
ਬੈਦਵਾਨ ਵੱਲੋਂ ਸੈਕਟਰ-77 ਤੋਂ 80 ਤੱਕ ਬਣਨ ਵਾਲੀ ਸੜਕ ਦੇ ਕੰਮ ਦਾ ਉਦਘਾਟਨ
ਕਿਸਾਨਾਂ ਨਾਲ ਅਦਾਲਤੀ ਕੇਸ ਚੱਲਣ ਕਾਰਨ ਸੜਕ ਨਿਰਮਾਣ ਵਿੰਚ ਦੇਰੀ ਹੋਈ: ਬੈਦਵਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਫਰਵਰੀ:
ਇੱਥੋਂ ਦੇ ਸੈਕਟਰ-76 ਤੋਂ 80 ਦੇ ਬਾਸ਼ਿੰਦਿਆਂ ਨੂੰ ਬੁਨਿਆਦੀ ਸਹੂਲਤਾਂ ਮਿਲਣ ਦੀ ਆਸ ਬੱਝ ਗਈ ਹੈ। ਅੱਜ ਅਕਾਲੀ ਦਲ ਦੇ ਕੌਂਸਲਰ ਸੁਰਿੰਦਰ ਸਿੰਘ ਬੈਦਵਾਨ ਵੱਲੋਂ ਸੈਕਟਰ-76 ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਸੈਕਟਰ-80 ਨੂੰ ਜਾਂਦੀ ਸੜਕ ਦੇ ਉਸਾਰੀ ਕੰਮ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ’ਤੇ ਕਰੀਬ ਸਾਢੇ 16 ਕਰੋੜ ਰੁਪਏ ਖ਼ਰਚੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਉਸਾਰੀ ਵਿੱਚ ਦੇਰੀ ਇਸ ਲਈ ਹੋ ਗਈ ਹੈ, ਕਿਉਂਕਿ ਇਸ ਸੜਕ ਨੂੰ ਬਣਾਉਣ ਦੇ ਰਾਹ ਵਿੱਚ ਕੁਝ ਜਿਮੀਦਾਰਾਂ ਨਾਲ ਅਦਾਲਤੀ ਕੇਸ ਚਲ ਰਿਹਾ ਸੀ, ਜੋ ਕਿ ਹੁਣ ਮੁਕੰਮਲ ਹੋ ਗਿਆ ਹੈ। ਕੇਸ ਦਾ ਨਿਬੇੜਾ ਹੋਣ ਤੋਂ ਤੁਰੰਤ ਬਾਅਦ ਸੜਕ ਦਾ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਕੰਮ ਮਈ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਸ੍ਰੀ ਬੈਦਵਾਨ ਨੇ ਕਿਹਾ ਕਿ ਇਸ ਸੜਕ ਦੇ ਬਣਨ ਨਾਲ ਸੈਕਟਰ-77 ਤੋਂ 80 ਤੱਕ ਦੇ ਵਸਨੀਕਾਂ ਨੂੰ ਬਹੁਤ ਲਾਭ ਹੋਵੇਗਾ, ਇਸ ਸੜਕ ਦੇ ਬਣਨ ਨਾਲ ਇਹਨਾਂ ਸੈਕਟਰਾਂ ਵਿਚ ਹੁਣ ਲੋਕਲ ਬੱਸ ਸੇਵਾ ਵੀ ਸ਼ੁਰੂ ਹੋ ਜਾਵੇਗੀ। ਇਸ ਸੜਕ ਦੇ ਬਣਨ ਨਾਲ ਇਹ ਸੈਕਟਰ ਸ਼ਹਿਰ ਨਾਲ ਨੇੜੇ ਤੋਂ ਜੁੜ ਜਾਣਗੇ ਅਤੇ ਇਸ ਸੜਕ ਦੇ ਬਣਨ ਨਾਲ ਸੋਹਾਣਾ ਨੂੰ ਜਾਂਦੀ ਸੜਕ ਉਪਰ ਆਵਾਜਾਈ ਘੱਟ ਜਾਵੇਗੀ। ਇਸ ਤੋਂ ਇਲਾਵਾ ਉਪਰੋਕਤ ਸੈਕਟਰਾਂ ਵਿੱਚ ਰਹਿੰਦੀਆਂ ਅੰਦਰੂਨੀ ਸੜਕਾਂ ਬਣਾਉਣ ਦਾ ਕੰਮ ਕਰੀਬ ਤਿੰਨ ਕਰੋੜ ਦੀ ਲਾਗਤ ਨਾਲ ਜਾਰੀ ਹੈ, ਜੋ ਕਿ ਜਲਦੀ ਹੀ ਮੁਕੰਮਲ ਹੋ ਜਾਵੇਗਾ। ਇਸ ਤਰ੍ਹਾਂ ਦੋਵਾਂ ਕੰਮਾਂ ਉਪਰ ਕਰੀਬ 20 ਕਰੋੜ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਕਟਰਾਂ ਵਿੱਚ ਪਾਰਕਾਂ ਨੂੰ ਵਿਕਸਤ ਕਰਨ ਦਾ ਕੰਮ ਜਾਰੀ ਹੈ, ਜੋ ਕਿ ਜਲਦੀ ਮੁਕੰਮਲ ਕਰ ਦਿੱਤਾ ਜਾਵੇਗਾ। ਇਸ ਮੌਕੇ ਨੰਬਰਦਾਰ ਹਰਸੰਗਤ ਸਿੰਘ, ਅਨੋਖ ਸਿੰਘ, ਅਸ਼ੋਕ ਕੁਮਾਰ ਅਤੇ ਹੋਰ ਪਤਵੰਤੇ ਮੌਜੂਦ ਸਨ।