
ਆਜ਼ਾਦ ਗਰੁੱਪ ਨੇ ਸਮੁੱਚੇ ਸ਼ਹਿਰ ਨੂੰ ਸੈਨੇਟਾਈਜ ਕਰਨ ਦਾ ਬੀੜਾ ਚੁੱਕਿਆ
ਸਾਬਕਾ ਕੌਂਸਲਰ ਪਰਮਜੀਤ ਕਾਹਲੋਂ ਨੇ ਫੇਜ਼-7 (ਵਾਰਡ ਨੰਬਰ-10) ਤੋਂ ਕੀਤੀ ਸ਼ੁਰੂਆਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਮਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਕਰੋਨਾ ਮਹਾਮਾਰੀ ਦੇ ਲਗਾਤਾਰ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਜਨਡਾਲੈਂਡ ਪ੍ਰਮੋਟਰਜ਼ ਦੇ ਐਮਡੀ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਨੇ ਸਮੁੱਚੇ ਸ਼ਹਿਰ ਨੂੰ ਸੈਨੇਟਾਈਜ ਕਰਨ ਦਾ ਬੀੜਾ ਚੁੱਕਿਆ ਹੈ। ਜਿਸ ਦੀ ਸ਼ੁਰੂਆਤ ਅੱਜ ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਅੱਜ ਇੱਥੋਂ ਦੇ ਫੇਜ਼-7 (ਵਾਰਡ ਨੰਬਰ-10) ਤੋਂ ਕੀਤੀ ਗਈ। ਇਸ ਦੌਰਾਨ ਮਾਰਕੀਟ ਸਮੇਤ ਸਮੁੱਚੇ ਰਿਹਾਇਸ਼ੀ ਖੇਤਰ ਨੂੰ ਸੈਨੇਟਾਈਜ ਕੀਤਾ ਗਿਆ। ਗਲੀ ਮੁਹੱਲੇ ਵਿੱਚ ਦਵਾਈ ਦਾ ਛਿੜਕਾਅ ਕੀਤਾ ਅਤੇ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਅਤੇ ਸਾਵਧਾਨੀ ਵਰਤਣ ਲਈ ਪ੍ਰੇਰਿਆ ਗਿਆ। ਇਸ ਮੌਕੇ ਕੌਂਸਲਰ ਸਰਬਜੀਤ ਸਿੰਘ, ਸਾਬਕਾ ਕੌਂਸਲਰ ਫੂਲਰਾਜ ਸਿੰਘ ਤੇ ਆਰਪੀ ਸ਼ਰਮਾ ਹਾਜ਼ਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਕਾਹਲੋਂ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੇ ਚੱਲਦਿਆਂ ਕਾਫੀ ਦਿਨਾਂ ਤੋਂ ਰੋਜ਼ਾਨਾ ਕੋਵਿਡ ਦੇ ਕੇਸ ਵਧ ਰਹੇ ਹਨ ਅਤੇ ਮੌਤ ਦਰ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਪ੍ਰੰਤੂ ਸਿਹਤ ਵਿਭਾਗ ਜਾਂ ਨਗਰ ਨਿਗਮ ਵੱਲੋਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਲਈ ਬਾਜ਼ਾਰਾਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਸੈਨੇਟਾਈਜਰ ਵਜੋਂ ਦਵਾਈ ਦਾ ਛਿੜਕਾਅ ਨਹੀਂ ਕੀਤਾ ਜਾ ਰਿਹਾ ਹੈ। ਜਿਸ ਕਾਰਨ ਆਜ਼ਾਦ ਗਰੁੱਪ ਨੇ ਸਮੁੱਚੇ ਸ਼ਹਿਰ ਨੂੰ ਸੈਨੇਟਾਈਜਰ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ। ਸਾਬਕਾ ਮੇਅਰ ਦੇ ਬੇਟੇ ਅਤੇ ਕੌਂਸਲਰ ਸਰਬਜੀਤ ਸਿੰਘ ਨੇ ਕਿਹਾ ਕਿ ਕਰੋਨਾ ਸੰਕਟ ਦੇ ਸਮੇਂ ਆਜ਼ਾਦ ਗਰੁੱਪ ਹਰ ਸਮੇਂ ਸ਼ਹਿਰ ਵਾਸੀਆਂ ਦੀ ਸੇਵਾ ਵਿੱਚ ਤਤਪਰ ਰਹੇਗਾ ਅਤੇ ਕਿਸੇ ਕਿਸਮ ਦੀ ਮਦਦ ਲਈ ਆਜ਼ਾਦ ਗਰੁੱਪ ਦੇ ਸੈਕਟਰ-79 ਸਥਿਤ ਮੁੱਖ ਦਫ਼ਤਰ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਲੋੜਵੰਦਾਂ ਨੂੰ ਮਾਸਕ, ਸੈਨੇਟਾਈਜ ਅਤੇ ਦਸਤਾਨੇ ਵੰਡੇ ਜਾਣਗੇ।
ਇਸ ਮੌਕੇ ਐਡਵੋਕੇਟ ਗਗਨਪ੍ਰੀਤ ਸਿੰਘ ਬੈਂਸ, ਕੇਸਰ ਸਿੰਘ ਬੈਂਸ, ਅਕਵਿੰਦਰ ਸਿੰਘ ਗੋਸਲ, ਡਾ. ਕੁਲਦੀਪ ਸਿੰਘ, ਜਸਪਾਲ ਸਿੰਘ ਮਟੌਰ, ਪਰਮਜੀਤ ਸਿੰਘ ਚੌਹਾਨ, ਮੰਨਾ ਸੰਧੂ, ਬਲਵਿੰਦਰ ਸਿੰਘ ਮਾਨ, ਵੀਰਕਰਨ ਸਿੰਘ, ਸੁਮਿਤ ਸੋਢੀ ਅਤੇ ਸ਼ਰਨਜੀਤ ਸਿੰਘ ਵੀ ਮੌਜੂਦ ਸਨ।