ਆਜ਼ਾਦੀ ਦਿਵਸ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸੰਗਤ ਨੂੰ ਕੇਸਰੀ ਝੰਡੇ ਵੰਡੇ

ਕੇਸਰੀ ਝੰਡੇ ਸਿੱਖਾਂ ਦੀ ਅਣਖ ਤੇ ਗੈਰਤ ਦਾ ਪ੍ਰਤੀਕ: ਸੁਖਵਿੰਦਰ ਸਿੰਘ ਭਾਟੀਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਗਸਤ:
ਦੇਸ਼ ਭਰ ਵਿੱਚ ਸੋਮਵਾਰ ਨੂੰ ਮਨਾਏ ਜਾ ਰਹੇ 75ਵੇਂ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਜਿੱਥੇ ਕੇਂਦਰ ਸਰਕਾਰ ਸਮੇਤ ਆਮ ਆਦਮੀ ਪਾਰਟੀ, ਭਾਜਪਾ ਅਤੇ ਕਾਂਗਰਸ ਵੱਲੋਂ ਆਮ ਲੋਕਾਂ ਨੂੰ ਆਪਣੇ ਘਰਾਂ ਅਤੇ ਦੁਕਾਨਾਂ ਉੱਤੇ ਤਿਰੰਗਾ ਲਹਿਰਾਉਣ ਲਈ ਪ੍ਰੇਰਿਆ ਜਾ ਰਿਹਾ ਹੈ, ਉੱਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਮੁੱਚੀ ਸੰਗਤ ਨੂੰ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਨੇਰਿਆਂ ਅਤੇ ਗੇਟਾਂ ਉੱਤੇ ਕੇਸਰੀ ਝੰਡੇ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਸਬੰਧੀ ਪਾਰਟੀ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ, ਸੀਨੀਅਰ ਆਗੂ ਸੇਵਕ ਸਿੰਘ ਗੀਗੇਮਾਜਰਾ, ਦਲਜੀਤ ਸਿੰਘ ਕੁੰਭੜਾ, ਬਲਵਿੰਦਰ ਸਿੰਘ, ਕਸ਼ਮੀਰਾ ਸਿੰਘ, ਦਿਲਬਾਗ ਸਿੰਘ ਵੱਲੋਂ ਅੱਜ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸੰਗਤ ਨੂੰ ਕੇਸਰੀ ਝੰਡੇ ਵੰਡੇ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ ਨੇ ਕਿਹਾ ਕਿ ਕੇਸਰੀ ਝੰਡੇ ਸਿੱਖਾਂ ਦੀ ਅਣਖ ਤੇ ਗੈਰਤ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਹਰ ਘਰ ਤਿਰੰਗਾ ਲਗਾਉਣ ਲਈ ਕਿਹਾ ਜਾ ਰਿਹਾ ਹੈ, ਜਦੋਂਕਿ ਤਿਰੰਗੇ ਨੇ ਸਿੱਖਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ 1984 ਵਿੱਚ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਅਜੇ ਤਕ ਇਨਸਾਫ ਨਹੀਂ ਮਿਲਿਆ, ਫਿਰ ਸਿੱਖ ਆਜਾਦੀ ਦਿਹਾੜਾ ਕਿਵੇਂ ਮਨਾ ਸਕਦੇ ਹਨ। ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਸਭ ਤੋਂ ਜ਼ਿਆਦਾ ਯੋਗਦਾਨ ਪਾਇਆ ਅਤੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਪਰ ਇਸ ਦੇਸ਼ ਵਿੱਚ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ, ਜਿਸ ਕਰਕੇ ਉਨ੍ਹਾਂ ਦੀ ਪਾਰਟੀ ਵੱਲੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਕੇਸਰੀ ਝੰਡੇ ਵੰਡੇ ਜਾ ਰਹੇ ਹਨ ਤਾਂ ਕਿ ਸਿੱਖ ਆਪਣੇ ਘਰਾਂ ਤੇ ਕੇਸਰੀ ਝੰਡੇ ਲਗਾਉਣ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮੌਕੇ 600 ਤੋਂ ਵੱਧ ਕੇਸਰੀ ਝੰਡੇ ਵੰਡੇ ਗਏ ਹਨ ਅਤੇ ਭਲਕੇ ਵੀ ਕੇਸਰੀ ਝੰਡੇ ਵੰਡੇ ਜਾਣਗੇ।

Load More Related Articles

Check Also

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ

ਭਾਰਤ-ਪਾਕਿ ਤਣਾਅ: ਪੰਜਾਬ ਦੇ ਹਸਪਤਾਲ ਮੌਜੂਦਾ ਹੰਗਾਮੀ ਹਾਲਤਾਂ ਨਾਲ ਨਜਿੱਠਣ ਲਈ ਤਿਆਰ ਨਬਜ਼-ਏ-ਪੰਜਾਬ, ਮੁਹਾਲ…