਹਨ।
ਖੇਡਾਂ ਦੇ ਖੇਤਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਦੱਸਦਿਆਂ ਮੀਤ ਹੇਅਰ ਨੇ ਕਿਹਾ ਕਿ ਇਸ ਵਾਰ ਖੇਡ ਵਿਭਾਗ ਦਾ ਬਜਟ 258 ਕਰੋੜ ਰੱਖਿਆ ਗਿਆ ਜੋ ਕਿ ਪਿਛਲੇ ਸਾਲ ਨਾਲੋਂ 55 ਫੀਸਦੀ ਵੱਧ ਹੈ ਜਿਸ ਨਾਲ ਖੇਡਾਂ ਦੇ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ।
ਇਸ ਤੋਂ ਪਹਿਲਾਂ ਖੇਡ ਵਿਭਾਗ ਦੇ ਡਾਇਰੈਕਟਰ ਅਮਿਤ ਤਲਵਾੜ ਨੇ ਮੁੱਖ ਮਹਿਮਾਨ ਅਤੇ ਸਾਰੀਆਂ ਟੀਮਾਂ ਨੂੰ ਜੀ ਆਇਆ ਆਖਦਿਆਂ ਟੂਰਨਾਮੈਂਟ ਬਾਰੇ ਦੱਸਿਆ।
ਇਸ ਮੌਕੇ ਮੁਹਾਲੀ ਗੱਤਕਾ ਐਸੋਸੀਏਸ਼ਨ ਵੱਲੋਂ ਦਿਖਾਏ ਮਾਰਸ਼ਲ ਆਰਟ ਗੱਤਕਾ ਦੇ ਜੌਹਰ ਅਤੇ ਜੁਗਨੀ ਭੰਗੜਾ ਅਕੈਡਮੀ ਦੇ ਲੋਕ ਨਾਚ ਭੰਗੜਾ ਤੋਂ ਦੂਜੇ ਸੂਬਿਆਂ ਤੋਂ ਆਏ ਖਿਡਾਰੀ ਬਹੁਤ ਪ੍ਰਭਾਵਿਤ ਹੋਏ।
ਇਸ ਮੌਕੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਜ਼ਿਲਾ ਯੋਜਨਾ ਬੋਰਡ ਦੇ ਚੇਅਰਪਰਸਨ ਪ੍ਰਭਜੋਤ ਕੌਰ, ਏ.ਡੀ.ਸੀ. (ਜਨਰਲ) ਅਮਨਿੰਦਰ ਕੌਰ ਬਰਾੜ ਅਤੇ ਜ਼ਿਲਾ ਖੇਡ ਅਫਸਰ ਗੁਰਦੀਪ ਕੌਰ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…