Nabaz-e-punjab.com

ਮੁਹਾਲੀ ਹਵਾਈ ਅੱਡੇ ’ਤੇ ਏਅਰਪੋਰਟ ਥਾਣੇ ਦੀ ਨਵੀਂ ਇਮਾਰਤ ਦਾ ਉਦਘਾਟਨ

8 ਜਨਵਰੀ ਨੂੰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਮੁਹਾਲੀ ਤੋਂ ਸ਼ੁਰੂ ਹੋਵੇਗੀ ਨਵੀਂ ਉਡਾਣ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜਨਵਰੀ:
ਮੁਹਾਲੀ ਕੌਮਾਂਤਰੀ ਹਵਾਈ ਅੱਡੇ ’ਤੇ ਨਵੇਂ ਸਥਾਪਿਤ ਏਅਰਪੋਰਟ ਥਾਣੇ ਦੀ ਨਵੀਂ ਇਮਾਰਤ ਦਾ ਉਦਘਾਟਨ ਅੱਜ ਰੂਪਨਗਰ ਰੇਂਜ ਦੀ ਆਈਜੀ ਸ੍ਰੀਮਤੀ ਵੀ ਨੀਰਜਾ ਨੇ ਕੀਤਾ। ਇਸ ਤੋਂ ਪਹਿਲਾਂ 1 ਮਈ 2018 ਤੋਂ ਏਅਰਪੋਰਟ ਥਾਣੇ ਦਾ ਕੰਮ ਆਰਜ਼ੀ ਬਿਲਡਿੰਗ ਵਿੱਚ ਚਲ ਰਿਹਾ ਸੀ। ਉਨ੍ਹਾਂ ਕਿਹਾ ਕਿ ਥਾਣੇ ਦੀ ਨਵੀਂ ਇਮਾਰਤ ਵਿੱਚ ਲੋੜੀਂਦੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਨਾਲ ਪੁਲੀਸ ਦਾ ਕੰਮ ਬਿਹਤਰ ਢੰਗ ਨਾਲ ਚਲ ਸਕੇਗਾ। ਉਨ੍ਹਾਂ ਕਿਹਾ ਕਿ ਇੱਥੇ ਪੁਲੀਸ ਸਾਂਝ ਕੇਂਦਰ ਸਮੇਤ ਹੋਰ ਅਤਿ ਆਧੁਨਿਕ ਸਹੂਲਤ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਏਅਰਪੋਰਟ ਪੁਲੀਸ ਸਟੇਸ਼ਨ ਵਿੱਚ ਯਾਤਰੀਆਂ ਅਤੇ ਹੋਰਨਾਂ ਵਿਅਕਤੀਆਂ ਨੂੰ ਥਾਣੇ ਵਾਲੀ ਫੀਲਿੰਗ ਨਹੀਂ ਆਵੇਗੀ।
ਇਸ ਮੌਕੇ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਅਤੇ ਏਅਰਪੋਰਟ ਅਥਾਰਟੀ ਦੇ ਸੀਈਓ ਸੁਨੀਲ ਦੱਤ ਅਤੇ ਡੀਐਸਪੀ (ਸਿਟੀ-2) ਰਮਨਦੀਪ ਸਿੰਘ, ਏਅਰਪੋਰਟ ਥਾਣੇ ਦੇ ਐਸਐਚਓ ਹਰਸਿਮਰਨ ਸਿੰਘ ਬੱਲ ਸਮੇਤ ਸਾਰੀਆਂ ਏਅਰ ਲਾਈਨਜ ਦੇ ਹੈੱਡ, ਏਅਰਪੋਰਟ ਅਥਾਰਟੀ ਦੇ ਅਧਿਕਾਰੀ ਵੀ ਮੌਜੂਦ ਸਨ।
ਏਅਰਪੋਰਟ ਅਥਾਰਟੀ ਦੀ ਜਾਣਕਾਰੀ ਅਨੁਸਾਰ ਕੌਮਾਂਤਰੀ ਹਵਾਈ ਅੱਡੇ ਦੀ ਅਪਰੈਲ ਦੇ ਪਹਿਲੇ ਤੱਕ ਦਿੱਖ ਬਦਲ ਜਾਵੇਗੀ ਅਤੇ 8 ਜਨਵਰੀ ਤੋਂ ਮੁਹਾਲੀ ਏਅਰਪੋਰਟ ਤੋਂ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੱਕ ਨਵੀਂ ਉਡਾਣ ਸ਼ੁਰੂ ਹੋਵੇਗੀ। ਮਿਲੀ ਜਾਣਕਾਰੀ ਮੁਤਾਬਕ 30 ਮਾਰਚ ਤੋਂ ਬਾਅਦ ਰਣਵੇ ਦੀ ਲੰਬਾਈ ਤੇ ਇੰਸਟਰੂਮੈਂਟ ਲੈਂਡਿੰਗ ਸਿਸਟਮ ਕੈਟ 3 ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਇਸ ਮਗਰੋਂ ਕੌਮਾਂਤਰੀ ਹਵਾਈ ਅੱਡਾ 24 ਘੰਟੇ ਅਪਰੇਟ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਜਲਦੀ ਹੀ ਹੋਰਨਾਂ ਦੇਸ਼ਾਂ ਲਈ ਨਵੀਆਂ ਫਲਾਈਟਾਂ ਸ਼ੁਰੂ ਕੀਤੀਆਂ ਜਾਣਗੀਆਂ। ਏਅਰਲਾਈਨਜ਼ ਕੰਪਨੀਆਂ ਵੱਲੋਂ ਜੋ ਘਾਟੇ ਦੀ ਗੱਲ ਕੀਤੀ ਗਈ ਹੈ, ਉਸ ਦਾ ਮੁੱਖ ਕਾਰਨ ਕੈਟ 3 ਦਾ ਇੰਸਟਾਲ ਨਾ ਹੋਣਾ ਸੀ। ਕੰਪਨੀਆਂ ਭੰਬਲਭੂਸੇ ਵਿੱਚ ਸਨ ਕਿ ਕਿਤੇ ਧੁੰਦ ਅਤੇ ਕੋਹਰੇ ਦੇ ਸਮੇਂ ਫਲਾਈਟਾਂ ਨਾ ਅਪਰੇਟ ਹੋਈਆਂ ਤਾਂ ਕਾਫ਼ੀ ਘਾਟਾ ਪੈ ਸਕਦਾ ਹੈ।
ਆਉਣ ਵਾਲੇ ਸਮੇਂ ਵਿੱਚ ਕੌਮਾਂਤਰੀ ਹਵਾਈ ਅੱਡੇ ਤੋਂ ਸਿੱਧੀਆਂ ਘਰੇਲੂ ਉਡਾਣਾਂ ਵੀ ਸ਼ੁਰੂ ਹੋਣਗੀਆਂ। ਏਅਰਲਾਈਨਜ਼ ਕੰਪਨੀਆਂ ਵੱਲੋਂ 500 ਨਵੇਂ ਏਅਰਕਰਾਫਟ ਖਰੀਦੇ ਜਾ ਰਹੇ ਹਨ। ਜਿਨ੍ਹਾਂ ਨੂੰ ਦੇਸ਼ ਦੇ ਮੈਟਰੋ ਸਿਟੀ ਤੋਂ ਉਡਾਇਆ ਜਾਵੇਗਾ, ਚੰਡੀਗੜ੍ਹ ਵੀ ਇਸ ਵਿੱਚ ਸ਼ਾਮਲ ਹੈ। ਜਦੋਂ ਏਅਰਪੋਰਟ 24 ਘੰਟੇ ਅਪਰੇਟ ਹੋਣਾ ਸ਼ੁਰੂ ਹੋ ਗਿਆ ਤਾਂ ਵਿਦੇਸ਼ ਏਅਰਲਾਈਨਜ਼ ਕੰਪਨੀਆਂ ਨੂੰ ਵੀ ਇੱਥੋਂ ਏਅਰ ਸਰਵਿਸ ਸ਼ੁਰੂ ਕਰਨ ਲਈ ਪੱਤਰ ਲਿਖਿਆ ਜਾਵੇਗਾ। ਹਵਾਈ ਅੱਡੇ ’ਤੇ ਰਿਟੇਲ ਸ਼ਾਪ ਖੋਲੀ ਜਾ ਰਹੀ ਹੈ ਅਤੇ ਹੁਣ ਤੱਕ 15 ਦੁਕਾਨਾਂ ਖੁੱਲ੍ਹ ਚੁੱਕੀਆਂ ਹਨ ਅਤੇ 25 ਦੇ ਟੈਂਡਰ ਹੋ ਚੁੱਕੇ ਹਨ। ਈ ਲਾਬੀ ਸਹੂਲਤ ਸ਼ੁਰੂ ਕਰਨ ਬਾਰੇ ਵੀ ਕੰਮ ਜਾਰੀ ਹੈ। ਇਸ ਨਾਲ ਯਾਤਰੀਆਂ ਨੂੰ 2 ਕਿਓਸਕ ਨਾਲ ਕੰਪਲੀਟ ਬੈਕਿੰਗ ਸਾਲਿਊਸ਼ਨ ਮਿਲਣਗੇ। ਇਸ ਸਬੰਧੀ ਛੇਤੀ ਟੈਂਡਰ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…