
ਬਾਹਰਲੇ ਸੂਬਿਆਂ ਤੋਂ ਆਏ ਮਰੀਜ਼ਾਂ ਕਾਰਨ ਵਧੇ ਕਰੋਨਾ ਦੇ ਮਾਮਲੇ: ਸਿਵਲ ਸਰਜਨ
ਤਿੰਨ ਦਿਨਾਂ ’ਚ ਮਿਲੇ 34 ਕੇਸਾਂ ’ਚੋਂ 9 ਬਾਹਰਲੇ ਅਤੇ 18 ਕੇਸ ਪੀੜਤ ਮਰੀਜ਼ਾਂ ਦੇ ਕਰੀਬੀ
ਲੋਕਾਂ ਨੂੰ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੂਨ:
ਮੁਹਾਲੀ ਜ਼ਿਲ੍ਹੇ ਵਿੱਚ ਪਿਛਲੇ ਤਿੰਨ ਦਿਨਾਂ ਦੌਰਾਨ ਆਏ ਸੱਭ ਤੋਂ ਵੱਧ 34 ‘ਕੋਰੋਨਾਵਾਇਰਸ’ ਕੇਸਾਂ ’ਚੋਂ ਬਹੁਤੇ ਕੇਸ ਬਾਹਰਲੇ ਰਾਜਾਂ ਤੋਂ ਆਏ ਵਿਅਕਤੀਆਂ ਜਾਂ ਉਨ੍ਹਾਂ ਦੇ ਕਰੀਬੀਆਂ ਜਾਂ ਸੰਪਰਕਾਂ ਦੇ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ 12 ਜੂਨ ਤੋਂ 14 ਜੂਨ ਤਕ ਜ਼ਿਲ੍ਹੇ ਵਿਚ ਕੁਲ 34 ਮਾਮਲੇ ਸਾਹਮਣੇ ਆਏ ਹਨ ਜੋ ਹੁਣ ਤੱਕ ਦੇ ਜ਼ਿਲ੍ਹੇ ਦੇ ਤਿੰਨ ਦਿਨਾਂ ਦੇ ਸਭ ਤੋਂ ਵੱਧ ਕੇਸ ਹਨ। ਉਨ੍ਹਾਂ ਦਸਿਆ, ‘ਕੁਲ 34 ਕੇਸਾਂ ਵਿਚੋਂ 9 ਕੇਸ ਦਿੱਲੀ, ਮੁੰਬਈ, ਯੂਪੀ ਅਤੇ ਮੁਜ਼ੱਫ਼ਰਪੁਰ ਤੋਂ ਆਏ ਮਰੀਜ਼ਾਂ ਦੇ ਹਨ ਜਦਕਿ 18 ਕੇਸ ਇਨ੍ਹਾਂ ਮਰੀਜ਼ਾਂ ਦੇ ਨਜ਼ਦੀਕੀਆਂ ਜਾਂ ਇਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲਿਆਂ ਨਾਲ ਸਬੰਧਤ ਹਨ। ਇੰਜ 34 ’ਚੋਂ 27 ਕੇਸ ਬਾਹਰਲੇ ਹਨ।’ ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਸੱਤ ਕੇਸ ਜ਼ਿਲ੍ਹੇ ਦੇ ਉਨ੍ਹਾਂ ਵਿਅਕਤੀਆਂ ਨਾਲ ਸਬੰਧਤ ਹਨ ਜਿਹੜੇ ਇਫ਼ਲੂਐਂਜ਼ਾ ਲਾਈਕ ਇਲਨੈਸ ਯਾਨੀ ਸ਼ੂਗਰ ਆਦਿ ਬੀਮਾਰੀਆਂ ਤੋਂ ਪਹਿਲਾਂ ਹੀ ਪੀੜਤ ਸਨ। ਇਨ੍ਹਾਂ ਮਰੀਜ਼ਾਂ ਦੀ ਬੀਮਾਰੀ ਦੇ ਸਰੋਤ ਅਤੇ ਸੰਪਰਕਾਂ ਨੂੰ ਲੱਭਣ ਦਾ ਅਮਲ ਜਾਰੀ ਹੈ। ਬਾਹਰੋਂ ਆਏ 9 ਮਰੀਜ਼ਾਂ ਵਿਚ 4 ਦਿੱਲੀ ਤੋਂ, 1 ਮੁੰਬਈ ਤੋਂ ਅਤੇ 4 ਯੂਪੀ ਤੋਂ ਪਰਤੇ।
ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਉਕਤ ਕੇਸਾਂ ’ਚੋਂ 9 ਵਿਅਕਤੀ ਬਾਹਰਲੇ ਰਾਜਾਂ ਖ਼ਾਸਕਰ ਦਿੱਲੀ ਤੋਂ ਜ਼ਿਲ੍ਹੇ ਵਿੱਚ ਦਾਖ਼ਲ ਹੋਏ ਜਿਹੜੇ ਪਹਿਲਾਂ ਹੀ ਕੋਰੋਨਾ ਵਾਇਰਸ ਤੋਂ ਪੀੜਤ ਸਨ ਅਤੇ ਜਿਨ੍ਹਾਂ ਕਾਰਨ ਜ਼ਿਲ੍ਹੇ ਵਿਚ ਰਹਿੰਦੇ ਉਨ੍ਹਾਂ ਦੇ ਪਰਵਾਰਕ ਜੀਆਂ ਜਾਂ ਸੰਪਰਕਾਂ ਨੂੰ ਵੀ ਇਹ ਬੀਮਾਰੀ ਲੱਗੀ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਹਰੋਂ ਆਏ ਸਾਰੇ ਮਰੀਜ਼ਾਂ ਦਾ ਗਿਆਨ ਸਾਗਰ ਹਸਪਤਾਲ ਵਿੱਚ ਸੁਚੱਜਾ ਅਤੇ ਮਿਆਰੀ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਸਾਰੇ ਵਿਅਕਤੀ ਬਾਹਰਲੇ ਰਾਜਾਂ ਤੋਂ ਆਏ ਹਨ ਅਤੇ ਜ਼ਿਲ੍ਹਾ ਮੁਹਾਲੀ ਦੇ ਵਾਸੀ ਹੋਣ ਕਾਰਨ ਜ਼ਿਲ੍ਹੇ ਦੇ ਮਰੀਜ਼ਾਂ ਦੀ ਸੂਚੀ ਵਿੱਚ ਪੈ ਗਏ ਹਨ ਪਰ ਇਸ ਸਭ ਦੇ ਬਾਵਜੂਦ ਜ਼ਿਲ੍ਹਾ ਸਿਹਤ ਵਿਭਾਗ ਦੀਆਂ ਵੱਖ ਵੱਖ ਟੀਮਾਂ ਨੇ ਪੂਰੀ ਮਿਹਨਤ ਅਤੇ ਸਾਵਧਾਨੀ ਨਾਲ ਜਿਥੇ ਮਰੀਜ਼ਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ, ਉਥੇ ਉਨ੍ਹਾਂ ਦੇ ਪਾਜ਼ੇਟਿਵ ਸੰਪਰਕਾਂ ਨੂੰ ਵੀ ਲਭ ਕੇ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾ ਕੇ ਉਨ੍ਹਾਂ ਨੂੰ ਮਿਆਰੀ ਇਲਾਜ ਮੁਹਈਆ ਕਰਵਾਇਆ ਜਾ ਰਿਹਾ ਹੈ।
ਡਾ. ਮਨਜੀਤ ਸਿੰਘ ਨੇ ‘ਕੋਰੋਨਾ ਵਾਇਰਸ’ ਮਹਾਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਮੁੜ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਲੋਕ ਮਾੜੀ-ਮੋਟੀ ਵੀ ਲਾਪਰਵਾਹੀ ਵਿਖਾਉਣਗੇ ਤਾਂ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇ ਕੋਈ ਵਿਅਕਤੀ ਕਿਸੇ ਬਾਹਰਲੇ ਸੂਬੇ ਜਾਂ ਹੋਰ ਥਾਂ ਤੋਂ ਆਇਆ ਹੈ ਤਾਂ ਉਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 0172 2219506 ’ਤੇ ਤੁਰੰਤ ਜਾਣਕਾਰੀ ਦਿਤੀ ਜਾਵੇ। ਉਨ੍ਹਾਂ ਲੋਕਾਂ ਨੂੰ ਬਾਹਰ ਨਿਕਲਣ ਸਮੇਂ ਮਾਸਕ, ਰੁਮਾਲ, ਕਪੜੇ, ਚੁੰਨੀ, ਪਰਨੇ ਆਦਿ ਨਾਲ ਮੂੰਹ ਢੱਕ ਕੇ ਰੱਖਣ, ਇਕ ਦੂਜੇ ਤੋਂ ਜ਼ਰੂਰੀ ਫਾਸਲਾ ਰੱਖਣ ਅਤੇ ਵਾਰ-ਵਾਰ ਹੱਥ ਧੋਣ ਲਈ ਵੀ ਆਖਿਆ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਇਸ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਅਪਣੇ ਤੌਰ ’ਤੇ ਪੂਰੀ ਮਿਹਨਤ ਅਤੇ ਸਾਵਧਾਨੀ ਨਾਲ ਡਟਿਆ ਹੋਇਆ ਹੈ ਪਰ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਸ ਬੀਮਾਰੀ ਦਾ ਖ਼ਾਤਮਾ ਸੰਭਵ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਮਾੜੀ-ਮੋਟੀ ਤਕਲੀਫ਼ ਹੋਣ ’ਤੇ ਹਸਪਤਾਲ ਨਾ ਜਾਇਆ ਜਾਵੇ। ਇਸ ਦੀ ਬਜਾਏ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕਰ ਕੇ ਮਾਹਰ ਡਾਕਟਰ ਦੀ ਸਲਾਹ ਲਈ ਜਾਵੇ।