ਐਮਿਟੀ ਯੂਨੀਵਰਸਿਟੀ ਵਿੱਚ ਲੀਗਲ ਏਡ ਕਲੀਨਿਕ ਦਾ ਉਦਘਾਟਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਨਵੰਬਰ:
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ. ਨਗਰ (ਮੁਹਾਲੀ) ਵੱਲੋਂ ‘ਇੰਪਾਵਰਮੈਂਟ ਆਫ਼ ਸਿਟੀਜ਼ਨ ਥਰੂ ਲੀਗਲ ਅਵੇਅਰਨੈੱਸ ਐਂਡ ਆਊਟਰੀਚ ਪ੍ਰੋਗਰਾਮ’ ਅਨੁਸਾਰ ਮੁਹਾਲੀ ਦੇ ਜ਼ਿਲ੍ਹਾ ਤੇ ਸੈਸ਼ਨ-ਜੱਜ ਕਮ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਹਰਪਾਲ ਸਿੰਘ ਦੀ ਯੋਗ ਅਗਵਾਈ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਐਮਿਟੀ ਯੂਨੀਵਰਸਿਟੀ ਮੁਹਾਲੀ ਵਿਖੇ ਜ਼ਿਲ੍ਹਾ ਪੱਧਰੀ ਲੀਗਲ ਸਰਵਿਸਿਜ਼ ਕੈਂਪ ਲਾਇਆ ਗਿਆ। ਜਿਸ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲਈ ਸਟਾਲ ਲਗਾਏ ਗਏ। ਇਸ ਮੌਕੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਅਰੁਣ ਗੁਪਤਾ ਨੇ ਐਮਿਟੀ ਯੂਨੀਵਰਸਿਟੀ ਮੁਹਾਲੀ ਵਿਖੇ ਲੀਗਲ ਏਡ ਕਲੀਨਿਕ ਦਾ ਉਦਘਾਟਨ ਕੀਤਾ।
ਇਸ ਕੈਂਪ ਦਾ ਮੁੱਖ ਮੰਤਵ ਆਮ ਲੋਕਾਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਉਨ੍ਹਾਂ ਦੇ ਦਰਾਂ ’ਤੇ ਮੁਹੱਈਆ ਕਰਵਾਉਣਾ ਸੀ। ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫੂਡ ਸਪਲਾਈ ਵਿਭਾਗ, ਮਹਿਲਾ ਤੇ ਬਾਲ ਵਿਕਾਸ ਵਿਭਾਗ, ਕੋਆਪਰੇਟਿਵ ਬੈਂਕ, ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਰੁਜ਼ਗਾਰ ਵਿਭਾਗ, ਬੀਡੀਪੀਓ ਦਫ਼ਤਰ, ਪੰਜਾਬ ਨੈਸ਼ਨਲ ਬੈਂਕ ਅਤੇ ਮੁਹਾਲੀ ਨਗਰ ਨਿਗਮ ਆਦਿ ਵਿਭਾਗਾਂ ਵੱਲੋਂ ਆਪ ਆਪਣੇ ਸਟਾਲ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ। ਕੈਂਪ ਦੌਰਾਨ 129 ਦਰਖ਼ਾਸਤਾਂ ਪ੍ਰਾਪਤ ਹੋਈਆਂ। ਇਸ ਤੋਂ ਇਲਾਵਾ 1236 ਦਰਖ਼ਾਸਤਾਂ ਜੋ ਕਿ ਕੈਂਪ ਤੋਂ ਪਹਿਲਾਂ ਡੋਰ ਟੂ ਡੋਰ ਕੈਂਪੇਨ ਰਾਹੀਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਨੂੰ ਕੈਂਪ ਵਿੱਚ ਵਿਚਾਰਿਆ ਗਿਆ ਅਤੇ ਮੌਕੇ ’ਤੇ ਹੀ 53 ਦਰਖ਼ਾਸਤਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਲੰਬਿਤ ਦਰਖ਼ਾਸਤਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਅਰੁਣ ਗੁਪਤਾ ਨੇ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫ਼ਤ ਕਾਨੂੰਨੀ ਸਹਾਇਤਾ ਦੇ ਨਾਲ-ਨਾਲ ਵਿਕਮਟ ਕੰਪਨਸੇਸ਼ਨ ਸਕੀਮ ਅਧੀਨ ਪੀੜਤ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਬਣਦੀ ਸਹੂਲਤ ਦਿਵਾਉਣ ਵਿੱਚ ਸਹਾਇਤਾ ਕੀਤੀ ਜਾਵੇ।

ਚੀਫ਼ ਜੁਡੀਸ਼ਲ ਮੈਜਿਸਟ੍ਰੇਟ-ਕਮ-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਬਲਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਸਾਰੇ ਜ਼ਿਲ੍ਹੇ ਵਿੱਚ ਪਿੰਡ ਪੱਧਰ ’ਤੇ ਆਮ ਲੋਕਾਂ ਨੂੰ ਕਾਨੂੰਨੀ ਅਧਿਕਾਰਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਕਾਨੂੰਨ ਦੀ ਪੜਾਈ ਕਰ ਰਹੇ ਵਿਦਿਆਰਥੀ, ਆਸ਼ਾ ਵਰਕਰ, ਆਂਗਨਵਾੜੀ ਵਰਕਰ ਅਤੇ ਪੰਚਾਇਤ ਵਿਭਾਗ ਦੇ ਕਰਮਚਾਰੀ ਵੀ ਸਹਿਯੋਗ ਕਰ ਰਹੇ ਹਨ। ਇਸ ਮੌਕੇ ਐੱਸਐੱਸਪੀ ਵਿਵੇਕਸ਼ੀਲ ਸੋਨੀ, ਵਧੀਕ ਮੈਂਬਰ ਸਕੱਤਰ ਸ੍ਰੀਮਤੀ ਸਮਰਿਤੀ ਧੀਰ, ਏਡੀਸੀ ਅਮਨਿੰਦਰ ਕੌਰ ਬਰਾੜ, ਸਹਾਇਕ ਕਮਿਸ਼ਨਰ ਇੰਦਰਪਾਲ ਵੀ ਹਾਜ਼ਰ ਸਨ। ਅਖੀਰ ਵਿੱਚ ਐਮਿਟੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਆਰ.ਕੇ. ਕੋਹਲੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

Check Also

ਲੁੱਟਾਂ-ਖੋਹਾਂ ਦਾ ਮਾਮਲਾ: ਨਾਜਾਇਜ਼ ਅਸਲੇ ਸਣੇ ਗਰੋਹ ਦੇ ਮੁਖੀ ਸਣੇ ਚਾਰ ਮੈਂਬਰ ਗ੍ਰਿਫ਼ਤਾਰ

ਲੁੱਟਾਂ-ਖੋਹਾਂ ਦਾ ਮਾਮਲਾ: ਨਾਜਾਇਜ਼ ਅਸਲੇ ਸਣੇ ਗਰੋਹ ਦੇ ਮੁਖੀ ਸਣੇ ਚਾਰ ਮੈਂਬਰ ਗ੍ਰਿਫ਼ਤਾਰ ਮੁਲਜ਼ਮ ਯੂਪੀ ਤੋਂ …