Share on Facebook Share on Twitter Share on Google+ Share on Pinterest Share on Linkedin ਆਮਦਨ ਕਰ ਵਿਭਾਗ ਵੱਲੋਂ ਪੰਜਾਬ ਦੇ ਮਸ਼ਹੂਰ ਟਰੈਵਲ ਏਜੰਟ ਵਿਨੈ ਹਰੀ ਦੇ ਟਿਕਾਣਿਆਂ ’ਤੇ ਛਾਪੇਮਾਰੀ ਮੁਹਾਲੀ ਸਮੇਤ ਚੰਡੀਗੜ੍ਹ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਇੱਕੋ ਸਮੇਂ ਹੋਈ ਕਾਰਵਾਈ, ਦਸਤਾਵੇਜ਼ ਕਬਜ਼ੇ ਵਿੱਚ ਲਏ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ: ਜ਼ਿਲ੍ਹਾ ਮੁਹਾਲੀ ਸਮੇਤ ਸਮੁੱਚੇ ਪੰਜਾਬ ਵਿੱਚ ਕਥਿਤ ਤੌਰ ’ਤੇ ਅਣਅਧਿਕਾਰਤ ਇਮੀਗਰੇਸ਼ਨ ਦਾ ਕਾਰੋਬਾਰ ਲਗਾਤਾਰ ਵਧ ਫੁਲ ਰਿਹਾ ਹੈ। ਕੁਝ ਟਰੈਵਲ ਏਜੰਟ ਅਫ਼ਸਰਸ਼ਾਹੀ ਨਾਲ ਮਿਲੀਭੁਗਤ ਕਰਕੇ ਵਿਦੇਸ਼ ਭੇਜਣ ਦੇ ਨਾਂ ’ਤੇ ਭੋਲੇ ਭਾਲੇ ਲੋਕਾਂ ਨਾਲ ਸ਼ਰ੍ਹੇਆਮ ਠੱਗੀਆਂ ਮਾਰ ਰਹੇ ਹਨ। ਹਾਲਾਂਕਿ ਕਾਫੀ ਏਜੰਟ ਰਜਿਸਟਰਡ ਵੀ ਹਨ। ਜਿਨ੍ਹਾਂ ਬਾਰੇ ਡਿਪਟੀ ਕਮਿਸ਼ਨਰ ਵੱਲੋਂ ਸਮੇਂ ਸਮੇਂ ਸਿਰ ਸੂਚੀ ਜਾਰੀ ਕੀਤੀ ਜਾਂਦੀ ਹੈ ਪ੍ਰੰਤੂ ਇਸ ਦੇ ਬਾਵਜੂਦ ਸਰੂਖਵਾਨ ਵਿਅਕਤੀ ਕਥਿਤ ਗੈਰ ਕਾਨੂੰਨੀ ਇਮੀਗਰੇਸ਼ਨ ਦਾ ਗੋਰਖਧੰਦਾ ਚਲਾ ਰਹੇ ਹਨ ਅਤੇ ਹੁਣ ਤੱਕ ਮੁਹਾਲੀ ਦੇ ਵੱਖ ਵੱਖ ਥਾਣਿਆਂ ਵਿੱਚ ਕਾਫੀ ਏਜੰਟਾਂ ਦੇ ਖ਼ਿਲਾਫ਼ ਧੋਖਾਧੜਾ ਦੇ ਕੇਸ ਦਰਜ ਕੀਤੇ ਗਏ ਹਨ ਅਤੇ ਕਈ ਦਫ਼ਤਰਾਂ ਨੂੰ ਸੀਲ ਵੀ ਕੀਤਾ ਜਾ ਚੁੱਕਾ ਹੈ ਅਤੇ ਇਸ ਸਬੰਧੀ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਦੇ ਪ੍ਰਧਾਨ ਤੇ ਤਰਕਸ਼ੀਲ ਆਗੂ ਸਤਨਾਮ ਸਿੰਘ ਦਾਊਂ ਪਿਛਲੇ ਕਾਫੀ ਸਮੇਂ ਤੋਂ ਗੈਰ ਕਾਨੂੰਨੀ ਇਮੀਗਰੇਸ਼ਨ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਸੰਘਰਸ਼ ਕਰਦੇ ਆ ਰਹੇ ਹਨ। ਉਧਰ, ਆਮਦਨ ਕਰ ਵਿਭਾਗ ਦੇ ਸਪੈਸ਼ਲ ਇਨਫੋਰਸਮੈਂਟ ਵਿੰਗ ਵੱਲੋਂ ਵੀਰਵਾਰ ਨੂੰ ਕਮਿਸ਼ਨਰ ਪੱਧਰ ਦੇ ਅਧਿਕਾਰੀ ਦੀ ਅਗਵਾਈ ਵਿੱਚ ਪੰਜਾਬ ਦੇ ਮਸ਼ਹੂਰ ਟਰੈਵਲ ਏਜੰਟ ਵਿਨੈ ਹਰੀ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਬੰਧੀ ਆਮਦਨ ਕਰ ਵਿਭਾਗ ਵੱਲੋਂ ਵਿਭਾਗ ਦੀ ਕਮਿਸ਼ਨਰ ਮਧੂ ਮਹਾਜਨ ਦੀ ਅਗਵਾਈ ਵਿੱਚ ਉਕਤ ਏਜੰਟ ਦੀ ਮੁਹਾਲੀ ਦੇ ਸੈਕਟਰ-70 ਵਿੱਚ ਮੈਗਾ ਹਾਊਸਿੰਗ ਸੁਸਾਇਟੀ ਹੋਮ ਲੈਂਡ ਫਲੈਟਾਂ ਵਿਚਲੀ ਰਿਹਾਇਸ਼ ਤੇ ਛਾਪੇਮਾਰੀ ਕੀਤੀ ਗਈ। ਵਿਭਾਗ ਵੱਲੋਂ ਵਿਨੈ ਹਰੀ ਦੇ ਜਲੰਧਰ ਵਿਚਲੇ ਘਰ ਸਮੇਤ ਉਸ ਦੇ ਮੁਹਾਲੀ ਸਮੇਤ ਚੰਡੀਗੜ੍ਹ, ਅੰਮ੍ਰਿਤਸਰ ਸਥਿਤ ਟਿਕਾਣਿਆਂ ’ਤੇ ਛਾਪੇਮਾਰੀ ਕਰਕੇ ਸਾਰਾ ਵੱਡੀ ਮਾਤਰਾ ਵਿੱਚ ਦਫ਼ਤਰੀ ਰਿਕਾਰਡ ਸੀਲ ਕਰ ਦਿੱਤਾ ਗਿਆ ਹੈ। ਉਂਜ ਮੌਕੇ ’ਤੇ ਤਾਇਨਾਤ ਪੁਲੀਸ ਕਰਮਚਾਰੀਆਂ ਨੇ ਮੀਡੀਆ ਨੂੰ ਅੰਦਰ ਨਹੀਂ ਜਾਣ ਦਿੱਤਾ ਅਤੇ ਨਾ ਹੀ ਆਮਦਨ ਕਰ ਵਿਭਾਗ ਦੀ ਟੀਮ ਨੇ ਹੀ ਕੋਈ ਗੱਲ ਕੀਤੀ। ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਵੇਰੇ ਅੱਠ ਵਜੇ ਦੇ ਕਰੀਬ ਸ਼ੁਰੂ ਕੀਤੀ ਗਈ ਇਸ ਕਾਰਵਾਈ ਦੌਰਾਨ ਕੀ ਕੁੱਝ ਬਰਾਮਦ ਹੋਇਆ ਹੈ ਇਸ ਬਾਰੇ ਤਾਂ ਕੋਈ ਪੁਖਤਾ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ ਪ੍ਰੰਤੂ ਪ੍ਰਾਪਤ ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਵੱਲੋਂ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਕਤ ਏਜੰਟ ਦੇ ਟਿਕਾਣਿਆਂ ਤੋਂ ਮਿਲੇ ਦਸਤਾਵੇਜ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਪ੍ਰਾਪਤ ਹੋਏ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਡੀਐਸਪੀ ਰੈਂਕ ਦੇ ਇੱਕ ਅਧਿਕਾਰੀ ਦੀ ਜਾਣਕਾਰੀ ਅਨੁਸਾਰ ਬਹੁਤ ਸਾਰੇ ਏਜੰਟਾਂ ਵੱਲੋਂ ਜ਼ਿਆਦਾਤਰ ਪੇਮੈਂਟ ਨਗਦ ਰੂਪ ਵਿੱਚ ਲੈਣ ਬਾਰੇ ਪਤਾ ਲੱਗਾ ਹੈ ਪ੍ਰੰਤੂ ਇਸ ਬਾਰੇ ਕਿਸੇ ਅਧਿਕਾਰੀ ਨੇ ਪੁਸ਼ਟੀ ਤਾਂ ਨਹੀਂ ਕੀਤੀ ਹੈ ਪ੍ਰੰਤੂ ਆਮਦਨ ਕਰ ਵਿਭਾਗ ਇਸ ਪਹਿਲੂ ’ਤੇ ਵੀ ਬਰੀਕੀ ਨਾਲ ਪੜਤਾਲ ਕਰ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਟਰੈਵਲ ਏਜੰਟ ਦੇ ਟਿਕਾਣਿਆਂ ’ਤੇ ਛਾਪੇਮਾਰੀ ਦਾ ਸਿਲਸਿਲਾ ਜਾਰੀ ਸੀ। ਮੁਹਾਲੀ ਵਿੱਚ ਕਾਰਵਾਈ ਦੌਰਾਨ ਮੌਕੇ ’ਤੇ ਹਾਜ਼ਰ ਇੱਕ ਪੁਲੀਸ ਮੁਲਾਜ਼ਮ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਸਥਾਨਕ ਪੁਲੀਸ ਨੂੰ ਸਿਰਫ਼ ਏਨਾ ਹੀ ਦੱਸਿਆ ਗਿਆ ਸੀ ਕਿ ਅੱਜ ਟਰੈਵਲ ਏਜੰਟ ਦੇ ਫਲੈਟ ਵਿੱਚ ਚੈਕਿੰਗ ਕੀਤੀ ਜਾਣੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ