nabaz-e-punjab.com

ਆਜ਼ਾਦ ਗਰੁੱਪ ਵੱਲੋਂ ਵਾਰਡ ਨੰਬਰ-10 ਦੀ ਦੁਬਾਰਾ ਚੋਣ ਕਰਵਾਉਣ ਦੀ ਮੰਗ, ਗੜਬੜੀ ਦਾ ਖ਼ਦਸ਼ਾ

ਆਜ਼ਾਦ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਨੇ ਮੁੱਖ ਚੋਣ ਕਮਿਸ਼ਨਰ ਨੂੰ ਭੇਜੀ ਸ਼ਿਕਾਇਤ

ਜ਼ਿਲ੍ਹਾ ਪੁਲੀਸ ਦੇ ਕਈ ਅਧਿਕਾਰੀਆਂ ਖ਼ਿਲਾਫ਼ ਵੀ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਫਰਵਰੀ:
ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਨੇ ਇੱਥੋਂ ਦੇ ਵਾਰਡ ਨੰਬਰ-10 (ਫੇਜ਼-7) ਵਿੱਚ ਦੁਬਾਰਾ ਚੋਣ (ਮਤਦਾਨ) ਕਰਵਾਉਣ ਦੀ ਜ਼ੋਰਦਾਰ ਮੰਗ ਕੀਤੀ ਹੈ। ਇਸ ਸਬੰਧੀ ਆਜ਼ਾਦ ਗਰੁੱਪ ਤੇ ‘ਆਪ’ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਨੇ ਮੁੱਖ ਚੋਣ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਵੋਟਾਂ ਵਿੱਚ ਗੜਬੜੀ ਕਰਨ ਦਾ ਖ਼ਦਸ਼ਾ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਹੁਕਮਰਾਨਾਂ ’ਤੇ ਵਾਰਡ ਨੰਬਰ-10 ਦੇ ਦੋਵੇਂ ਬੂਥ ਨੰਬਰ-32 ਅਤੇ ਬੂਥ ਨੰਬਰ-33 ’ਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਕਥਿਤ ਤੌਰ ’ਤੇ ਕਬਜ਼ਾ ਕਰਨ ਦਾ ਦੋਸ਼ ਲਾਇਆ ਹੈ।
ਸ੍ਰੀ ਕਾਹਲੋਂ ਨੇ ਕਿਹਾ ਕਿ ਵੋਟ ਪਾਉਣ ਤੋਂ ਬਾਅਦ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਪਰਿਵਾਰਕ ਮੈਂਬਰ ਲੰਮਾ ਸਮਾਂ ਗੇਟ ’ਤੇ ਮੌਜੂਦ ਰਹੇ ਹਨ ਅਤੇ ਇਸ ਵਾਰਡ ਵਿੱਚ ਚੋਣ ਪ੍ਰਕਿਰਿਆ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਗਈਆਂ ਹਨ। ਵੋਟਰ ਕਾਰਡ ਦੀ ਥਾਂ ਆਧਾਰ ਕਾਰਡ ਦਿਖਾ ਕੇ ਵੋਟਾਂ ਭੁਗਤਾਈਆਂ ਗਈਆਂ। ਇਸ ਸਬੰਧੀ ਉਹ ਸਾਰਾ ਦਿਨ ਪੁਲੀਸ ਨੂੰ ਸ਼ਿਕਾਇਤਾਂ ਦਿੰਦੇ ਰਹੇ ਪ੍ਰੰਤੂ ਪੁਲੀਸ ਨੇ ਮੰਤਰੀ ਦੇ ਪ੍ਰਭਾਵ ਹੇਠ ਉਨ੍ਹਾਂ ਦੀ ਕਿਸੇ ਵੀ ਸ਼ਿਕਾਇਤ ’ਤੇ ਬਣਦੀ ਕਾਰਵਾਈ ਨਹੀਂ ਕੀਤੀ। ਆਜ਼ਾਦ ਗਰੁੱਪ ਦੇ ਉਮੀਦਵਾਰ ਨੇ ਦੋਸ਼ ਲਾਇਆ ਕਿ ਸ਼ਾਮ ਕਰੀਬ ਪੌਣੇ ਚਾਰ ਵਜੇ ਪ੍ਰਸ਼ਾਸਨ ਨੇ ਉਸ ਨੂੰ ਪੋਲਿੰਗ ਬੂਥ ਤੋਂ ਬਾਹਰ ਕੱਢ ਦਿੱਤਾ ਜਦੋਂਕਿ ਜੀਤੀ ਸਿੱਧੂ ਬੂਥ ਦੇ ਅੰਦਰ ਸੀ ਅਤੇ ਉਸ ਦੇ ਬਾਹਰੋਂ ਆਏ ਸਮਰਥਕ ਵੀ ਉੱਥੇ ਤਾਇਨਾਤ ਸਨ। ਉਨ੍ਹਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਉਸ ਨੂੰ ਬੂਥ ਤੋਂ ਬਾਹਰ ਕਰਕੇ ਵੋਟਾਂ ਦੀ ਗੜਬੜੀ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਵਾਰਡ ਨੰਬਰ-10 ਦੀ ਦੁਬਾਰਾ ਚੋਣ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਚੋਣ ਕਮਿਸ਼ਨਰ ਤੋਂ ਵੀ ਇਨਸਾਫ਼ ਨਹੀਂ ਮਿਲਿਆ ਤਾਂ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਉਣਗੇ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਤੇ ਸੇਵਾਮੁਕਤ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਕਿਹਾ ਕਿ ਇੱਥੇ ਪੁਲੀਸ ਤੇ ਸਿਵਲ ਪ੍ਰਸ਼ਾਸਨ ਪੂਰੀ ਤਰ੍ਹਾਂ ਕੈਬਨਿਟ ਮੰਤਰੀ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਵੱਧ ਵੋਟਾਂ ਭੁਗਤਾਉਣ ਲਈ ਪੱਬਾ ਭਾਰ ਹੋਇਆ ਪਿਆ ਸੀ ਕਿਉਂਕਿ ਜੀਤੀ ਸਿੱਧੂ ਕਾਂਗਰਸ ਦਾ ਮੇਅਰ ਦਾ ਉਮੀਦਵਾਰ ਹੈ। ਉਨ੍ਹਾਂ ਕਿਹਾ ਕਿ ਮੰਤਰੀ ਅਤੇ ਉਸ ਦਾ ਪੂਰਾ ਟੱਬਰ ਲੰਮੇ ਸਮੇਂ ਤੱਕ ਬੂਥ ਦੇ ਬਾਹਰ ਮੌਜੂਦ ਰਹੇ ਹਨ। ਹਾਲਾਂਕਿ ਨਿਯਮਾਂ ਮੁਤਾਬਕ 200 ਮੀਟਰ ਦੇ ਘੇਰੇ ਅੰਦਰ ਕੋਈ ਗਤੀਵਿਧੀ ਨਹੀਂ ਹੋ ਸਕਦੀ ਸੀ ਪ੍ਰੰਤੂ ਕਾਂਗਰਸ ਨੇ ਮਹਿਜ਼ 50 ਮੀਟਰ ਦੀ ਦੂਰੀ ’ਤੇ ਲੰਗਰ ਲਗਾਇਆ ਹੋਇਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੰਤਰੀ ਦਾ ਪਰਿਵਾਰ ਵੋਟਰਾਂ ਨੂੰ ਪ੍ਰਭਾਵਿਤ ਕਰਦਾ ਨਜ਼ਰ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਹੈ।
ਉਧਰ, ਦੂਜੇ ਪਾਸੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਆਜ਼ਾਦ ਗਰੁੱਪ ਦੇ ਉਮੀਦਵਾਰ ਪਰਮਜੀਤ ਸਿੰਘ ਕਾਹਲੋਂ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਗਲਤ ਤੇ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਦੱਸਿਆ ਕਿ ਪਰਮਜੀਤ ਕਾਹਲੋਂ ਅੱਜ ਬਾਅਦ ਦੁਪਹਿਰ ਗੁਰੂ ਆਸਰਾ ਟਰੱਸਟ ਵਿੱਚ ਰਹਿੰਦੀਆਂ ਕਈ ਲੜਕੀਆਂ ਦੀਆਂ ਜਾਅਲੀ ਵੋਟਾਂ ਭੁਗਤਾਉਣ ਲਈ ਉਨ੍ਹਾਂ ਨੂੰ ਪੋਲਿੰਗ ਬੂਥ ’ਤੇ ਲੈ ਕੇ ਆਇਆ ਸੀ ਜਦੋਂਕਿ ਸਚਾਈ ਇਹ ਹੈ ਕਿ ਇਸ ਟਰੱਸਟ ਨੂੰ ਇੱਥੋਂ ਸ਼ਿਫ਼ਟ ਹੋਏ ਕਰੀਬ ਤਿੰਨ ਸਾਲ ਬੀਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਦੋਂ ਪੋਲਿੰਗ ਸਟਾਫ਼ ਅਤੇ ਪੁਲੀਸ ਨੇ ਉਨ੍ਹਾਂ ਨੂੰ ਜਾਅਲੀ ਵੋਟ ਭੁਗਤਾਉਣ ਤੋਂ ਸਖ਼ਤੀ ਨਾਲ ਰੋਕਿਆ ਤਾਂ ਉਹ ਦੂਸ਼ਣਬਾਜ਼ੀ ’ਤੇ ਉਤਰ ਆਇਆ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਦਾ ਅਮਲ ਪੁਰਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ ਸ਼ਹਿਰ ਦਾ ਹਰੇਕ ਨਾਗਰਿਕ ਮੁਹਾਲੀ ਪ੍ਰਸ਼ਾਸਨ ਦੀ ਭਰਵੀਂ ਸ਼ਲਾਘਾ ਕਰ ਰਿਹਾ ਹੈ ਪ੍ਰੰਤੂ ਇਹ ਲੋਕ ਨਿੰਦਣ ’ਤੇ ਲੱਗੇ ਹੋਏ ਹਨ।

Load More Related Articles
Load More By Nabaz-e-Punjab
Load More In General News

Check Also

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ

ਸਾਈਬਰ ਅਪਰਾਧਾਂ ਤੋਂ ਬਚਣ ਲਈ ਆਮ ਨਾਗਰਿਕਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਮੁਹਾਲੀ ਪੁਲੀਸ ਨੇ ਪਬਲਿਕ ਮੀਟਿ…