
ਮਾਨਸਿਕ ਤਣਾਅ ਕਾਰਨ ਵਿਦਿਆਰਥੀਆਂ ’ਚ ਵਧ ਰਿਹਾ ਖ਼ੁਦਕੁਸ਼ੀ ਦਾ ਰੁਝਾਨ: ਗਿੱਲ
ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਨੇ ਕੌਮੀ ਕ੍ਰਾਈਮ ਰਿਕਾਰਡ ਬਿਊਰੋ ਦੇ ਹਵਾਲੇ ਨਾਲ ਪੇਸ਼ ਕੀਤੇ ਅੰਕੜੇ
ਦੁਨੀਆ ਦੀ ਆਤਮ-ਹੱਤਿਆ ਰਾਜਧਾਨੀ ਬਣਨ ਵੱਲ ਵੱਧ ਰਿਹਾ ਹੈ ਭਾਰਤ: ਓਪਿੰਦਰਪ੍ਰੀਤ ਕੌਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਭਾਰਤ ਵਿੱਚ ਖ਼ੁਦਕੁਸ਼ੀਆਂ ਅਤੇ ਸਿਹਤ ਨਾਲ ਸਬੰਧਤ ਹੋਰ ਮਾਨਸਿਕ ਮਸਲਿਆਂ ਵਿੱਚ ਤੇਜ਼ੀ ਨਾਲ ਹੋਣ ਵਾਲੇ ਵਾਧੇ ਵੱਲ ਧਿਆਨ ਦਿਵਾਉਣ ਲਈ ਅੱਜ ਸਮਾਜ ਸੇਵੀ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਵੱਲੋਂ ਐਮਏਸੀਟੀ ਅਤੇ ਵਾਈਟਲ ਸਟਰੈਟੀਜੀਸ ਦੇ ਸਹਿਯੋਗ ਨਾਲ ਸਕੂਲੀ ਬੱਚਿਆਂ ਅਤੇ ਨੌਜਵਾਨਾਂ ਦੀ ਸਿਹਤ, ਸੁਰੱਖਿਆ ਅਤੇ ਤੰਦਰੁਸਤੀ ਨੂੰ ਲੈ ਕੇ ਵੈਬੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਭਾਰਤ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 1200 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।
ਇਸ ਮੌਕੇ ਸੰਸਥਾ ਦੀ ਮੁਖੀ ਅਤੇ ਪ੍ਰੋਗਰਾਮ ਡਾਇਰੈਕਟਰ ਓਪਿੰਦਰਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਸਕੂਲੀ ਬੱਚਿਆਂ ਅਤੇ ਨੌਜਵਾਨਾਂ ਦੇ ਮਸਲਿਆਂ ਵੱਲ ਧਿਆਨ ਖਿੱਚਣ ਲਈ ਇਹ ਵੈਬੀਨਾਰ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜਿਵੇਂ ਕਿ ਭਾਰਤੀ ਨੌਜਵਾਨ ਵਧੇਰੇ ਪ੍ਰਗਤੀਸ਼ੀਲ ਹੁੰਦਾ ਜਾ ਰਿਹਾ ਹੈ, ਉਨ੍ਹਾਂ ਦੇ ਰਵਾਇਤੀ ਪਰਿਵਾਰ ਬੱਚਿਆਂ ਦੇ ਪੇਸ਼ੇ ਚੁਣਨ, ਵਿਆਹ ਦੀ ਉਮਰ ਤੈਅ ਕਰਨ, ਵਿਆਹ ਤੋਂ ਪਹਿਲਾਂ ਸਰੀਰਕ ਸਬੰਧ ਸਥਾਪਿਤ ਕਰਨ, ਲਿਵ ਇਨ ਰਿਲੇਸ਼ਨਸ਼ਿਪ, ਜਿਣਸੀ ਸਬੰਧਾਂ ਪ੍ਰਤੀ ਉਨ੍ਹਾਂ ਦੀ ਪਹੁੰਚ ਨੂੰ ਲੈ ਕੇ ਬਹੁਤ ਹੀ ਘੱਟ ਹਮਾਇਤੀ ਹੁੰਦੇ ਹਨ। ਇਸ ਦਾ ਉਨ੍ਹਾਂ ਦੀ ਪੜ੍ਹਾਈ ਅਤੇ ਮਾਨਸਿਕ ਵਿਕਾਸ ’ਤੇ ਮਾੜਾ ਅਸਰ ਪੈਂਦਾ ਹੈ। ਸਮਾਜਿਕ ਤਣਾਅ ਅਤੇ ਦਬਾਅ ਕਾਰਨ ਉਨ੍ਹਾਂ ਨੂੰ ਖ਼ੁਦਕੁਸ਼ੀ ਦਾ ਰਾਹ ਬਹੁਤ ਆਸਾਨ ਲਗਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੇ ਨੌਜਵਾਨਾਂ ਅੰਦਰ ਖ਼ੁਦਕੁਸ਼ੀ ਦੀ ਸਭ ਤੋਂ ਉੱਚੀ ਦਰ ਦਾ ਸਾਹਮਣਾ ਕਰ ਰਿਹਾ ਹੈ ਅਤੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅਨੁਸਾਰ ਭਾਰਤ ਵਿੱਚ ਹਰ ਮਿੰਟ ਬਾਅਦ ਇੱਕ ਵਿਦਿਆਰਥੀ ਖ਼ੁਦਕੁਸ਼ੀ ਕਰਦਾ ਹੈ।
ਇਸ ਤੋਂ ਪਹਿਲਾਂ ਟੀਬੀ ਤੇ ਲੰਗ ਡਿਸੀਸਿਜ਼ ਦੇ ਡਿਪਟੀ ਡਾਇਰੈਕਟਰ ਡਾ. ਰਾਣਾ ਜੇ ਸਿੰਘ ਨੇ ਕਿਹਾ ਕਿ ਬੱਚੇ ਆਪਣੇ ਮਾਪਿਆਂ ਅਤੇ ਦੋਸਤਾਂ ਵਿੱਚ ਹਮਾਇਤੀ ਸੁਭਾਅ ਲੱਭਣ ਵਿੱਚ ਅਸਮਰੱਥ ਰਹਿੰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਖ਼ਤਮ ਕਰਨ ਲਈ ਖ਼ੁਦਕੁਸ਼ੀ ਦਾ ਰਾਹ ਸੌਖਾ ਲਗਦਾ ਹੈ। ਆਈਏਐਸ (ਸੇਵਾਮੁਕਤ) ਵਿਵੇਕ ਅਤਰੇ ਨੇ ਕਿਹਾ ਕਿ ਜਦੋਂ ਬੱਚਿਆਂ ਨੂੰ ਪਰਿਵਾਰ ਵੱਲੋਂ ਸਮਾਜਿਕ ਪ੍ਰਵਾਨਗੀ ਨਹੀਂ ਮਿਲਦੀ ਤਾਂ ਉਹ ਸ਼ੋਸ਼ਲ ਮੀਡੀਆ ਰਾਹੀਂ ਲਾਈਕ ਅਤੇ ਕੁਮੈਂਟਾਂ ਰਾਹੀਂ ਸਮਰਥਨ ਲੱਭਣਾ ਸ਼ੁਰੂ ਕਰਦੇ ਹਨ ਅਤੇ ਬੱਚਿਆਂ ਦਾ ਖ਼ੁਦ ਪ੍ਰਤੀ ਵਧਦਾ ਇਹ ਅਸੰਤੋਸ਼ ਉਨ੍ਹਾਂ ਨੂੰ ਡਿਗਦੇ ਸਵੈ-ਮਾਣ ਵੱਲ ਧੱਕਦਾ ਹੈ। ਮਾਪਿਆਂ ਅਤੇ ਅਧਿਆਪਕਾਂ ਨੂੰ ਬੱਚਿਆਂ ਅੰਦਰ ਇਨ੍ਹਾਂ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੀ ਕੌਂਸਲਿੰਗ ਕਰਨੀ ਚਾਹੀਦੀ ਹੈ।
ਆਸ਼ਿਆਨਾ ਦੀ ਸੀਨੀਅਰ ਕੌਂਸਲਰ ਮਿਸ ਸੀਮਾ ਗੁਪਤਾ ਨੇ ਕਿਹਾ ਕਿ 20 ਫੀਸਦੀ ਬੱਚੇ ਮਾਨਸਿਕ ਵਿਕਾਰਾਂ ਜਿਵੇਂ ਗੁੱਸਾ, ਚਿੰਤਾ, ਦਬਾਓ, ਧਿਆਨ ਦੀ ਕਮੀ, ਹਾਈਪਰ ਐਕਟੀਵਿਟੀ, ਆਤਮ ਕੇਂਦਰਤਾ ਅਤੇ ਨਸ਼ਿਆਂ ਦੇ ਸੇਵਨ ਤੋਂ ਪੀੜਤ ਹਨ। ਜੇ ਮਾਪੇ ਆਪਣੇ ਬੱਚਿਆਂ ਵਿੱਚ ਅਜਿਹੇ ਲੱਛਣ ਦਿੱਖਣ ਤਾਂ ਉਨ੍ਹਾਂ ਨੂੰ ਕਿਸੇ ਪੇਸ਼ੇਵਰ ਦੀ ਸਲਾਹ ਲੈਣੀ ਚਾਹੀਦੀ ਹੈ।
ਸ੍ਰੀ ਲੰਕਾ ਦੀ ਕਲੰਬੋ ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ ਮਨੋਰੋਗ ਵਿਭਾਗ ਦੇ ਫੈਕਲਟੀ ਮੈਡੀਸਨ ਡਾ. ਮਹੇਸ਼ ਰਾਜਾਸੁਰਿਆ ਨੇ ਕਿਹਾ ਕਿ ਮਾਨਸਿਕ ਰੋਗ ਤੋਂ ਜੂਝ ਰਹੇ ਬੱਚਿਆਂ ਅੰਦਰ ਨਾਜਾਇਜ਼ ਪਦਾਰਥਾਂ ਦਾ ਸੇਵਨ ਅਤੇ ਅਪਰਾਧੀਆਂ ਵਾਂਗ ਵਰਤਾਓ ਕਰਨ ਅਤੇ ਖ਼ਤਰੇ ਮੁੱਲ ਲੈਣ ਦੀ ਸੰਭਾਵਨਾ ਵੱਧ ਹੁੰਦੀ ਹੈ। ਵੈਬੀਨਾਰ ਦੌਰਾਨ ਪੂਰੇ ਭਾਰਤ ’ਚੋਂ ਹਿੱਸਾ ਲੈਣ ਵਾਲੇ ਬੱਚਿਆਂ ਵੱਲੋਂ ਤਣਾਓ ਅਤੇ ਸੁੰਗੜ ਰਹੇ ਸਵੈ-ਮਾਣ ਦੇ ਦਾਇਰੇ ਨਾਲ ਲੜਨ ਦੇ ਤਰੀਕਿਆਂ ਸਬੰਧੀ ਕਈ ਸਵਾਲ ਚੁੱਕੇ ਗਏ। ਜਿਨ੍ਹਾਂ ਦੇ ਜਵਾਬ ਮਨੋਵਿਗਿਆਨਕ ਡਾ. ਮੀਰਾ ਬੀ ਨੇ ਦਿੱਤੇ।