
ਕੁਰਾਲੀ ਵਿੱਚ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਗਿੱਲ ਦੇ ਚੋਣ ਦਫ਼ਤਰ ਦਾ ਉਦਘਾਟਨ
ਸੁਖਬੀਰ ਬਾਦਲ ਵੱਲੋਂ ਰੁੱਸਿਆ ਨੂੰ ਮਨਾਉਣ ਦੇ ਯਤਨ ਤੇਜ਼, ਫਤਹਿਗੜ੍ਹ ਪੈਲੇਸ ਵਿੱਚ ਅੱਜ ਕਰਨਗੇ ਪਾਰਟੀ ਵਰਕਰਾਂ ਨਾਲ ਮੀਟਿੰਗ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 13 ਜਨਵਰੀ:
ਵਿਧਾਨ ਸਭਾ ਹਲਕਾ ਖਰੜ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰਦਿਆਂ ਅੱਜ ਕੁਰਾਲੀ ਵਿੱਚ ਚੋਣ ਦਫ਼ਤਰ ਖੋਲ੍ਹ ਲਿਆ ਹੈ। ਜਿਸ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਨੇ ਕੀਤਾ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸ੍ਰੀ ਗਿੱਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਤਾਂ ਖਰੜ ਦੀ ਇਹ ਅਹਿਮ ਸੀਟ ਜਿੱਤ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਪਾਈ ਜਾ ਸਕੇ।
ਇਸ ਮੌਕੇ ਰਣਜੀਤ ਸਿੰਘ ਗਿੱਲ ਨੇ ਕਿਹਾ ਕਿ ਹਾਲਾਂਕਿ ਪਿਛਲੇ 10 ਸਾਲਾਂ ਤੋਂ ਸਥਾਨਕ ਲੋਕਾਂ ਤੱਕ ਮੁੱਢਲੀਆਂ ਸਹੂਲਤਾਂ ਪਹੁੰਚ ਰਹੀਆਂ ਹਨ ਅਤੇ ਲੋਕ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਅਤੇ ਨੀਤੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਲੇਕਿਨ ਅਕਾਲੀ-ਭਾਜਪਾ ਗੰਠਜੋੜ ਦੇ ਮੁੜ ਤੀਜੀ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦੀ ਇਹੀ ਕੋਸ਼ਿਸ਼ ਰਹੇਗੀ ਕਿ ਵਿਕਾਸ ਪੱਖੋਂ ਖਰੜ ਹਲਕੇ ਨੂੰ ਨਮੂਨੇ ਦਾ ਬਣਾਇਆ ਜਾਵੇਗਾ ਅਤੇ ਸਥਾਨਕ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਗ਼ਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਉੱਚਾ ਚੁੱਕਣ ਦਾ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਹਤ ਸੁਵਿਧਾਵਾਂ, ਪਾਣੀ, ਐਜੂਕੇਸ਼ਨ ਅਤੇ ਬਿਜਲੀ ਜਿਹੀਆਂ ਮੁੱਢਲੀਆਂ ਲੋੜਾਂ ਨੂੰ ਪਹਿਲ ਦੇ ਅਧਾਰ ’ਤੇ ਮੁਹੱਈਆ ਕਰਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਪਾਲਇੰਦਰ ਸਿੰਘ ਬਾਠ, ਡਾਇਰੈਕਟਰ ਬਲਵਿੰਦਰ ਸਿੰਘ ਝਿੰਗੜਾਂ, ਬਲਾਕ ਸਮਿਤੀ ਮੈਂਬਰ ਰਣਜੀਤ ਸਿੰਘ ਦੁਸਾਰਨਾ, ਨਰੇਸ਼ ਪਾਲ ਰਾਣਾ, ਸਰਕਲ ਕੁਰਾਲੀ ਦੇ ਪ੍ਰਧਾਨ ਹਰਜੀਤ ਸਿੰਘ ਰਾਮਪੁਰ, ਹਰਿੰਦਰ ਸਿੰਘ ਘੜੂੰਆਂ, ਮੇਜਰ ਸਿੰਘ ਪੁਰਖਾਲੀ, ਹਰਚਰਨ ਸਿੰਘ, ਜਗਵਿੰਦਰ ਬੰਗੀਆਂ, ਸੁਰਿੰਦਰ ਚਟੌਲੀ, ਬਰਿੰਦਰ ਸਿੰਘ, ਸੁਮਨ ਰਾਠੌਰ, ਭਾਗ ਸਿੰਘ ਮਹਿਰੌਲੀ, ਜਸਪਾਲ ਸਿੰਘ ਲੰਬੜਦਾਰ, ਰੋਹਿਤ ਰਾਣਾ, ਬਲਦੇਵ ਸਿੰਘ ਖੇੜਾ, ਗੁਲਜ਼ਾਰ ਸਿੰਘ ਸਰਪੰਚ ਖੇੜਾ, ਬਲਦੇਵ ਸਿੰਘ ਸੋਨੂੰ ਕੁਰਾਲੀ, ਨਰਿੰਦਰ ਸਿੰਘ ਲੰਬੜਦਾਰ, ਬਲਵੀਰ ਸਿੰਘ ਲਖਨੌਰ, ਕੁਲਵਿੰਦਰ ਸਿੰਘ ਸਰਪੰਚ, ਰੁਪਿੰਦਰ ਸਿੰਘ ਬਾਠ, ਹਰਜਿੰਦਰ ਸਿੰਘ ਪੰਚ ਭਾਗੋ ਮਾਜਰਾ, ਸੁਰਿੰਦਰ ਕੁਮਾਰ, ਪਰਮਜੀਤ ਸਿੰਘ ਬਦਨਪੁਰ, ਬੇਅੰਤ ਕੁਰਾਲੀ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਉਧਰ, ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਅਜਮੇਰ ਸਿੰਘ ਖੇੜਾ ਨੇ ਦੱਸਿਆ ਕਿ ਭਲਕੇ 14 ਜਨਵਰੀ ਨੂੰ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਤਹਿਗੜ੍ਹ ਪੈਲੇਸ ਵਿਖੇ ਸਥਾਨਕ ਆਗੂਆਂ ਅਤੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨਗੇ ਅਤੇ ਉਨ੍ਹਾਂ ਨੂੰ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਗਿੱਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪ੍ਰੇਰਿਤ ਕਰਨਗੇ।