Nabaz-e-punjab.com

ਮੁਹਾਲੀ ਦੇ ਵੱਖ ਵੱਖ ਸਕੂਲਾਂ ਵਿੱਚ ਉਤਸ਼ਾਹ ਨਾਲ ਮਨਾਇਆ 73ਵਾਂ ਆਜ਼ਾਦੀ ਦਿਹਾੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਅਗਸਤ:
ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਵਿੱਚ 73ਵਾਂ ਸੁਤੰਤਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਯੋਗਾ ਕਲੱਬ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪੇਸ਼ਕਸ਼ ਰਾਹੀਂ ਆਪਣੇ ਮਨ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਦਾ ਸੰਦੇਸ਼ ਦਿੱਤਾ, ਵੈਸਟਰਨ ਡਾਂਸ ਕਲੱਬ ਅਤੇ ਕਲਾਸੀਕਲ ਡਾਂਸ ਕਲੱਬ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗਾਣਿਆਂ ਨਾਲ ਨ੍ਰਿਤ ਨਾਟਕ ਪੇਸ਼ ਕੀਤਾ। ਬੱਚੇ ਆਪਣੇ ਘਰੋਂ ਕੇਸਰੀ, ਸਫ਼ੇਦ ਅਤੇ ਹਰੇ ਰੰਗ ਦੀਆਂ ਪੁਸ਼ਾਕਾਂ ਵਿੱਚ ਆਏ ਸਨ ਅਤੇ ਸਾਰਾ ਸਕੂਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਦਿਖਾਈ ਦੇ ਰਿਹਾ ਸੀ।
ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਕਿਹਾ ਕਿ ਸਾਨੂੰ ਇਕ ਜ਼ਿੰਮੇਵਾਰ ਨਾਗਰਿਕ ਬਣ ਕੇ ਆਪਣੇ ਕਰਤੱਵਾਂ ਦਾ ਪਾਲਣ ਕਰਨਾ ਚਾਹੀਦਾ ਹੈ ਅਤੇ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਸਕੂਲ ਦੀ ਡਾਇਰੈਕਟਰ ਪਵਨਦੀਪ ਕੌਰ ਗਿੱਲ ਨੇ ਬੱਚਿਆਂ ਵੱਲੋਂ ਪੇਸ਼ ਰੰਗਾਰੰਗ ਅਤੇ ਦੇਸ਼ ਭਗਤੀ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਸਾਰਿਆਂ ਨੂੰ ਆਜ਼ਾਦੀ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।
ਇੱਥੋਂ ਦੇ ਸਨਅਤੀ ਏਰੀਆ ਫੇਜ਼-7 ਸਥਿਤ ਸ੍ਰੀ ਗੁਰੂ ਅਮਰਦਾਸ ਜੀ ਪਬਲਿਕ ਸਕੂਲ ਵਿੱਚ ਗੁਰੂ ਨਾਨਕ ਟਰੱਸਟ ਫਾਰ ਚੈਰੀਟੇਬਲ ਵੱਲੋਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਡੀਐਸਪੀ (ਸਾਈਬਰ ਸੈੱਲ) ਰੁਪਿੰਦਰਦੀਪ ਕੌਰ ਸੋਹੀ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ ਦੀ ਮਹੱਤਤਾ ਬਾਰੇ ਦੱਸਿਆ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਭੁਪਿੰਦਰ ਕੌਰ ਅਤੇ ਟਰੱਸਟ ਦੇ ਪ੍ਰਧਾਨ ਅਰਜਨ ਸਿੰਘ ਸ਼ੇਰਗਿੱਲ ਅਤੇ ਵਰਿੰਦਰ ਸੋਢੀ ਨੇ ਬੱਚਿਆਂ ਨੂੰ ਟੀ-ਸ਼ਰਟਾਂ ਅਤੇ ਕੇਲੇ ਵੰਡੇ।
ਜੈੱਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ2 ਦੇ ਬੱਚਿਆਂ ਵੱਲੋਂ ਬੜੀ ਧੂਮਧਾਮ ਨਾਲ ਆਜ਼ਾਦੀ ਦਿਹਾੜਾ ਮਨਾਇਆ ਗਿਆ। ਬੱਚਿਆਂ ਨੂੰ ਭਾਸ਼ਣ ਰਾਹੀਂ ਇਸ ਦਿਨ ਦੀ ਮਹੱਤਤਾ ਅਤੇ ਇਤਿਹਾਸ ਤੋਂ ਜਾਣੂ ਕਰਾਇਆ ਗਿਆ। ਬੱਚਿਆਂ ਨੇ ਦੇਸ਼ ਭਗਤੀ ਦੇ ਗੀਤਾਂ ’ਤੇ ਡਾਂਸ ਪੇਸ਼ ਕੀਤਾ। ਤੀਜੀ ਅਤੇ ਚੌਥੀ ਜਮਾਤ ਦੇ ਬੱਚਿਆਂ ਨੇ ਵੱਖ-ਵੱਖ ਦੇਸ਼ ਭਗਤਾਂ ਦੇ ਰੂਪ ਧਾਰ ਕੇ ਮੰਚ ’ਤੇ ਪੇਸ਼ਕਾਰੀ ਦਿੱਤੀ। ਅੱਠਵੀਂ, ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਨਾਟਕ ‘ਗਦਰ ਦੀ ਗੂੰਜ’ ਦਾ ਮੰਚਨ ਕੀਤਾ। ਸਕੂਲ ਪ੍ਰਿੰਸੀਪਲ ਸ੍ਰੀਮਤੀ ਅੰਜੂਲਾ ਜੈਨ ਨੇ ਬੱਚਿਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ।
ਦਸ਼ਮੇਸ਼ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਵਿੱਚ ਆਜ਼ਾਦੀ ਦਿਹਾੜਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਦੇਹਿ ਸ਼ਿਵਾ ਬਰ ਮੋਹਿ ਇਹੈ’ ਸ਼ਬਦ ਨਾਲ ਕੀਤੀ ਗਈ। ਉਪਰੰਤ ਵਿਦਿਆਰਥੀਆਂ ਨੇ ਆਜ਼ਾਦੀ ਦਿਵਸ ਨਾਲ ਸਬੰਧਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਸਕੂਲ ਦੀ ਪ੍ਰਿੰਸੀਪਲ ਰਮਨਦੀਪ ਕੌਰ ਸੰਧੂ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦੇ ਮਹੱਤਵ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਆਜ਼ਾਦੀ ਦਾ ਮਤਲਬ ਆਪਣੀ ਮਰਜ਼ੀ ਨਾਲ ਜ਼ਿੰਦਗੀ ਜਿਉਣਾ ਨਹੀਂ ਸਗੋਂ ਦੇਸ਼ ਦੇ ਪ੍ਰਤੀ ਆਪਣੇ ਫਰਜ਼ਾਂ ਨੂੰ ਪੂਰਾ ਕਰਨਾ ਹੈ। ਅਖੀਰ ਵਿੱਚ ਰਾਸ਼ਟਰੀ ਗੀਤ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ ਅਤੇ ਬੱਚਿਆਂ ਨੂੰ ਲੱਡੂ ਵੰਡੇ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…