
ਮੁਹਾਲੀ ਸ਼ਹਿਰ ਵਿੱਚ ਪਾਣੀ ਦੇ ਰੇਟਾਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ: ਸਤਵੀਰ ਧਨੋਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਗਮਾਡਾ ਵੱਲੋਂ ਮੁਹਾਲੀ ਵਿੱਚ ਪਾਣੀ ਦੇ ਰੇਟਾਂ ਨੂੰ ਵਧਾਉਣ ਦੀ ਤਜਵੀਜ ਦਾ ਵਿਰੋਧ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਕਿਹਾ ਕਿ ਪਾਣੀ ਦੇ ਰੇਟਾਂ ਵਿੱਚ ਵਾਧਾ ਗੈਰਵਾਜਿਬ ਹੈ, ਕਿਉੱ ਕਿ ਸ਼ਹਿਰ ਦੇ ਲੋਕਾਂ ਨੂੰ ਲੋੜ ਅਨੁਸਾਰ ਪਾਣੀ ਦੀ ਸਪਲਾਈ ਨਹੀਂ ਹੋ ਰਹੀ। ਇਸ ਦੇ ਨਾਲ ਨਾਲ ਕਈ ਵਾਰ ਪਾਣੀ ਕਾਫੀ ਗੰਧਲਾ ਆਉਣ ਦੀ ਸ਼ਿਕਾਇਤਾਂ ਵੀ ਆਮ ਹੀ ਮਿਲਦੀਆਂ ਰਹਿੰਦੀਆਂ ਹਨ। ਗਮਾਡਾ ਨੂੰ ਚਾਹੀਦਾ ਹੈ ਕਿ ਪਹਿਲਾਂ ਪਾਣੀ ਦੀ ਸਪਲਾਈ ਚੰਡੀਗੜ੍ਹ ਦੀ ਤਰਜ ਤੇ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਸੈਕਟਰ 66 ਤੋਂ 69 ਅਤੇ ਸੈਕਟਰ 76 ਤੋਂ 80, ਜਿੱਥੇ ਪਾਣੀ ਦੇ ਰੇਟ ਸਭ ਤੋੱ ਪਹਿਲਾਂ ਵਧਾਉਣ ਦੀ ਤਜਵੀਜ ਹੈ, ਉੱਥੇ ਦੇ ਵਸਨੀਕਾਂ ਨੂੰ ਪਾਣੀ ਦੀ ਘਾਟ ਹਮੇਸ਼ਾਂ ਰਹਿੰਦੀ ਹੈ ਕਿਉਂਕਿ ਇਸ ਏਰੀਏ ਨੂੰ ਅਜੇ ਤੱਕ ਨਹਿਰੀ ਪਾਣੀ ਦੀ ਵਿਵਸਥਾ ਨਹੀਂ ਹੋ ਸਕੀ। ਸਿਰਫ ਟਿਊਬਵੈਲਾਂ ’ਤੇ ਹੀ ਨਿਰਭਰ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਵਸਨੀਕਾਂ ਵੱਲੋਂ ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਨਹਿਰੀ ਪਾਣੀ ਲਈ ਗਮਾਡਾ ਵੱਲੋਂ ਪਾਣੀ ਲਈ ਪਾਈਪ ਲਾਈਨ ਹੀ ਨਹੀਂ ਵਿਛਾਈ ਗਈ। ਟਿਊਬਵੈਲਾਂ ਵਿੱਚ ਤਕਨੀਕੀ ਖਰਾਬੀ ਹੋਣਾ ਆਮ ਗੱਲ ਹੈ। ਜਿਸ ਕਾਰਨ ਵਸਨੀਕਾਂ ਨੂੰ ਪਾਣੀ ਲਈ ਹਮੇਸ਼ਾਂ ਹੀ ਜੱਦੋ ਜਹਿਦ ਕਰਨੀ ਪੈਂਦੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਇਸ ਖੇਤਰ ਨੂੰ ਨਹਿਰੀ ਪਾਣੀ ਦੀ ਸਪਲਾਈ ਨਹੀਂ ਹੋ ਜਾਂਦੀ ਉਦੋੱ ਤੱਕ ਪਾਣੀ ਦੇ ਰੇਟ ਨਾ ਵਧਾਏ ਜਾਣ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਸਬੰਧਤ ਕੌਸਲਰਾਂ ਦਾ ਵਫ਼ਦ ਲੈ ਕੇ ਚੇਅਰਮੈਨ ਅਤੇ ਮੁੱਖ ਪ੍ਰਸ਼ਾਸਕ ਨੂੰ ਮਿਲ ਕੇ ਰੇਟ ਨਾ ਵਧਾਉਣ ਬਾਰੇ ਅਪੀਲ ਕਰਨਗੇ।