
ਵਾਰਡ ਨੰਬਰ-29 ਤੋਂ ਉਮੀਦਵਾਰ ਬੀਬੀ ਕੁਲਦੀਪ ਧਨੋਆ ਦੇ ਚੋਣ ਦਫ਼ਤਰ ਦਾ ਉਦਘਾਟਨ
ਵਾਰਡ ਵਾਸੀਆਂ ਨੇ ਕਿਹਾ ਬੀਬੀ ਧਨੋਆ ਨੂੰ ਜਿਤਾਉਣਾ ਸਾਡਾ ਮੁੱਢਲਾ ਫਰਜ਼ ਤੇ ਜ਼ਿੰਮੇਵਾਰੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਫਰਵਰੀ:
ਰੈਜ਼ੀਡੈਂਟਸ ਵੈਲਫੇਅਰ ਸੁਸਾਇਟੀ (ਰਜਿ.) ਸੈਕਟਰ-69, ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਸੈਕਟਰ-69 ਅਤੇ ਵਾਰਡ ਨੰਬਰ-29 ਦੇ ਮੋਹਤਬਰ ਵਿਅਕਤੀਆਂ ਨੇ ਮਿਲ-ਜੁਲ ਕੇ ਇਸ ਵਾਰਡ ਤੋਂ ਨਗਰ ਨਿਗਮ ਦੀ ਚੋਣ ਲੜ ਰਹੀ ਬੀਬੀ ਕੁਲਦੀਪ ਕੌਰ ਧਨੋਆ ਦੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਦੇ ਹੱਕ ਵਿੱਚ ਡਟਣ ਦਾ ਅਹਿਦ ਲਿਆ। ਬੀਬੀ ਧਨੋਆ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਆਪਣੇ ਹੱਥਾਂ ਵਿੱਚ ਲੈਂਦਿਆਂ ਸਥਾਨਕ ਵਸਨੀਕਾਂ ਅਤੇ ਉਕਤ ਸੁਸਾਇਟੀਆਂ ਦੇ ਨੁਮਾਇੰਦਿਆਂ ਨੇ ਆਖਿਆ ਕਿ ਬੀਬੀ ਧਨੋਆ ਨੂੰ ਇਸ ਵਾਰਡ ਤੋਂ ਜਿਤਾਉਣਾ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਬੀਬੀ ਧਨੋਆ ਬਹੁਤ ਹੀ ਮਿਲਣਸਾਰ, ਸੂਝਵਾਨ ਅਤੇ ਪੜ੍ਹੇ-ਲਿਖੇ ਆਗੂ ਹਨ।
ਉਨ੍ਹਾਂ ਕਿਹਾ ਕਿ ਬੀਬੀ ਧਨੋਆ ਤੋਂ ਉਨ੍ਹਾਂ ਨੂੰ ਬਹੁਤ ਆਸਾਂ ਹਨ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਚੋਣ ਜਿੱਤ ਕੇ ਵਾਰਡ ਦੇ ਚੌਤਰਫ਼ਾ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਵਾਰਡ ਦੇ ਸਮੁੱਚੇ ਵਿਕਾਸ ਅਤੇ ਵਾਰਡ ਵਾਸੀਆਂ ਦੀ ਭਲਾਈ ਲਈ ਆਪਣਾ ਕੀਮਤੀ ਵੋਟ ਬੀਬੀ ਧਨੋਆ ਦੇ ਹੱਕ ਵਿੱਚ ਭੁਗਤਾਉਣ। ਇਸ ਦੇ ਨਾਲ ਹੀ ਬੀਬੀ ਧਨੋਆ ਨੇ ਭਾਰੀ ਗਿਣਤੀ ਵਿੱਚ ਅਪਣੇ ਸਮਰਥਕਾਂ ਨਾਲ ‘ਡੋਰ ਟੂ ਡੋਰ’ ਮੁਹਿੰਮ ਦੇ ਤੀਜੇ ਪੜਾਅ ਦਾ ਆਗਾਜ਼ ਕਰਦਿਆਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਦਾ ਸਾਥ ਮੰਗਿਆ। ਬੀਬੀ ਧਨੋਆ ਜਿਹੜੇ ਇਸੇ ਵਾਰਡ ਦੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਦੀ ਪਤਨੀ ਹਨ, ਨੇ ਕਿਹਾ ਕਿ ਉਨ੍ਹਾਂ ਦਾ ਇਕੋ-ਇਕ ਟੀਚਾ ਇਸ ਵਾਰਡ ਨੂੰ ਨਮੂਨੇ ਦਾ ਇਲਾਕਾ ਬਣਾਉਣਾ ਅਤੇ ਵਾਰਡ ਵਾਸੀਆਂ ਦੀ ਕਿਸੇ ਵੀ ਦੁੱਖ-ਤਕਲੀਫ਼ ਨੂੰ ਸੁਣ ਕੇ ਉਸ ਦਾ ਸਮੇਂ ਸਿਰ ਨਿਪਟਾਰਾ ਕਰਾਉਣਾ ਹੈ। ਉਨ੍ਹਾਂ ਕਿਹਾ ਕਿ ਕੋਈ ਇਕੱਲਾ ਵਿਅਕਤੀ ਆਪਣੇ ਦਮ ’ਤੇ ਇਹ ਕਾਰਜ ਨਹੀਂ ਕਰ ਸਕਦਾ ਹੈ, ਇਸ ਲਈ ਵਾਰਡ ਵਾਸੀਆਂ ਦੀ ਪੁਰਜ਼ੋਰ ਮਦਦ ਅਤੇ ਸਮਰਥਨ ਦੀ ਲੋੜ ਹੈ। ਉਨ੍ਹਾਂ ਅਪੀਲ ਕੀਤੀ ਕਿ ਵਾਰਡ ਵਾਸੀਆਂ ਦੇ ਮਿਲੇ-ਜੁਲੇ ਯਤਨਾਂ ਨਾਲ ਹੀ ਆਪਾਂ ਇਸ ਵਾਰਡ ਨੂੰ ਸ਼ਹਿਰ ’ਚੋਂ ਅੱਵਲ ਬਣਾ ਸਕਦੇ ਹਨ।