
ਵਾਰਡ ਨੰਬਰ-2 ਤੋਂ ਆਜ਼ਾਦ ਉਮੀਦਵਾਰ ਪ੍ਰਦੀਪ ਸੋਨੀ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ
ਭਾਜਪਾ ਆਪਣੇ ਬਲਬੂਤੇ ’ਤੇ ਸਾਰੀਆਂ ਸੀਟਾਂ ’ਤੇ ਨਗਰ ਨਿਗਮ ਚੋਣਾਂ ਲੜੇਗੀ: ਗੋਲਡੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਨਵੰਬਰ:
ਇੱਥੋਂ ਦੇ ਸ੍ਰੀ ਵੈਸ਼ਨੋ ਮਾਤਾ ਮੰਦਰ ਫੇਜ਼-3ਬੀ1 ਦੇ ਪ੍ਰਧਾਨ ਅਤੇ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ-2 ਤੋਂ ਆਜ਼ਾਦ ਉਮੀਦਵਾਰ ਪ੍ਰਦੀਪ ਸੋਨੀ ਨੇ ਅੱਜ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਹੁਣ ਉਹ ਉਕਤ ਇਲਾਕੇ ’ਚੋਂ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਲੜਨਗੇ। ਇਸ ਮੌਕੇ ਭਾਜਪਾ ਪੰਜਾਬ ਦੇ ਸੂਬਾ ਕਾਰਜਕਾਰਨੀ ਮੈਂਬਰ ਸੁਖਵਿੰਦਰ ਸਿੰਘ ਗੋਲਡੀ ਤੇ ਹੋਰਨਾਂ ਆਗੂਆਂ ਨੇ ਪ੍ਰਦੀਪ ਸੋਨੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਪਾਰਟੀ ਚਿੰਨ੍ਹ ਦੇ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਸੁਖਵਿੰਦਰ ਗੋਲਡੀ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਬਾਵਜੂਦ ਭਾਜਪਾ ਦੀ ਸਥਿਤੀ ਦਿਨ ਪ੍ਰਤੀ ਦਿਨ ਮਜ਼ਬੂਤ ਹੋ ਰਹੀ ਹੈ ਅਤੇ ਭਾਜਪਾ ਆਪਣੇ ਬਲਬੂਤੇ ’ਤੇ ਨਗਰ ਨਿਗਮ ਦੀਆਂ 50 ਸੀਟਾਂ ’ਤੇ ਚੋਣ ਲੜੀ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਚੰਗੇ ਕਿਰਦਾਰ ਵਾਲੇ ਉਮੀਦਵਾਰ ਖੜੇ ਕੀਤੇ ਜਾਣਗੇ।
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਚਾਰ ਸਕੱਤਰ ਅਤੇ ਸਾਬਕਾ ਕੌਂਸਲਰ ਅਸ਼ੋਕ ਝਾਅ ਨੇ ਦੱਸਿਆ ਕਿ ਪ੍ਰਦੀਪ ਸੋਨੀ ਦੇ ਨਾਲ ਵੇਦ ਵਸ਼ਿਸ਼ਟ, ਸਤਪਾਲ ਮਲਹੋਤਰਾ, ਮੁਕੇਸ਼ ਧੀਰ, ਦਿਨੇਸ਼ ਕੁਮਾਰ ਸ਼ਰਮਾ ਵੀ ਭਾਜਪਾ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ, ਸੀਨੀਅਰ ਮੀਤ ਪ੍ਰਧਾਨ ਅਰੁਣ ਸ਼ਰਮਾ ਅਤੇ ਮੀਤ ਪ੍ਰਧਾਨ ਉਮਾ ਕਾਂਤ ਤਿਵਾੜੀ, ਜਨਰਲ ਸਕੱਤਰ ਨਰਿੰਦਰ ਰਾਣਾ, ਸਾਬਕਾ ਕੌਂਸਲਰ ਸੈਹਬੀ ਆਨੰਦ, ਰਮੇਸ਼ ਕੁਮਾਰ ਵਰਮਾ ਵੀ ਮੌਜੂਦ ਸਨ।