
ਮੁਹਾਲੀ ਕੌਮਾਂਤਰੀ ਏਅਰਪੋਰਟ ’ਤੇ ਸਵੈ-ਸਹਾਇਤਾ ਸਮੂਹ ਦੇ ਆਊਟਲੈੱਟ ਦਾ ਉਦਘਾਟਨ
ਪੇਂਡੂ ਅੌਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਇਹ ਵਿਸ਼ੇਸ਼ ਉਪਰਾਲਾ ਕਾਰਗਰ ਸਾਬਤ ਹੋਵੇਗਾ: ਡੀਸੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਜੂਨ:
ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ਮੁਹਾਲੀ ’ਤੇ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ (ਪੀ.ਐਸ.ਆਰ.ਐਲ.ਐਮ.) ਅਧੀਨ ਪੇਂਡੂ ਅੌਰਤਾਂ ਵੱਲੋਂ ਆਪਣੇ ਹੱਥੀਂ ਤਿਆਰ ਕੀਤੀਆਂ ਵਸਤੂਆਂ ਵੇਚਣ ਲਈ ਸੇਵਾ ਭਲਾਈ ਸਵੈ-ਸਹਾਇਤਾ ਸਮੂਹ (ਪਿੰਡ ਗੀਗੇਮਾਜਰਾ) ਦੇ ਆਊਟਲੈੱਟ ਦਾ ਉਦਘਾਟਨ ਕੀਤਾ। ਏਅਰਪੋਰਟ ਅਥਾਰਟੀ ਦੇ ਮੁੱਖ ਅਧਿਕਾਰੀ ਸੀਈਓ ਰਾਕੇਸ਼ ਰੰਜਨ ਸਹਾਏ, ਸੀਏਐਸਓ ਪੀ.ਆਰ. ਮਿਸ਼ਰਾ, ਸੀਐਫ਼ਓ ਰਣਜੀਤ ਦਾਸ ਅਤੇ ਅਮਿਤ ਗਰਗ ਨੇ ਸਮੂਹ ਮੈਂਬਰਾਂ ਦਾ ਸਵਾਗਤ ਕਰਦਿਆਂ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਡੀਸੀ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਪੀ.ਐਸ.ਆਰ.ਐਲ.ਐਮ. ਸਕੀਮ ਪੇਂਡੂ ਗਰੀਬ ਅੌਰਤਾਂ ਨੂੰ ਰੁਜ਼ਗਾਰ ਦੇਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ। ਜਿਸ ਵਿੱਚ ਅੌਰਤਾਂ ਨੂੰ ਸਵੈ-ਸਹਾਇਤਾ ਸਮੂਹ ਵਿੱਚ ਸ਼ਾਮਲ ਕਰਕੇ ਆਰਥਿਕ ਅਤੇ ਸਮਾਜਿਕ ਪੱਖੋਂ ਮਜ਼ਬੂਤ ਕਰਨਾ ਹੈ। ਇਸ ਮੁਹਿੰਮ ਤਹਿਤ ਸੇਵਾ ਭਲਾਈ ਸਵੈ-ਸਹਾਇਤਾ ਸਮੂਹ ਦੇ ਮੈਂਬਰਾਂ ਵੱਲੋਂ ਆਪਣੇ ਹੱਥੀਂ ਤਿਆਰ ਫੁਲਕਾਰੀਆਂ ਅਤੇ ਸੂਟਾ ਦਾ ਸਮਾਨ ਏਅਰਪੋਰਟ ’ਤੇ ਸਟਾਲ ਲਗਾ ਕੇ ਵਾਜਬ ਰੇਟਾਂ ’ਤੇ ਵੇਚਿਆ ਜਾ ਸਕੇਗਾ।
ਏਅਰਪੋਰਟ ਅਥਾਰਟੀ ਦੇ ਸੀਈਓ ਰਾਕੇਸ਼ ਰੰਜਨ ਸਹਾਏ ਨੇ ਪੇਂਡੂ ਅੌਰਤਾਂ ਨੂੰ ਅਪੀਲ ਕੀਤੀ ਕਿ ਸਵੈ-ਸਹਾਇਤਾ ਸਮੂਹ ਵਿਸ਼ੇਸ਼ ਮੁਹਿੰਮ ਤਹਿਤ 15 ਦਿਨਾਂ ਸਟਾਲ ਲਗਾ ਕੇ ਆਪਣੇ ਸਮਾਨ ਦੀ ਵਿਕਰੀ ਕਰਕੇ ਆਰਥਿਕ ਅਤੇ ਸਮਾਜਿਕ ਪੱਧਰ ਉੱਚਾ ਚੁੱਕਣ ਲਈ ਸੁਨਹਿਰੀ ਮੌਕੇ ਦਾ ਲਾਭ ਉਠਾਉਣ। ਇਸ ਕੰਮ ਵਿੱਚ ਏਅਰਪੋਰਟ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀਆਂ ਵੱਲੋਂ ਨਿਯਮਾਂ ਅਨੁਸਾਰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਪੀ.ਐਸ.ਆਰ.ਐਲ.ਐਮ. ਸਕੀਮ ਦੇ ਅਧਿਕਾਰੀ ਸੁਮੀਤ ਧਵਨ ਅਤੇ ਸੰਦੀਪ ਕੁਮਾਰ ਨੇ ਏਅਰਪੋਰਟ ਅਥਾਰਟੀ ਨਾਲ ਮਿਲ ਕੇ ਇਸ ਵਿਲੱਖਣ ਕਾਰਜ ਨੂੰ ਨੇਪਰੇ ਚਾੜਿਆ ਹੈ।