
ਇਸ਼ਤਿਹਾਰਬਾਜ਼ੀ ਦੇ ਨਵੇਂ ਠੇਕੇ ਨਾਲ ਵਧੇਗੀ ਨਗਰ ਨਿਗਮ ਦੀ ਆਮਦਨ: ਮੇਅਰ ਜੀਤੀ ਸਿੱਧੂ
ਮੁਹਾਲੀ ਵਿੱਚ ਮਸ਼ੀਨੀ ਸਫ਼ਾਈ ਲਈ ਪੰਜ ਸਾਲਾਂ ’ਚ ਖ਼ਰਚੇ ਜਾਣਗੇ 42 ਕਰੋੜ ਰੁਪਏ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਮੁਹਾਲੀ ਦੀਆਂ ਮੁੱਖ ਸੜਕਾਂ ਅਤੇ ਅੰਦਰਲੀ ਸੜਕਾਂ ਦੀ ਮੁੜ ਮਸ਼ੀਨੀ ਸਫ਼ਾਈ ਹੋਵੇਗੀ। ਇਸ ਨਾਲ ਸ਼ਹਿਰ ਦੀ ਸੁੰਦਰਤਾ ਵਧੇਗੀ ਅਤੇ ਲੋਕਾਂ ਨੂੰ ਗੰਦਗੀ ਤੋਂ ਛੁਟਕਾਰਾ ਮਿਲੇਗਾ। ਇਸ ਹਫ਼ਤੇ ਹੋਣ ਵਾਲੀ ਨਗਰ ਨਿਗਮ ਦੀ ਬਜਟ ਮੀਟਿੰਗ ਵਿੱਚ ਇਸ ਸਬੰਧੀ ਏਜੰਡਾ ਹਾਊਸ ਵਿੱਚ ਲਿਆਂਦਾ ਜਾਵੇਗਾ। ਇਸ ਬਜਟ ਮੀਟਿੰਗ ਵਿੱਚ ਨਗਰ ਨਿਗਮ ਦੇ ਅਗਲੇ ਵਿੱਤੀ ਵਰ੍ਹੇ ਦੇ ਖ਼ਰਚਿਆਂ ਅਤੇ ਆਮਦਨ ਦੇ ਵੇਰਵਿਆਂ ਨੂੰ ਹਾਊਸ ਵਿੱਚ ਮਨਜ਼ੂਰੀ ਦਿੱਤੀ ਜਾਵੇਗੀ। ਨਿਗਮ ਅਧਿਕਾਰੀਆਂ ਵੱਲੋਂ ਬਜਟ ਏਜੰਡੇ ਨੂੰ ਲਗਪਗ ਅੰਤਿਮ ਰੂਪ ਦੇ ਦਿੱਤਾ ਗਿਆ ਹੈ।
ਨਗਰ ਨਿਗਮ ਦੀ ਮੀਟਿੰਗ ਦੌਰਾਨ ਸ਼ਹਿਰ ਦੀਆਂ ‘ਏ’ ਅਤੇ ‘ਬੀ’ ਸੜਕਾਂ ਦੀ ਸਫ਼ਾਈ ਦਾ ਕੰਮ ਮਕੈਨੀਕਲ ਸਵੀਪਿੰਗ ਰਾਹੀਂ ਕਰਵਾਏ ਜਾਣ ਦਾ ਕੰਮ ਠੇਕੇ ’ਤੇ ਦੇਣ ਸਬੰਧੀ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਸਿਰਫ਼ ‘ਏ’ ਸੜਕਾਂ ਦੀ ਮਸ਼ੀਨੀ ਸਫ਼ਾਈ ਹੁੰਦੀ ਸੀ ਪ੍ਰੰਤੂ ਹੁਣ ਸ਼ਹਿਰ ਦੀਆਂ ਅੰਦਰਲੀਆਂ ‘ਬੀ’ ਸੜਕਾਂ ਦੀ ਵੀ ਮਸ਼ੀਨਾਂ ਸਫ਼ਾਈ ਕਰਵਾਈ ਜਾਵੇਗੀ। ਇੱਥੇ ਇਹ ਜ਼ਿਕਰਯੋਗ ਹੈ ਕਿ ‘ਏ’ ਸੜਕਾਂ ਦੀ ਮਸ਼ੀਨੀ ਸਫ਼ਾਈ ਦਾ ਕੰਮ ਵੀ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਿਆ ਹੈ। ਜਿਸ ਕਾਰਨ ਸ਼ਹਿਰ ਦੀ ਸਫ਼ਾਈ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਨਗਰ ਨਿਗਮ ਵੱਲੋਂ ਅਗਲੇ ਪੰਜ ਸਾਲਾਂ ਲਈ ਮਸ਼ੀਨੀ ਸਫ਼ਾਈ ਦਾ ਕੰਮ ’ਤੇ ਕਰਵਾਉਣ ਲਈ ਲਗਪਗ 42 ਕਰੋੜ ਰੁਪਏ ਖ਼ਰਚ ਕੀਤੇ ਜਾਣ ਦੀ ਤਜਵੀਜ਼ ਤਿਆਰ ਕੀਤੀ ਗਈ ਹੈ। ਮੀਟਿੰਗ ਦੌਰਾਨ ਨਗਰ ਨਿਗਮ ਦੀ ਆਮਦਨ ਵਿੱਚ ਵਾਧਾ ਕਰਨ ਲਈ ਇਸ਼ਤਿਹਾਰਬਾਜ਼ੀ ਦੀਆਂ ਸਾਈਟਾਂ ਠੇਕੇ ’ਤੇ ਦੇਣ ਦਾ ਮਤਾ ਵੀ ਪੇਸ਼ ਕੀਤਾ ਜਾਵੇਗਾ। ਨਿਗਮ ਕੋਲ ਅਜਿਹੀਆਂ ਕੁੱਲ 339 ਸਾਈਟਾਂ ਹਨ ਅਤੇ ਨਗਰ ਨਿਗਮ ਨੂੰ ਪੂਰੀ ਆਸ ਹੈ ਕਿ ਇਨ੍ਹਾਂ ਸਾਈਟਾਂ ਨੂੰ ਇਸ਼ਤਿਹਾਰਬਾਜ਼ੀ ਲਈ ਠੇਕੇ ’ਤੇ ਦੇਣ ਨਾਲ ਨਿਗਮ ਨੂੰ ਸਾਲਾਨਾ 30 ਤੋਂ 35 ਕਰੋੜ ਰੁਪਏ ਦੀ ਆਮਦਨ ਹੋਵੇਗੀ। ਜਦੋਂਕਿ ਇਸ ਤੋਂ ਪਹਿਲਾਂ ਇਸ਼ਤਿਹਾਰਬਾਜ਼ੀ ਸਾਈਟਾਂ ਤੋਂ ਸਿਰਫ਼ 15 ਕਰੋੜ ਰੁਪਏ ਆਮਦਨ ਹੁੰਦੀ ਸੀ।
ਉਧਰ, ਇਸ ਸਬੰਧੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਬਜਟ ਮੀਟਿੰਗ ਤੋਂ ਬਾਅਦ ਵਿੱਤੀ ਵਰ੍ਹੇ ਦੌਰਾਨ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਮੌਜੂਦਾ ਸਮੇਂ ਵਿੱਚ ਵੀ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਕੰਮ ਨੇਪਰੇ ਚਾੜੇ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿਕਾਸ ਦੀ ਰਫ਼ਤਾਰ ਹੋਰ ਤੇਜ਼ ਕੀਤੀ ਜਾਵੇਗੀ। ਮੇਅਰ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਮੁੱਖ ਸੜਕਾਂ ਅਤੇ ਅੰਦਰਲੀ ਸੜਕਾਂ ਦੀ ਸਫ਼ਾਈ ਦਾ ਕੰਮ ਮਕੈਨੀਕਲ ਸਵੀਪਿੰਗ ਰਾਹੀਂ ਕੀਤਾ ਜਾਵੇਗਾ ਅਤੇ ਇਸ਼ਤਿਹਾਰਬਾਜ਼ੀ ਤੋਂ ਹੋਣ ਵਾਲੀ ਆਮਦਨ ਨੂੰ ਵਿਕਾਸ ਕੰਮਾਂ ’ਤੇ ਖ਼ਰਚਿਆਂ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਦੇ ਸਹਿਯੋਗ ਨਾਲ ਮੌਜੂਦਾ ਸਮੇਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕੀਤਾ ਜਾਵੇਗਾ।