Share on Facebook Share on Twitter Share on Google+ Share on Pinterest Share on Linkedin ਰਾਹਤ ਭਰੀ ਖਬਰ: ਪੀਜੀ ਮਾਲਕਣ ਸਮੇਤ ਤਿੰਨ ਅੌਰਤਾਂ ਨੇ ਜਿੱਤੀ ਕਰੋਨਾ ਖ਼ਿਲਾਫ਼ ਜੰਗ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲਿਆ ਸੁੱਖ ਦਾ ਸਾਹ ਲਿਆ, ਤਿੰਨ ਦਿਨਾਂ ’ਚੋਂ ਦੋ ਮਰੀਜ਼ ਠੀਕ ਹੋ ਕੇ ਘਰ ਪਰਤੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਅਪਰੈਲ: ਇੱਥੋਂ ਦੇ ਫੇਜ਼-5 ਦੀ ਵਸਨੀਕ ਕੁਲਵੰਤ ਕੌਰ ਨੇ ਵੀ ਕਰੋਨਾਵਾਇਰਸ ਦੇ ਖ਼ਿਲਾਫ਼ ਜੰਗ ਜਿੱਤ ਲਈ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸ਼ਹਿਰ ਮੁਹਾਲੀ ਵਾਸੀਆਂ ਲਈ ਇਹ ਵੱਡੀ ਰਾਹਤ ਭਰੀ ਖਬਰ ਹੈ। ਪਿਛਲੇ ਤਿੰਨ ਦਿਨਾਂ ਵਿੱਚ ਕਰੋਨਾ ਪੀੜਤ ਚਾਰ ਮਰੀਜ਼ ਬਿਲਕੁਲ ਠੀਕ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ। ਇਸ ਤੋਂ ਪਹਿਲਾਂ ਸੈਕਟਰ-69 ਦੇ ਅਮਨਦੀਪ ਸਿੰਘ (42) ਨੇ ਕਰੋਨਾ ਖ਼ਿਲਾਫ਼ ਜੰਗ ਵਿੱਚ ਪਹਿਲੀ ਫਤਹਿ ਹਾਸਲ ਕੀਤੀ ਸੀ। ਉਹ ਸੈਕਟਰ-16, ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਸੀ। ਜਿਸ ਨੂੰ ਬੀਤੀ 4 ਅਪਰੈਲ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਸੀ। ਉਂਜ ਅਮਨਦੀਪ ਦੀ ਪਤਨੀ ਆਰਤੀ ਸ਼ਰਮਾ (36) ਅਤੇ ਫੇਜ਼-5 ਵਿੱਚ ਕੁਲਵੰਤ ਕੌਰ ਦੇ ਪੀਜੀ ਵਿੱਚ ਰਹਿੰਦੀ ਰੰਜਨਾ ਹਾਲੇ ਇਲਾਜ ਅਧੀਨ ਹਨ। ਰੰਜਨਾ ਦੀ ਇਕ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਅਤੇ ਦੂਜੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਇੰਜ ਹੀ ਰਜਾਕ ਮੁਹੰਮਦ ਦੀ ਪਤਨੀ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਉਸ ਨੂੰ ਵੀ ਹਾਊਸ ਆਈਸੋਲੇਟ ਕੀਤਾ ਗਿਆ ਹੈ। ਅੱਜ ਇੱਥੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਕੁਲਵੰਤ ਕੌਰ ਨੂੰ ਮੈਕਸ ਹਸਪਤਾਲ ’ਚੋਂ ਛੁੱਟੀ ਮਿਲਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੀੜਤ ਅੌਰਤ ਨੂੰ ਪਹਿਲਾਂ ਸਰਕਾਰੀ ਹਸਪਤਾਲ ਫੇਜ਼-6 ਵਿੱਚ ਮੈਡੀਕਲ ਟੀਮ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੋਇਆ ਸੀ ਪ੍ਰੰਤੂ ਬੀਤੀ 23 ਮਾਰਚ ਨੂੰ ਉਸ ਦੇ ਖੂਨ ਦੇ ਸੈਂਪਲ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਪੀੜਤ ਮਰੀਜ਼ ਨੂੰ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇੰਜ ਹੀ ਇੱਥੋਂ ਦੇ ਫੇਜ਼-3ਏ ਦੀ ਵਸਨੀਕ ਗੁਰਦੇਵ ਕੌਰ (69) ਅਤੇ ਉਸ ਵੱਡੀ ਭੈਣ ਰੇਸ਼ਮ ਕੌਰ (74) ਨੇ ਵੀ ਕਰੋਨਾ ਖ਼ਿਲਾਫ਼ ਜੰਗ ਜਿੱਤ ਲਈ ਹੈ। ਇਹ ਦੋਵੇਂ ਬਜ਼ੁਰਗ ਅੌਰਤਾਂ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਸਨ ਅਤੇ ਮਾਰਚ ਦੇ ਦੂਜੇ ਹਫ਼ਤੇ ਇੰਗਲੈਂਡ ਤੋਂ ਮੁਹਾਲੀ ਆਈਆਂ ਸਨ ਪ੍ਰੰਤੂ ਇੱਥੇ ਆ ਕੇ ਕਰੋਨਾ ਦੇ ਲਪੇਟੇ ਵਿੱਚ ਆ ਗਈਆਂ ਸਨ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਈਸੋਲੇਸ਼ਨ ਵਾਰਡ ਵਿੱਚ ਦੇਖਭਾਲ ਦੌਰਾਨ ਉਕਤ ਅੌਰਤਾਂ ਦੇ ਦੋ ਵਾਰ ਖੂਨ ਦੇ ਸੈਂਪਲ ਲੈ ਕੇ ਜਾਂਚ ਕੀਤੀ ਗਈ ਹੈ ਅਤੇ ਦੋਵੇਂ ਰਿਪੋਰਟਾਂ ਨੈਗੇਟਿਵ ਆਉਣ ਤੋਂ ਬਾਅਦ ਅੱਜ ਉਨ੍ਹਾਂ ਨੂੰ ਹਸਪਤਾਲਾਂ ’ਚੋਂ ਛੁੱਟੀ ਮਿਲ ਗਈ ਹੈ। ਉਂਜ ਡਾਕਟਰਾਂ ਨੇ ਉਸ ਨੂੰ ਅਗਲੇ ਹੁਕਮਾਂ ਤੱਕ ਹਾਊਸ ਆਈਸੋਲੇਸ਼ਨ ਤਹਿਤ ਆਪੋ ਆਪਣੇ ਘਰ ਵਿੱਚ ਨਜ਼ਰਬੰਦ ਰਹਿਣ ਦੀ ਸਲਾਹ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁਲਵੰਤ ਕੌਰ ਦੇ ਘਰ ਪੀਜੀ ਰਹਿੰਦੀ ਕਰੋਨਾ ਪੀੜਤ ਰੰਜ਼ਨਾ ਦੇਵੀ ਦੀ ਇਕ ਰਿਪੋਰਟ ਨੈਗੇਟਿਵ ਆ ਚੁੱਕੀ ਅਤੇ ਦੂਜੀ ਰਿਪੋਰਟ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਰੰਜਨਾ ਦੀ ਦੂਜੀ ਰਿਪੋਰਟ ਵੀ ਨੈਗੇਟਿਵ ਆਈ ਤਾਂ ਉਸ ਨੂੰ ਵੀ ਹਸਪਤਾਲ ’ਚੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ। ਰੰਜਨਾ ਮੁਹਾਲੀ ਦੀ ਵਾਹਨ ਕੰਪਨੀ ਵਿੱਚ ਨੌਕਰੀ ਕਰਦੀ ਹੈ। ਕੁਝ ਦਿਨ ਪਹਿਲਾਂ ਕੰਪਨੀ ਮਾਲਕ ਦੀ ਕਰੋਨਾ ਪੀੜਤ ਬੇਟੀ ਦੇ ਸੰਪਰਕ ਵਿੱਚ ਆਉਣ ਕਾਰਨ ਉਹ ਖ਼ੁਦ ਵੀ ਲਪੇਟੇ ਵਿੱਚ ਆ ਗਈ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ