ਸਰਕਾਰੀ ਪ੍ਰਾਇਮਰੀ ਸਕੂਲ ਲਖਨੌਰ ਦੇ ਨਵੇਂ ਕਮਰਿਆਂ ਦਾ ਉਦਘਾਟਨ, ਗਰਾਂਟ ਵੀ ਦਿੱਤੀ

ਦਲਿਤ ਭਾਈਚਾਰੇ ਦੀ ਧਰਮਸ਼ਾਲਾ ਦਾ ਵੀ ਕੀਤਾ ਉਦਘਾਟਨ, ਫਿਰਨੀ ਦਾ ਵੀ ਰੱਖਿਆ ਨੀਂਹ ਪੱਥਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ:
ਪੰਜਾਬ ਸਰਕਾਰ ਵੱਲੋਂ ਸਕੂਲੀ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਸੂਬਾ ਬਣ ਗਿਆ ਹੈ। ਸਕੂਲਾਂ ਵਿੱਚ ਜਿੱਥੇ ਹਜ਼ਾਰਾਂ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ, ਉੱਥੇ ਕਾਲਜਾਂ ਵਿੱਚ ਵੀ ਲਗਪਗ 25 ਸਾਲ ਮਗਰੋਂ ਅਸਿਸਟੈਂਟ ਪ੍ਰੋਫੈਸਰ ਨਿਯੁਕਤ ਕੀਤੇ ਗਏ ਹਨ। ਇਹ ਗੱਲ ਸਾਬਕਾ ਸਿਹਤ ਮੰਤਰੀ ਤੇ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਪਿੰਡ ਲਖਨੌਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਾਰਦੀਵਾਰੀ ਅਤੇ ਨਵੇਂ ਬਣਾਏ ਕਮਰਿਆਂ ਦਾ ਉਦਘਾਟਨ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਆਖੀ। ਇਸ ਮੌਕੇ ਸਿੱਧੂ ਨੇ ਦਲਿਤ ਭਾਈਚਾਰੇ ਦੀ ਧਰਮਸ਼ਾਲਾ ਦਾ ਉਦਘਾਟਨ ਕੀਤਾ ਅਤੇ 7 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪਿੰਡ ਦੀ ਫਿਰਨੀ ਦਾ ਨੀਂਹ ਪੱਥਰ ਰੱਖਿਆ।
ਇਸ ਮੌਕੇ ਸ੍ਰੀ ਸਿੱਧੂ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਸਿੱਖਿਆ ਖੇਤਰ ਦਾ ਭੱਠਾ ਬਿਠਾ ਕੇ ਰੱਖ ਦਿੱਤਾ ਸੀ, ਪ੍ਰੰਤੂ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਮੁੜ ਪੈਰਾਂ ਉੱਤੇ ਖੜ੍ਹਾ ਕੀਤਾ ਹੈ। ਉਨ੍ਹਾਂ ਲੋਕਾਂ ਨੂੰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਛਲਾਵਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ। ਵਿਧਾਇਕ ਸਿੱਧੂ ਨੇ ਲਖਨੌਰ ਦੇ ਵਿਕਾਸ ਲਈ ਗਰਾਂਟ ਦਾ ਚੈੱਕ ਦਿੰਦੇ ਹੋਏ ਦੱਸਿਆ ਕਿ ਪਿੰਡ ਦੇ ਵਿਕਾਸ ਲਈ ਹੁਣ ਤੱਕ 1 ਕਰੋੜ 13 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਜਾ ਚੁੱਕੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵਿਕਾਸ ਕੰਮਾਂ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੌਰਾਨ ਪਿੰਡ ਵਾਸੀਆਂ ਨੇ ਸਿੱਧੂ ਨੂੰ ਸਨਮਾਨਿਤ ਕੀਤਾ ਅਤੇ ਕਾਂਗਰਸ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਲੇਬਰਫੈੱਡ ਪੰਜਾਬ ਦੇ ਵਾਈਸ ਚੇਅਰਮੈਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਪਹਿਲਵਾਨ ਅਮਰਜੀਤ ਸਿੰਘ ਗਿੱਲ, ਨਰਿੰਦਰ ਸਿੰਘ ਪੰਜਾਬ ਡੇਅਰੀ, ਗੁਰਵਿੰਦਰ ਸਿੰਘ ਬੜੀ, ਬਲਾਕ ਸਮਿਤੀ ਦੇ ਵਾਈਸ ਚੇਅਰਚੈਨ ਮਨਜੀਤ ਸਿੰਘ ਤੰਗੋਰੀ, ਸਤਨਾਮ ਸਿੰਘ ਸਾਬਕਾ ਸਰਪੰਚ, ਨੰਬਰਦਾਰ ਜਸਵਿੰਦਰ ਸਿੰਘ ਗਿੱਲ, ਨੰਬਰਦਾਰ ਗੁਰਮੁੱਖ ਸਿੰਘ, ਚਮਨ ਲਾਲ, ਬਾਰਾ ਸਿੰਘ, ਜਰਨੈਲ ਸਿੰਘ, ਦਲਬਾਰਾ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…