
ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰ ਵਿਖੇ ਤੰਬਾਕੂ ਰੋਕਥਾਮ ਕੇਂਦਰ ਦਾ ਉਦਘਾਟਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ:
‘ਪੰਜਾਬ ਰਾਜ ਤੰਬਾਕੂ ਵਿਰੋਧੀ ਦਿਵਸ’ ਜਿਹੜਾ ਹਰ ਸਾਲ ਇਕ ਨਵੰਬਰ ਨੂੰ ਮਨਾਇਆ ਜਾਂਦਾ ਹੈ। ਮੌਕੇ ਅੱਜ ਸ਼ੁਰੂ ਹੋਈ ਰਾਜ ਪੱਧਰੀ ਤੰਬਾਕੂ ਵਿਰੋਧੀ ਮੁਹਿੰਮ ਤਹਿਤ ਜ਼ਿਲ੍ਹਾ ਨਸ਼ਾ ਛੁਡਾਊ ਕੇਂਦਰ ਸੈਕਟਰ-66 ਵਿੱਚ ਤੰਬਾਕੂ ਸੈਸੇਸ਼ਨ ਕੇਂਦਰ (ਤੰਬਾਕੂ ਰੋਕਥਾਮ ਕੇਂਦਰ ਟੀਸੀਸੀ) ਦਾ ਉਦਘਾਟਨ ਕੀਤਾ ਗਿਆ। ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਕੇਂਦਰ ਦਾ ਉਦਘਾਟਨ ਕਰਨ ਮਗਰੋਂ ਦੱਸਿਆ ਕਿ ਇਸ ਕੇਂਦਰ ਵਿੱਚ ਆਧੁਨਿਕ ਮਸ਼ੀਨਾਂ ਰਾਹੀਂ ਤੰਬਾਕੂ ਦਾ ਸੇਵਨ ਕਰਨ ਵਾਲੇ ਮਰੀਜ਼ਾਂ ਦਾ ਮੁਆਇਨਾ ਕੀਤਾ ਜਾਵੇਗਾ ਅਤੇ ਤਮਾਕੂ ਦੀ ਆਦਤ ਤੋਂ ਖਹਿੜਾ ਛੁਡਵਾਉਣ ਲਈ ਉਨ੍ਹਾਂ ਨੂੰ ਲੋੜੀਂਦੀਆਂ ਦਵਾਈਆਂ ਵੀ ਦਿੱਤੀਆਂ ਜਾਣਗੀਆਂ।
ਡਾ. ਭਾਰਦਵਾਜ ਨੇ ਦੱਸਿਆ ਕਿ ਬੀੜੀ, ਸਿਗਰਟ, ਤੰਬਾਕੂ ਆਦਿ ਦਾ ਸੇਵਨ ਕਰਨ ਵਾਲਿਆਂ ਨੂੰ ਮੂੰਹ ਅਤੇ ਗਲੇ ਦੇ ਕੈਂਸਰ, ਫੇਫੜਿਆਂ ਦੇ ਕੈਂਸਰ, ਸਾਹ ਦੀਆਂ ਬੀਮਾਰੀਆਂ, ਟੀਬੀ ਆਦਿ ਦਾ ਖ਼ਤਰਾ ਬਣਿਆ ਰਹਿਦਾ ਹੈ। ਇਸ ਮੌਕੇ ਨਸ਼ਾ ਛੁਡਾਉ ਕੇਂਦਰ ਦੀ ਇੰਚਾਰਜ ਡਾ. ਪੂਜਾ ਗਰਗ ਨੇ ਆਏ ਹੋਏ ਮਰੀਜ਼ਾਂ ਦਾ ਮੁਆਇਨਾ ਕੀਤਾ ਅਤੇ ਕੌਂਸਲਿੰਗ ਵੀ ਕੀਤੀ। ਉਦਘਾਟਨੀ ਸਮਾਰੋਹ ਵਿੱਚ ਐਸ.ਐਮ.ਓ. ਡਾ. ਸੁਰਿੰਦਰ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ, ਐਮਪੀਐਸ ਭੁਪਿੰਦਰ ਸਿੰਘ, ਕੇਂਦਰ ਦੇ ਮੈਨੇਜਰ ਟੇਕ ਚੰਦ ਆਦਿ ਹਾਜ਼ਰ ਸਨ।