ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੀਐਨਬੀ ਦੀ ਬਰਾਂਚ ਦਾ ਡੀਸੀ ਵੱਲੋਂ ਉਦਘਾਟਨ

ਬੈਂਕ ਅਧਿਕਾਰੀਆਂ ਤੇ ਲੋਕਾਂ ਨੂੰ ਦਿੱਤੀਆਂ ਵਧਾਈਆਂ, ਲੋਕਾਂ ਨੂੰ ਕੋਈ ਵੀ ਦਿੱਕਤ ਨਾ ਆਉਣ ਦੇਣ ਦਾ ਬੈਂਕ ਅਧਿਕਾਰੀਆਂ ਵੱਲੋਂ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਨਵੀਂ ਬਰਾਂਚ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਬੈਂਕ ਅਧਿਕਾਰੀਆਂ ਅਤੇ ਜ਼ਿਲ੍ਹੇ ਦੇ ਲੋਕਾਂ ਨੂੰ ਵਧਾਈ ਦਿੰਦਿਆਂ ਬੈਂਕ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਦਘਾਟਨੀ ਸਮਾਗਮ ਵਿੱਚ ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਮੀਡੀਆ ਵੱਲੋਂ ਕਿਸਾਨ ਕਰਜ਼ ਮੁਆਫ਼ੀ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਡੀਸੀ ਨੇ ਕਿਹਾ ਕਿ ਕਰਜ਼ ਮੁਆਫੀ ਦੇ ਪਹਿਲੇ ਪੜਾਅ ਤਹਿਤ ਜਾਰੀ ਕੀਤੀਆਂ ਸੂਚੀਆਂ ਸਬੰਧੀ ਜਿਹੜੇ ਕਿਸਾਨਾਂ ਨੂੰ ਕੋਈ ਇਤਰਾਜ਼ ਹੈ, ਉਹ ਆਪਣੇ ਇਤਰਾਜ਼ ਬਿਨਾਂ ਝਿਜਕ ਤਹਿਸੀਲਦਾਰਾਂ, ਐਸ.ਡੀ.ਐਮਜ਼, ਖੇਤੀਬਾੜੀ ਵਿਕਾਸ ਅਫਸਰਾਂ, ਸਹਿਕਾਰੀ ਸਭਾਵਾਂ ਦੇ ਸਹਾਇਕ ਅਤੇ ਡਿਪਟੀ ਰਜਿਸਟਰਾਰਾਂ ਕੋਲ ਦਰਜ ਕਰਵਾ ਸਕਦੇ ਹਨ। ਜਿਹੜੇ ਕਿਸਾਨਾਂ ਦੇ ਨਾਮ ਹਾਲ ਦੀ ਘੜੀ ਕਰਜ਼ ਮੁਆਫੀ ਸਬੰਧੀ ਜਾਰੀ ਕੀਤੀਆਂ ਸੂਚੀਆਂ ਵਿਚ ਦਰਜ ਨਹੀਂ ਹੋਏ, ਉਨ੍ਹਾਂ ਕਿਸਾਨਾਂ ਵੱਲੋਂ ਦਰਜ ਕਰਵਾਏ ਜਾਣ ਵਾਲੇ ਇਤਰਾਜ਼ਾਂ ਦੀ ਪੜਤਾਲ ਤੋਂ ਬਾਅਦ ਅਗਲੀਆਂ ਸੂਚੀਆਂ ਵਿਚ ਉਨ੍ਹਾਂ ਦੇ ਨਾਮ ਸ਼ਾਮਿਲ ਕਰ ਦਿੱਤੇ ਜਾਣਗੇ। ਸ੍ਰੀਮਤੀ ਸਪਰਾ ਨੇ ਦੱਸਿਆ ਕਿ ਕਰਜ਼ਾ ਮੁਆਫੀ ਦੇ ਪਹਿਲੇ ਪੜਾਅ ਤਹਿਤ ਤਿਆਰ ਕੀਤੀਆਂ ਸੂਚੀਆਂ ਵਿਚ ਜ਼ਿਲ੍ਹਾ ਐਸ.ਏ.ਐਸ. ਨਗਰ ਦੇ 5131 ਕਿਸਾਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਤੇ ਪੜਤਾਲ ਤੋਂ ਬਾਅਦ 4019 ਕਿਸਾਨ ਕਰਜ਼ਾ ਮੁਆਫੀ ਦੇ ਯੋਗ ਪਾਏ ਗਏ। ਅਯੋਗ ਕਰਾਰ ਦਿੱਤੇ ਬਾਕੀ ਦੇ 1112 ਕਿਸਾਨਾਂ ਸਬੰਧੀ ਮੁੜ ਪੜਤਾਲ ਜਾਰੀ ਹੈ, ਜਿਹੜੀ ਕਿ 17 ਜਨਵਰੀ ਤੱਕ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫ਼ੀ ਸਬੰਧੀ ਕਿਸਾਨ ਫਿਕਰ ਨਾ ਕਰਨ, ਨਿਯਮਾਂ ਮੁਤਾਬਕ ਹਰ ਯੋਗ ਕਿਸਾਨ ਨੂੰ ਕਰਜ਼ਾ ਮੁਆਫ਼ੀ ਦਾ ਲਾਭ ਜ਼ਰੂਰ ਮਿਲੇਗਾ।
ਪੰਜਾਬ ਨੈਸ਼ਨਲ ਬੈਂਕ ਦੇ ਜ਼ੋਨਲ ਮੈਨੇਜਰ ਪੀ.ਐਸ. ਚੌਹਾਨ ਨੇ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ ਭਾਰਤ ਦੇ ਸਭ ਤੋਂ ਵੱਧ ਕਾਮਯਾਬ ਬੈਂਕਾਂ ਵਿੱਚੋਂ ਇੱਕ ਹੈ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਖੋਲ੍ਹੀ ਗਈ ਇਹ ਬਰਾਂਚ ਇਸ ਬੈਂਕ ਦੀ ਜ਼ਿਲ੍ਹੇ ਵਿਚਲੀ 36ਵੀਂ ਅਤੇ ਪੰਜਾਬ ਵਿਚਲੀ 684ਵੀਂ ਬਰਾਂਚ ਹੈ। ਉਨ੍ਹਾਂ ਦੱਸਿਆ ਕਿ ਇਸ ਬੈਂਕ ਦੀਆਂ ਪੂਰੇ ਭਾਰਤ ਵਿੱਚ 07 ਹਜ਼ਾਰ ਬਰਾਂਚਾਂ ਹਨ ਤੇ 11 ਲੱਖ ਕਰੋੜ ਤੋਂ ਵੱਧ ਦਾ ਕਾਰੋਬਾਰ ਹੈ। ਪੰਜਾਬ ਵਿੱਚ ਇਸ ਬੈਂਕ ਦਾ ਕਾਰੋਬਾਰ 01 ਲੱਖ ਕਰੋੜ ਰੁਪਏ ਦਾ ਹੈ ਤੇ ਇਹ ਬੈਂਕ ਆਪਣੇ ਗਾਹਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਸ੍ਰੀ ਚੌਹਾਨ ਨੇ ਦੱਸਿਆ ਕਿ ਬੈਂਕ ਦੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚਲੀ ਬਰਾਂਚ ਅੱਜ ਤੋਂ ਹੀ ਕਾਰਜਸ਼ੀਲ ਹੋ ਗਈ ਹੈ ਤੇ ਇੱਥੇ ‘ਈ-ਲੌਬੀ’ ਦੀ ਸਹੂਲਤ ਵੀ ਦਿੱਤੀ ਜਾਣੀ ਹੈ, ਜਿਸ ਤਹਿਤ ਏਟੀਐਮ, ਕੈਸ਼ ਡਿਪੌਜ਼ਿਟ ਮਸ਼ੀਨ (ਸੀਡੀਐਮ) ਅਤੇ ਪਾਸਬੁੱਕ ਮਸ਼ੀਨ ਮੁਹੱਈਆ ਕਰਵਾਈ ਜਾਵੇਗੀ।
ਇਸ ਤੋਂ ਇਲਾਵਾ ਇਸ ਬਰਾਂਚ ਵੱਲੋਂ ਈ-ਸਟੈਂਪਿੰਗ ਦੀ ਸਹੂਲਤ ਦਿੱਤੀ ਜਾਵੇਗੀ ਤੇ ਨਾਲ ਹੀ ਗਾਹਕਾਂ ਦੀ ਸਹੂਲਤ ਲਈ ਡਿਜੀਟਲ ਬੈਂਕਿੰਗ ਦਾ ਵੀ ਪ੍ਰਬੰਧ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਗੱਲਬਾਤ ਕਰਨ ਸਬੰਧੀ ਬੈਂਕ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਬੈਂਕ ਵਿੱਚ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਮੈਗਾ ਕਰੈਡਿਟ ਕੈਂਪ ਵੀ ਲਾਇਆ ਗਿਆ, ਜਿਸ ਵਿੱਚ ਵੱਖ ਵੱਖ ਕਿਸਮ ਦੇ ਕੁੱਲ 159 ਲੋਨ (ਕਰਜ਼ੇ) ਦਿੱਤੇ ਗਏ। ਇਨ੍ਹਾਂ ਵਿੱਚ ਮਕਾਨ, ਸਿੱਖਿਆ, ਖੇਤੀ, ਛੋਟੇ ਕਾਰੋਬਾਰ, ਡੇਅਰੀ ਅਤੇ ਮੁਦਰਾ ਸਬੰਧੀ ਲੋਨ ਸ਼ਾਮਲ ਹਨ।
ਬੈਂਕ ਵੱਲੋਂ ਕਰਵਾਏ ਉਦਘਾਟਨੀ ਸਮਾਗਮ ਵਿੱਚ ਏਡੀਸੀ ਚਰਨਦੇਵ ਸਿੰਘ ਮਾਨ, ਐਸ.ਡੀ.ਐਮ ਮੁਹਾਲੀ ਡਾ. ਆਰ.ਪੀ. ਸਿੰਘ, ਸਹਾਇਕ ਕਮਿਸ਼ਨਰ (ਜਨਰਲ) ਜਸਵੀਰ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਪਾਲਿਕਾ ਅਰੋੜਾ, ਮੁੱਖ ਲੀਡ ਜ਼ਿਲ੍ਹਾ ਮੈਨੇਜਰ ਆਰ.ਕੇ. ਸੈਣੀ, ਪੀਐਨਬੀ ਦੇ ਸਰਕਲ ਹੈੱਡ ਡੀ.ਐਸ. ਵਰਮਾ, ਪੀਐਨਬੀ ਦੇ ਬਰਾਂਚ ਮੈਨੇਜਰ ਦੇਵੀ ਚੰਦ ਅਤੇ ਡਿਪਟੀ ਮੈਨੇਜਰ ਅਰਸ਼ਪ੍ਰੀਤ ਕੌਰ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…