nabaz-e-punjab.com

ਮੁਹਾਲੀ ਵਾਸੀਆਂ ਦੇ ਜ਼ਮਹੂਰੀ ਅਧਿਕਾਰਾਂ ਨਾਲ ਧੱਕਾ ਹੈ ਗਮਾਡਾ ਵੱਲੋਂ ਪਾਣੀ ਸਪਲਾਈ ਦੇ ਰੇਟ ਵਿੱਚ ਵਾਧੇ ਦੀ ਕਾਰਵਾਈ

ਸ਼ਹਿਰ ਵਿੱਚ ਪਾਣੀ ਦੇ ਰੇਟ ਨਿਰਧਾਰਨ ਕਰਨ ਦਾ ਅਧਿਕਾਰ ਸਿਰਫ਼ ਨਗਰ ਨਿਗਮ ਕੋਲ: ਕੁਲਜੀਤ ਬੇਦੀ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਗਮਾਡਾ ਵੱਲੋਂ ਬੀਤੇ ਦਿਨ ਪਾਣੀ ਸਪਲਾਈ ਦੇ ਰੇਟ ਵਿੱਚ ਕੀਤੇ ਗਏ ਇਸ ਵਾਧੇ ਨਾਲ ਸ਼ਹਿਰ ਦੇ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਦੇ ਵਸਨੀਕਾਂ ਨੂੰ ਹੁਣ ਪਾਣੀ ਦੇ ਬਦਲੇ ਵੱਧ ਰਕਮ ਅਦਾ ਕਰਨੀ ਪਵੇਗੀ ਜਦੋਂ ਕਿ ਬਾਕੀ ਦੇ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਪੁਰਾਣੇ ਰੇਟ ਹੀ ਲਾਗੂ ਰਹਿਣਗੇ। ਅਜਿਹਾ ਹੋਣ ਕਾਰਨ ਹੁਣ ਨਗਰ ਨਿਗਮ ਦੇ ਅਧੀਨ ਪੈਂਦੇ ਖੇਤਰ ਦੇ ਵਸਨੀਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਬਦਲੇ ਸਰਕਾਰੀ ਵਿਭਾਗਾਂ ਨੂੰ ਵੱਖਰੀ ਵੱਖਰੀ ਰਕਮ ਦੀ ਅਦਾਇਗੀ ਕਰਨੀ ਪਵੇਗੀ ਅਤੇ ਗਮਾਡਾ ਦੀ ਇਸ ਕਾਰਵਾਈ ਨਾਲ ਨਗਰ ਨਿਗਮ ਦੀ ਸਥਿਤੀ ਹਾਸੋ ਹੀਣੀ ਬਣ ਕੇ ਰਹਿ ਗਈ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਸੈਕਟਰ-66 ਤੋਂ 69 ਅਤੇ ਸੈਕਟਰ-76 ਤੋਂ 80 ਦੇ ਖੇਤਰ ਕਈ ਸਾਲ ਪਹਿਲਾਂ ਨਗਰ ਨਿਗਮ ਵਿੱਚ ਸ਼ਾਮਲ ਕੀਤਾ ਜਾ ਚੁੱਕਿਆ ਹੈ ਅਤੇ ਇਹਨਾਂ ਸੈਕਟਰਾਂ ਤੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ (ਕੌਂਸਲਰ) ਵੀ ਮੌਜੂਦ ਹਨ। ਇਹਨਾਂ ਸੈਕਟਰਾਂ ਨੂੰ ਗਮਾਡਾ ਵਲੋੱ ਨਗਰ ਨਿਗਮ ਦੇ ਹਵਾਲੇ ਵੀ ਕੀਤਾ ਜਾ ਚੁੱਕਿਆ ਹੈ ਪ੍ਰੰਤੂ ਇਸ ਦੌਰਾਨ ਗਮਾਡਾ ਵਲੋੱ ਇਹਨਾਂ ਸੈਕਟਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਕੰਮ ਆਪਣੇ ਹੱਥਾਂ ਵਿੱਚ ਹੀ ਰੱਖਿਆ ਗਿਆ ਹੈ ਅਤੇ ਇਹੀ ਕਾਰਨ ਹੈ ਕਿ ਹੁਣ ਗਮਾਡਾ ਵਲੋੱ ਆਪਣੇ ਪੱਧਰ ਤੇ ਹੀ ਇਹਨਾਂ ਸੈਕਟਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਰੇਟ ਵਧਾ ਦਿੱਤੇ ਗਏ ਹਨ।
ਗਮਾਡਾ ਵਲੋੱ ਪਾਣੀ ਸਪਲਾਈ ਦ ਰੇਟ ਵਿੱਚ ਕੀਤੇ ਵਾਧੇ ਦੀ ਇਸ ਕਾਰਵਾਈ ਦਾ ਇਹਨਾਂ ਸੈਕਟਰਾਂ ਦੇ ਵਸਨੀਕਾਂ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਹਨਾਂ ਸੈਕਟਰਾਂ ਦੇ ਚੁਣੇ ਹੋਏ ਨੁਮਾਇੰਦੇ ਕਹਿੰਦੇ ਹਨ ਕਿ ਗਮਾਡਾ ਦੀ ਇਹ ਕਾਰਵਾਈ ਸ਼ਹਿਰ ਵਾਸੀਆਂ ਦੇ ਲੋਕਤਾਂਤਰਿਕ ਅਧਿਕਾਰਾਂ ਤੇ ਡਾਕਾ ਮਾਰਨ ਵਰਗੀ ਹੀ ਹੈ। ਇਹਨਾਂ ਕੌਂਸਲਰਾਂ ਦਾ ਕਹਿਣਾ ਹੈ ਕਿ ਜਦੋੱ ਸ਼ਹਿਰ ਵਿੱਚ ਲੋਕਾਂ ਦੀ ਚੁਣੀ ਹੋਈ ਮਿਉੱਸਪਲ ਕਾਰਪੋਰੇਸ਼ਨ ਮੌਜੂਦ ਹੈ ਫਿਰ ਇਸ ਸੰਬੰਧੀ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਨਗਰ ਨਿਗਮ ਦਾ ਹੀ ਹੈ।
ਸੈਕਟਰ-68 ਦੇ ਕੌਂਸਲਰ ਸ੍ਰੀ ਬੌਬੀ ਕੰਬੋਜ ਇਸ ਬਾਰੇ ਕਹਿੰਦੇ ਹਨ ਕਿ ਗਮਾਡਾ ਵਲੋੱ ਇਸ ਤਰੀਕੇ ਨਾਲ ਪਾਣੀ ਦੇ ਰੇਟ ਵਧਾਉਣ ਦੀ ਕਾਰਵਾਈ ਨੂੰ ਲੋਕ ਬਰਦਸ਼ਤ ਨਹੀਂ ਕਰਨਗੇ। ਉਹਨਾਂ ਕਿਹਾ ਕਿ ਇਹਨਾਂ ਸੈਕਟਰਾਂ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਪੂਰੀ ਨਹੀਂ ਮਿਲਦੀ ਅਤੇ ਅਕਸਰ ਗੰਧਲਾ ਪਾਣੀ ਸਪਲਾਈ ਕੀਤਾ ਜਾਂਦਾ ਹੈ ਪਰੰਤੂ ਗਮਾਡਾ ਵਿੱਚ ਇਸ ਸੰਬੰਧੀ ਸ਼ਿਕਾਇਤ ਕਰਨ ਤੇ ਕੋਈ ਸੁਣਵਾਈ ਨਹੀਂ ਹੁੰਦੀ। ਸੈਕਟਰ-69 ਦੇ ਕੌਂਸਲਰ ਸਤਵੀਰ ਸਿੰਘ ਧਨੋਆ ਵੀ ਗਮਾਡਾ ਦੀ ਇਸ ਕਾਰਵਾਈ ਦੇ ਵਿਰੁਧ ਵਿੱਚ ਆ ਗਏ ਹਨ। ਉਹਨਾਂ ਕਿਹਾ ਕਿ ਇਸ ਸੰਬੰਧੀ ਕੋਈ ਵੀ ਫੈਸਲਾ ਹਾਉਸ ਦੀ ਮੀਟਿੰਗ ਵਿੱਚ ਹੀ ਹੋਣਾ ਚਾਹੀਦਾ ਹੈ ਅਤੇ ਗਮਾਡਾ ਵਲੋੱ ਆਪਣੇ ਪੱਧਰ ਤੇ ਇਹ ਕਾਰਵਾਈ ਤੁਰੰਤ ਵਾਪਸ ਹੋਣੀ ਚਾਹੀਦੀ ਹੈ।
ਉਧਰ, ਮਿਉਂਸਪਲ ਕੌਂਸਲਰ ਕੁਲਜੀਤ ਸਿੰਘ ਬੇਦੀ ਇਸ ਬਾਰੇ ਕਹਿੰਦੇ ਹਨ ਕਿ ਹੈਰਾਨੀ ਦੀ ਗੱਲ ਹੈ ਕਿ ਗਮਾਡਾ ਵੱਲੋਂ ਆਪਣੇ ਪੱਧਰ ਤੇ ਇਕਤਰਫਾ ਫੈਸਲਾ ਲੈਂਦਿਆਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਹੈ ਜਦੋੱਕਿ ਗਮਾਡਾ ਵਲੋੱ ਹੁਣ ਤਕ ਇਹਨਾਂ ਸੈਕਟਰਾਂ ਦੇ ਵਸਨੀਕਾਂ ਨੂੰ ਉਹਨਾਂ ਦੀ ਲੋੜ ਅਨੁਸਾਰ ਪਾਣੀ ਦੀ ਸਪਲਾਈ ਯਕੀਨੀ ਨਹੀਂ ਕਰ ਪਾਇਆ ਹੈ। ਉਹਨਾਂ ਕਿਹਾ ਕਿ ਉੱਝ ਵੀ ਸ਼ਹਿਰ ਦੇ ਵੱਖ ਵੱਖ ਖੇਤਰਾਂ ਦੇ ਵਸਨੀਕਾਂ ਤੋੱ ਪਾਣੀ ਦੀ ਸਪਲਾਈ ਬਦਲੇ ਵੱਖ ਵੱਖ ਰੇਟਾਂ ਦੀ ਵਸੂਲੀ ਦੀ ਕਾਰਵਾਈ ਨੂੰ ਕਿਸੇ ਵੀ ਤਰ੍ਹਾਂ ਜਾਇਜ ਨਹੀਂ ਮੰਨਿਆ ਜਾ ਸਕਦਾ ਅਤੇ ਇਸ ਸਬੰਧੀ ਕੋਈ ਵੀ ਫੈਸਲਾ ਨਗਰ ਨਿਗਮ ਦੀ ਮੀਟਿੰਗ ਵਿੱਚ ਵਿਚਾਰਿਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗਮਾਡਾ ਜੇਕਰ ਆਪਣੇ ਪੱਧਰ ਤੇ ਇਹਨਾਂ ਸੈਕਟਰਾਂ ਵਿੰਚ ਪਾਣੀ ਦੀ ਸਪਲਾਈ ਕਰਨ ਦਾ ਸਮਰਥ ਨਹੀਂ ਹੈ ਤਾਂ ਉਹ ਇਹਨਾਂ ਸੈਕਟਰਾਂ ਵਿੱਚ ਪਾਣੀ ਸਪਲਾਈ ਦਾ ਕੰਮ ਨਿਗਮ ਦੇ ਹਵਾਲੇ ਕਰੇ ਪਰੰਤੂ ਇਸ ਤਰੀਕੇ ਨਾਲ ਪਾਣੀ ਸਪਲਾਈ ਦੇ ਰੇਟ ਵਿੱਚ ਵਾਧਾ ਕਰਨ ਦੀ ਕੋਈ ਤੁਕ ਨਹੀਂ ਬਣਦੀ।
ਉਹਨਾਂ ਕਿਹਾ ਕਿ ਇਸ ਸੰਬੰਧੀ ਕੋਈ ਵੀ ਕਾਰਵਾਈ ਨਗਰ ਨਿਗਮ ਨੂੰ ਭਰੋਸੇ ਵਿੱਚ ਲਿਆ ਬਿਨਾਂ ਨਹੀਂ ਕੀਤੀ ਜਾਣੀ ਚਾਹੀਦੀ ਅਤੇ ਇਸ ਸੰਬੰਧੀ ਹਾਉਸ ਵਿੱਚ ਮਤਾ ਲਿਆਂਦਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਿਹਤਰ ਹੁੰਦਾ ਕਿ ਗਮਾਡਾ ਵਲੋੱ ਪਾਣੀ ਸਪਲਾਈ ਵਿੱਚ ਵਾਧੇ ਦੀ ਇਸ ਤਜਵੀਜ ਨੂੰ ਜਾਂ ਤਾਂ ਸਥਾਨਕ ਸਰਕਾਰ ਵਿਭਾਗ ਨੂੰ ਭੇਜਿਆ ਜਾਂਦਾ ਜਾਂ ਫਿਰ ਨਗਰ ਨਿਗਮ ਨੂੰ ਭਰੋਸੇ ਵਿੱਚ ਲਿਆ ਜਾਂਦਾ ਪਰੰਤੂ ਇਸ ਤਰੀਕੇ ਨਾਲ ਕੀਤੀ ਗਈ ਇਹ ਕਾਰਵਾਈ ਸ਼ਹਿਰ ਵਾਸੀਆਂ ਦੇ ਜਮਹੂਰੀ ਅਧਿਕਾਰਾਂ ਨਾਲ ਧੱਕਾ ਹੈ ਅਤੇ ਇਹ ਕਾਰਵਾਈ ਤੁਰੰਤ ਵਾਪਸ ਹੋਣੀ ਚਾਹੀਦੀ ਹੈ।
ਮਾਮਲੇ ਦੀ ਪੂਰੀ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ: ਮੇਅਰ
ਇਸ ਸਬੰਧੀ ਮੁਹਾਲੀ ਨਗਰ ਨਿਗਮ ਦੇ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਉਹ ਇਸ ਸਬੰਧੀ ਪੂਰੀ ਜਾਣਕਾਰੀ ਹਾਸਲ ਕਰ ਰਹੇ ਹਨ ਅਤੇ ਇਸ ਸਬੰਧੀ ਪੂਰੀ ਸਟਡੀ ਕਰਨ ਤੋਂ ਬਾਅਦ ਨਿਗਮ ਵੱਲੋਂ ਜੋ ਵੀ ਕਾਰਵਾਈ ਲੋੜੀਂਦੀ ਹੋਈ ਉਹ ਅੰਜਾਮ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…