
ਆਜ਼ਾਦੀ ਦਿਹਾੜਾ: ਭਾਜਪਾ ਵਰਕਰਾਂ ਨੇ ਉਡਾਈਆਂ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ, ਤਿਰੰਗਾ ਯਾਤਰਾ ਕੱਢੀ
ਮੁਹਾਲੀ ਸ਼ਹਿਰ ਦੀਆਂ ਸੜਕਾਂ ’ਤੇ ਗੂੰਜੇ ਭਾਰਤ ਮਾਤਾ ਦੀ ਜੈ ਦੇ ਨਾਅਰੇ
ਨਬਜ਼-ਏ-ਪੰਜਾਬ, ਮੁਹਾਲੀ, 16 ਅਗਸਤ:
ਆਜ਼ਾਦੀ ਦਿਵਸ ਦੇ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਦੀ ਅਗਵਾਈ ਹੇਠ ‘ਤਿਰੰਗਾ ਯਾਤਰਾ’ ਕੱਢੀ ਗਈ। ਜਿਸ ਵਿੱਚ ਭਾਜਪਾ ਦੇ ਸਮੂਹ ਮੰਡਲ ਪ੍ਰਧਾਨਾਂ, ਸਰਗਰਮ ਵਰਕਰਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਰੈਜ਼ੀਡੈਂਟ ਐਸੋਸੀਏਸ਼ਨਾਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਅਤੇ ਉਦਯੋਗਪਤੀਆਂ ਨੇ ਹਿੱਸਾ ਲਿਆ।
ਇਹ ਤਿਰੰਗਾ ਯਾਤਰਾ ਇੱਥੋਂ ਦੇ ਫੇਜ਼-7 ਸਥਿਤ ਟਰੈਫ਼ਿਕ ਲਾਈਟ ਪੁਆਇੰਟ ਤੋਂ ਸ਼ੁਰੂ ਹੋਈ, ਜੋ ਬੋਗਨਵਿਲੀਆ ਗਾਰਡਨ ਫੇਜ਼-4 ਪਹੁੰਚ ਸਮਾਪਤ ਹੋਈ। ਉਪਰੰਤ ਇੱਥੋਂ ਹੀ ਇੱਕ ਮੋਟਰ ਸਾਈਕਲ ਰੈਲੀ ਕੱਢੀ ਗਈ। ਇਸ ਦੌਰਾਨ ਜ਼ਿਆਦਾਤਰ ਭਾਜਪਾ ਵਰਕਰਾਂ ਨੇ ਸ਼ਰ੍ਹੇਆਮ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ ਉਡਾਈਆਂ। ਕਿਸੇ ਵੀ ਭਾਜਪਾ ਵਰਕਰ ਨੇ ਸਿਰ ’ਤੇ ਹੈਲਮਟ ਨਹੀਂ ਪਾਇਆ ਹੋਇਆ ਸੀ। ਇਹੀ ਨਹੀਂ ਇੱਕ ਮੋਟਰ ਸਾਈਕਲ ’ਤੇ 3-3 ਜਣੇ ਸਵਾਰ ਸਨ।
ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਦੱਸਿਆ ਕਿ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਭਾਜਪਾ ਵਰਕਰਾਂ ਨੇ ਆਪਣੇ ਹੱਥਾਂ ਵਿੱਚ ਤਿਰੰਗੇ ਝੰਡੇ ਲੈ ਕੇ ਪੂਰੇ ਸ਼ਹਿਰ ਦੀ ਪਰਿਕਰਮਾ ਕੀਤੀ। ਇਸ ਦੌਰਾਨ ਪੂਰਾ ਸ਼ਹਿਰ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਉਨ੍ਹਾਂ ਕਿਹਾ ਕਿ ਸਮੂਹ ਨਾਗਰਿਕਾਂ ਖ਼ਾਸ ਕਰਕੇ ਨੌਜਵਾਨਾਂ ਨੂੰ ਦੇਸ਼ ਭਗਤੀ ਦੇ ਜਜ਼ਬੇ ਨੂੰ ਆਪਣੇ ਹਿਰਦੇ ਵਿੱਚ ਬਲਦਾ ਰੱਖਣਾ ਚਾਹੀਦਾ ਹੈ। ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਤੋਂ ਇਲਾਵਾ ਦੇਸ਼ ਖ਼ਾਤਰ ਕੁਰਬਾਨੀਆਂ ਦੇਣ ਵਾਲੇ ਸਮੂਹ ਬਹਾਦਰ ਯੋਧਿਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਭ੍ਰਿਸ਼ਟਾਚਾਰ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਨ ਲਈ ਹਰੇਕ ਨਾਗਰਿਕ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।