ਸਾਬਕਾ ਮੇਅਰ ਕੁਲਵੰਤ ਸਿੰਘ ਦੇ ਹੱਕ ਵਿੱਚ ਬੈਠਿਆ ਆਜ਼ਾਦ ਉਮੀਦਵਾਰ ਵਕੀਲ ਪਰਵਿੰਦਰ ਸਿੰਘ

ਮੁਹਾਲੀ ਨਗਰ ਨਿਗਮ ਚੋਣਾਂ ਸਬੰਧੀ ਚੋਣ ਪ੍ਰਚਾਰ ਬੰਦ, ਉਮੀਦਵਾਰਾਂ ਨੇ ਅਖੀਰਲੇ ਦਿਨ ਲਾਇਆ ਅੱਡੀ ਚੋਟੀ ਦਾ ਜ਼ੋਰ

ਇਤਿਹਾਸਕ ਨਗਰ ਸੋਹਾਣਾ ਵਿੱਚ ਉਮੀਦਵਾਰਾਂ ਨੇ ਕੱਢਿਆ ਵਿਸ਼ਾਲ ਰੋਡ ਸੋਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਮੁਹਾਲੀ ਨਗਰ ਨਿਗਮ ਦੀਆਂ 14 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਸਬੰਧੀ ਸ਼ੁੱਕਰਵਾਰ ਸ਼ਾਮ 5 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਇਸ ਤਰ੍ਹਾਂ ਅੱਜ ਉਮੀਦਵਾਰਾਂ ਨੇ ਆਪਣੇ ਹੱਕ ਵਿੱਚ ਚੋਣ ਕਰਨ ਲਈ ਪੂਰਾ ਤਾਣ ਲਗਾ ਦਿੱਤਾ। ਇੱਥੋਂ ਦੇ ਵਾਰਡ ਨੰਬਰ-42 (ਸੈਕਟਰ-71) ਤੋਂ ਚੋਣ ਲੜ ਰਹੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਜ਼ਬਰਦਸਤ ਹੁੰਗਾਰਾ ਮਿਲਿਆ, ਜਦੋਂ ਇਸੇ ਵਾਰਡ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਐਡਵੋਕੇਟ ਪਰਵਿੰਦਰ ਸਿੰਘ ਨੇ ਕੁਲਵੰਤ ਸਿੰਘ ਦੇ ਹੱਕ ਵਿੱਚ ਬੈਠਣ ਅਤੇ ਚੋਣ ਨਾ ਲੜਨ ਦਾ ਐਲਾਨ ਕੀਤਾ।
ਇਸ ਮੌਕੇ ਸੈਕਟਰ-71 ਵਿੱਚ ਚੋਣ ਪ੍ਰਚਾਰ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਵਕੀਲ ਪਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੁਲਵੰਤ ਸਿੰਘ ਵੱਲੋਂ ਮੁਹਾਲੀ ਵਿੱਚ ਕੀਤੇ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਨਿਗਮ ਚੋਣ ਨਾ ਲੜਨ ਦਾ ਫੈਸਲਾ ਕੀਤਾ ਹੈ, ਕਿਉਂਕਿ ਮੁਹਾਲੀ ਦੇ ਵਿਕਾਸ ਲਈ ਕੁਲਵੰਤ ਸਿੰਘ ਦਾ ਜਿੱਤ ਕੇ ਦੁਬਾਰਾ ਮੇਅਰ ਬਣਨਾ ਬਹੁਤ ਜ਼ਰੂਰੀ ਹੈ। ਸਾਬਕਾ ਮੇਅਰ ਕੁਲਵੰਤ ਸਿੰਘ ਨੇ ਮੁੜ ਦੁਹਰਾਇਆ ਕਿ ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਬਿਨਾਂ ਕਿਸੇ ਪੱਖਪਾਤ ਤੋਂ ਸ਼ਹਿਰ ਦੇ ਸਾਰੇ ਵਾਰਡਾਂ ਦੇ ਸਰਬਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਹੈ।
ਇੱਥੋਂ ਦੇ ਵਾਰਡ ਨੰਬਰ-38 ਤੋਂ ਆਜ਼ਾਦ ਗਰੁੱਪ ਦੇ ਉਮੀਦਵਾਰ ਤੇ ਸਾਬਕਾ ਕੌਂਸਲਰ ਸਰਬਜੀਤ ਸਿੰਘ ਸਮਾਣਾ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਤੇਜ ਸਿੰਘ ਪੰਨੂ ਦੀ ਅਗਵਾਈ ਹੇਠ ਆਪ ਵਲੰਟੀਅਰਾਂ ਨੇ ਚੋਣ ਪ੍ਰਚਾਰ ਕੀਤਾ। ਸਰਬਜੀਤ ਸਿੰਘ ਨੇ ਕਿਹਾ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸ਼ਹਿਰ ਦੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵਿਕਾਸ ਯਤਨ ਕੀਤੇ ਜਾਣਗੇ।
ਵਾਰਡ ਨੰਬਰ-32 ਤੋਂ ਆਜ਼ਾਦ ਗਰੁੱਪ ਦੇ ਉਮੀਦਵਾਰ ਸੁਰਿੰਦਰ ਸਿੰਘ ਰੋਡਾ ਅਤੇ ਵਾਰਡ ਨੰਬਰ-33 ਤੋਂ ਹਰਜਿੰਦਰ ਕੌਰ ਬੈਦਵਾਨ ਦੇ ਹੱਕ ਵਿੱਚ ਅੱਜ ਇਤਿਹਾਸਕ ਨਗਰ ਸੋਹਾਣਾ ਵਿਖੇ ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਅਤੇ ਉਮੀਦਵਾਰਾਂ ਦੇ ਸਮਰਥਕਾਂ ਅਤੇ ਬੀਬੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਸੋਹਾਣਾ ਨੇ ਕਿਹਾ ਕਿ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਕੀਤੇ ਸਰਬਪੱਖੀ ਵਿਕਾਸ ਦੇ ਮੁੱਦੇ ’ਤੇ ਚੋਣ ਲੜੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਕਾਰਜਾਂ ਲਈ ਲਗਾਤਾਰ ਉਪਰਾਲੇ ਕੀਤੇ ਜਾਣਗੇ ਅਤੇ ਮੁਹਾਲੀ ਵਾਸੀਆਂ ਦੀ ਉਮੀਦਾਂ ’ਤੇ ਖਰਾ ਉੱਤਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਵਾਰਡ ਨੰਬਰ-21 ਤੋਂ ਆਜ਼ਾਦ ਗਰੁੱਪ ਦੀ ਉਮੀਦਵਾਰ ਅੰਜਲੀ ਸਿੰਘ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ ਗਿਆ। ਇਸ ਦੌਰਾਨ ਲੋਕਾਂ ਨੇ ਉਮੀਦਵਾਰ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ। ਵਾਰਡ ਨੰਬਰ-4 ਤੋਂ ਆਜ਼ਾਦ ਉਮੀਦਵਾਰ ਗੁਰਦੀਪ ਸਿੰਘ ਦੇ ਹੱਕ ਵਿੱਚ ਵਾਰਡ ਵਾਸੀਆਂ ਨੇ ਪੈਦਲ ਮਾਰਚ ਕੱਢਿਆ। ਜਿਸ ਵਿੱਚ ਟਰੇਡ ਯੂਨੀਅਨ ਆਗੂ, ਸਮਾਜ ਸੇਵੀ ਅਤੇ ਕਿਸਾਨ ਹਿਤੈਸ਼ੀ ਕਾਰਕੁਨ ਸ਼ਾਮਲ ਹੋਏ। ਜਿਨ੍ਹਾਂ ਨੇ ਗੁਰਦੀਪ ਸਿੰਘ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਇੰਜ ਹੀ ਵਾਰਡ ਨੰਬਰ-27 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਪਵਨਜੀਤ ਕੌਰ ਪਤਨੀ ਸਾਬਕਾ ਕੌਂਸਲਰ ਬੌਬੀ ਕੰਬੋਜ ਦੇ ਹੱਕ ਵਿੱਚ ਪੰਜਾਬੀ ਗਾਇਕਾ ਅਤੇ ਸਮਾਜ ਸੇਵੀ ਰੁਪਿੰਦਰ ਹਾਂਡਾ ਨੇ ਚੋਣ ਪ੍ਰਚਾਰ ਕੀਤਾ ਅਤੇ ਵਿਕਾਸ ਦੇ ਨਾਂ ’ਤੇ ਪਵਨਜੀਤ ਕੌਰ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਵਾਰਡ ਨੰਬਰ-50 ਤੋਂ ਆਜ਼ਾਦ ਗਰੁੱਪ ਦੀ ਉਮੀਦਵਾਰ ਗੁਰਮੀਤ ਕੌਰ ਨੇ ਇੱਥੋਂ ਦੇ ਫੇਜ਼-2 ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…