Nabaz-e-punjab.com

ਪਾਣੀ ਦੇ ਬਿੱਲਾਂ ਵਿੱਚ 5.5 ਗੁਣਾ ਵਾਧਾ ਤੇ ਵਿਕਾਸ ਕਾਰਜਾਂ ਦੀ ਅਣਦੇਖੀ ਵਿਰੁੱਧ ਗਮਾਡਾ ਦੇ ਬਾਹਰ ਭੁੱਖ ਹੜਤਾਲ

ਇਨਸਾਫ਼ ਦੀ ਪ੍ਰਾਪਤੀ ਲਈ ਵੱਖ ਵੱਖ ਸੈਕਟਰਾਂ ਦੇ ਵਸਨੀਕਾਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਦਸੰਬਰ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਆਪਣੇ ਅਧੀਨ ਆਉਂਦੇ ਖੇਤਰ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਵਿੱਚ ਪਾਣੀ ਦੇ ਬਿੱਲਾਂ ’ਚ 5.5 ਗੁਣਾ ਵਾਧਾ ਅਤੇ ਵਿਕਾਸ ਕਾਰਜਾਂ ਦੀ ਅਣਦੇਖੀ ਵਿਰੁੱਧ ਵੱਖ ਵੱਖ ਸੈਕਟਰਾਂ ਦੇ ਵਸਨੀਕ ਸੜਕਾਂ ’ਤੇ ਉਤਰ ਆਏ ਹਨ। ਇਸ ਦੌਰਾਨ ਸੈਕਟਰ-76 ਤੋਂ 80 ਪਲਾਟ ਅਲਾਟਮੈਂਟ ਐੱਡ ਡਿਵੈਲਪਮੈਂਟ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਵੱਖ ਵੱਖ ਸੈਕਟਰਾਂ ਦੇ ਵਸਨੀਕਾਂ ਨੇ ਗਮਾਡਾ ਭਵਨ ਦੇ ਬਾਹਰ ਇੱਕ ਰੋਜ਼ਾ ਭੁੱਖ ਹੜਤਾਲ ’ਤੇ ਬੈਠ ਕੇ ਰੋਸ ਪ੍ਰਗਟਾਇਆ।
ਭੁੱਖ-ਹੜਤਾਲ ’ਤੇ ਬੈਠੇ ਕਮੇਟੀ ਦੇ ਸਰਪ੍ਰਸਤ ਰਘਬੀਰ ਸਿੰਘ ਸੰਧ, ਪ੍ਰਧਾਨ ਸੁੱਚਾ ਸਿੰਘ ਕਲੌੜ, ਸੀਨੀਅਰ ਮੀਤ ਪ੍ਰਧਾਨ ਮੇਜਰ ਸਿੰਘ ਸੈਕਟਰ-77 ਦੇ ਪ੍ਰਧਾਨ ਪ੍ਰਧਾਨ ਦਿਆਲ ਚੰਦ ਅਤੇ ਸੈਥਟਰ-79 ਦੇ ਪ੍ਰਧਾਨ ਐਮਪੀ ਸਿੰਘ ਨੇ ਕਿਹਾ ਕਿ ਮੁਹਾਲੀ ਨਿਗਮ ਅਤੇ ਜਲ ਸਪਲਾਈ ਵਿਭਾਗ ਵੱਲੋਂ ਆਮ ਸ਼ਹਿਰੀਆਂ ਨੂੰ ਸਸਤੇ ਭਾਅ ’ਤੇ ਪੀਣ ਵਾਲਾ ਪਾਣੀ ਮੁਹੱਈਆ ਕੀਤਾ ਜਾ ਰਿਹਾ ਹੈ ਪ੍ਰੰਤੂ ਗਮਾਡਾ ਨੇ ਆਪਣੇ ਅਧੀਨ ਆਉਂਦੇ ਇਲਾਕਿਆਂ ਵਿੱਚ ਅਚਾਨਕ 5.5 ਗੁਣਾ ਪਾਣੀ ਦੇ ਬਿੱਲਾਂ ਵਿੱਚ ਵਾਧਾ ਕਰ ਦਿੱਤਾ ਹੈ ਜਦੋਂਕਿ ਇਨ੍ਹਾਂ ਇਲਾਕਿਆਂ ਵਿੱਚ ਲੋਕਾਂ ਨੂੰ ਲੋੜ ਅਨੁਸਾਰ ਪਾਣੀ ਦੀ ਸਪਲਾਈ ਵੀ ਨਹੀਂ ਹੋ ਰਹੀ ਹੈ। ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਆਗੂਆਂ ਨੇ ਵਿਕਾਸ ਦੀ ਅਣਦੇਖੀ ਦੀ ਗੱਲ ਕਰਦਿਆਂ ਕਿਹਾ ਕਿ ਸੈਕਟਰ-76 ਤੋਂ 80 ਵਿੱਚ ਸੜਕਾਂ ਟੁੱਟੀਆਂ ਹੋਈਆਂ ਹਨ। ਪ੍ਰੀਮਿਕਸ ਪਾਉਣ ਦਾ ਕੰਮ ਨੇਪਰੇ ਨਾ ਚਾੜ੍ਹਨ ਕਾਰਨ ਸੜਕਾਂ ’ਤੇ ਪਹਿਲਾਂ ਪਾਈ ਪ੍ਰੀਮਿਕਸ ਵੀ ਉੱਖੜ ਗਈ ਹੈ। ਸੈਕਟਰ-78-79 ਦੀ ਸੜਕ ’ਤੇ ਨਾਜਾਇਜ਼ ਬਜਰੀ, ਇੱਟਾਂ ਅਤੇ ਹੋਰ ਮਟੀਰੀਅਲ ਵੇਚਿਆ ਜਾ ਰਿਹਾ ਹੈ। ਬਾਕੀ ਰਹਿੰਦੇ ਅਲਾਟੀਆਂ ਨੂੰ ਹਾਲੇ ਤੱਕ ਪਲਾਟਾਂ ਦੇ ਕਬਜ਼ੇ ਨਹੀਂ ਦਿੱਤੇ ਗਏ। ਸੈਕਟਰ-79 ਦਾ ਵਾਟਰ ਵਰਕਸ ਚਾਲੂ ਨਹੀਂ ਕੀਤਾ ਗਿਆ। ਸੈਕਟਰ-85 ਤੋਂ 88 ਅਤੇ ਸੈਕਟਰ-76 ਤੋਂ 80 ਦੇ ਵਿਚਕਾਰਲੀ ਸੜਕ ਚਾਲੂ ਨਾ ਕਰਨਾ, ਸੈਕਟਰ-78 ਅਤੇ ਸੈਕਟਰ-79 ਨੂੰ ਵੰਡਦੀ ਸੜਕ ਦਾ ਬੁਰਾ ਹਾਲ, ਰੋਡ ਗਲੀਆਂ ਨਾ ਬਣਾਉਣਾ, ਸੈਕਟਰਾਂ ਵਿੱਚ ਮਿੰਨੀ ਮਾਰਕੀਟਾਂ ਅਤੇ ਸੈਕਟਰ-78 ਵਿੱਚ ਕਮਿਊਨਿਟੀ ਸੈਂਟਰ ਦੀ ਉਸਾਰੀ ਸ਼ੁਰੂ ਨਾ ਕਰਨਾ, ਪਾਰਕਾਂ ਦਾ ਬੁਰਾ ਹਾਲ ਹੈ, ਵੱਡੇ ਪਾਰਕ ਦੀ ਰੇਲਿੰਗ ਸਟੋਨ ਦੀਵਾਰ ਬਣਾਈ ਜਾਵੇ, ਪੱਕੇ ਟਰੈਕ ਦੇ ਨਾਲ ਨਾਲ ਕੱਚਾ ਟਰੈਕ ਬਣਾਉਣਾ, ਸੜਕਾਂ ’ਤੇ ਕਰਵ-ਚੈਨਲ, ਸੈਕਟਰਾਂ ਵਿੱਚ ਗਾਈਡ ਨਕਸ਼ੇ ਅਤੇ ਨੰਬਰ-ਪਲੇਟਾਂ ਲਗਾਉਣਾ, ਬੰਦ ਪਈਆਂ ਰੋਡ ਗਲੀਆਂ, ਹੋਰ ਨਵੀਆਂ ਰੋਡ ਗਲੀਆਂ ਬਣਾਈਆਂ ਜਾਣ, ਪਿੰਡ ਸੋਹਾਣਾ ਅਤੇ ਸੈਕਟਰ-78 ਵਿੱਚ ਆਰਸੀਸੀ ਦੀਵਾਰ ਨੂੰ ਪੂਰਾ ਕਰਨਾ, ਸੈਕਟਰ-78 ਸੜਕ ’ਤੇ ਬੰਦ ਪਈਆਂ ਸਟਰੀਟ ਲਾਈਟਾਂ ਚਾਲੂ ਕਰਨਾ ਸਮੇਤ ਹੋਰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ।
ਪ੍ਰੈੱਸ ਸਕੱਤਰ ਸਰਦੂਲ ਸਿੰਘ ਪੂੰਨੀਆਂ ਨੇ ਦੋਸ਼ ਲਾਇਆ ਕਿ ਉਕਤ ਸੈਕਟਰਾਂ ਦੇ ਸਰਬਪੱਖੀ ਵਿਕਾਸ ਅਤੇ ਅਲਾਟੀਆਂ ਨੂੰ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਹੀ ਨਹੀਂ ਪਿਛਲੇ 18 ਸਾਲਾਂ ਤੋਂ ਪਲਾਟਾਂ ਦੀ ਉਡੀਕ ਕਰ ਰਹੇ ਬਾਕੀ ਰਹਿੰਦੇ 200 ਸਫਲ ਅਲਾਟੀਆਂ ਨੂੰ ਅਜੇ ਤਾਈਂ ਸਬੰਧਤ ਪਲਾਟਾਂ ਦੇ ਕਬਜ਼ੇ ਨਹੀਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਗਮਾਡਾ ਨੇ ਉਪਰੋਕਤ ਸਮੱਸਿਆਵਾਂ ਦਾ ਜਲਦੀ ਹੱਲ ਨਹੀਂ ਕੀਤਾ ਗਿਆ ਅਤੇ ਪਾਣੀ ਦੇ ਬਿੱਲਾਂ ਵਿੱਚ ਵਾਧਾ ਵਾਪਸ ਨਹੀਂ ਲਿਆ ਗਿਆ ਤਾਂ ਵੱਖ ਵੱਖ ਸੈਕਟਰਾਂ ਦੇ ਲੋਕਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…