ਜ਼ਿਲ੍ਹਾ ਭਾਸ਼ਾ ਦਫ਼ਤਰ ਵਿੱਚ ਇੰਦਰਜੀਤ ਪੁਰੇਵਾਲ ਅਮਰੀਕਾ ਹੋਏ ਰੂ-ਬ-ਰੂ ਪ੍ਰੋਗਰਾਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਪਰੈਲ:
ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ 24 ਅਪ੍ਰੈਲ 2023 ਨੂੰ ਸੁਰ ਸਾਂਝ ਕਲਾ ਮੰਚ ਖਰੜ ਦੇ ਸਹਿਯੋਗ ਨਾਲ ਅਮਰੀਕਾ ਤੋਂ ਰਾਗ ਮੈਗਜ਼ੀਨ ਦੇ ਮੁੱਖ ਸੰਪਾਦਕ ਇੰਦਰਜੀਤ ਸਿੰਘ ਪੁਰੇਵਾਲ ਨਾਲ ਰੂ-ਬ-ਰੂ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ‘ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਵੱਲੋਂ ਡਾ. ਇੰਦਰਜੀਤ ਸਿੰਘ ਪੁਰੇਵਾਲ ਵੱਲੋਂ ਮਾਂ-ਬੋਲੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਗਿਆ ਕਿ ਵਿਦੇਸ਼ ਵਿੱਚ ਹੱਡ-ਭੰਨਵੀਂ ਮਿਹਨਤ ਕਰਕੇ ਕਮਾਏ ਪੈਸੇ ਨੂੰ ਨਿੱਜੀ ਲੋੜਾਂ ਤੱਕ ਸੀਮਤ ਨਾ ਰੱਖ ਕੇ ਮਾਂ-ਬੋਲੀ ਦੇ ਲੇਖੇ ਲਾਉਣ ਵਾਲੇ ਸ਼ਖਸ ਵਿਰਲੇ ਹੀ ਹੁੰਦੇ ਹਨ।
ਇੰਦਰਜੀਤ ਸਿੰਘ ਪੁਰੇਵਾਲ ਵੱਲੋਂ ਰੂ-ਬ-ਰੂ ਦੌਰਾਨ ਆਪਣੇ ਨਿੱਜੀ ਜੀਵਨ ਵਿੱਚ ਕੀਤੇ ਸੰਘਰਸ਼ ਅਤੇ ਦਰਪੇਸ਼ ਅੌਕੜਾਂ ਬਾਰੇ ਬੇਬਾਕੀ ਨਾਲ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਵਿਦੇਸ਼ੀ ਧਰਤੀ ‘ਤੇ ਵਸਦੇ ਹੋਣ ਦੇ ਬਾਵਜੂਦ ਮੇਰਾ ਮੋਹ ਮਾਤ-ਭੂਮੀ ਅਤੇ ਮਾਤ-ਭਾਸ਼ਾ ਤੋਂ ਟੁੱਟਿਆ ਨਹੀਂ ਸਗੋਂ ਹੋਰ ਪੀਡਾ ਹੋਇਆ ਹੈ। ਇਸੇ ਭਾਵੁਕ ਰਿਸ਼ਤੇ ਖ਼ਾਤਰ ਮੈਂ ਆਪਣੀ ਕਮਾਈ ਵਿੱਚੋਂ ਕੁੱਝ ਹਿੱਸਾ ਜ਼ਰੂਰ ਮਾਂ-ਬੋਲੀ ਪੰਜਾਬੀ ਲਈ ਕੱਢਦਾ ਹਾਂ। ਇਨ੍ਹਾਂ ਉਪਰਾਲਿਆਂ ਵਿੱਚੋਂ ਹੀ ‘ਰਾਗ’ ਪਰਚਾ ਹੋਂਦ ਵਿੱਚ ਆਇਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਮਾਂ-ਬੋਲੀ ਪੰਜਾਬੀ ਦੀ ਖ਼ਿਦਮਤ ਵਿੱਚ ਮੇਰੀਆਂ ਸੇਵਾਂਵਾਂ ਹਮੇਸ਼ਾ ਹਾਜ਼ਰ ਰਹਿਣਗੀਆਂ। ਉਨ੍ਹਾਂ ਵੱਲੋਂ ਮਾਤ ਭਾਸ਼ਾ ਦੀ ਸੇਵਾ ਵਿੱਚ ਲੱਗੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੀ ਸਮੁੱਚੀ ਟੀਮ ਦੀ ਰੱਜਵੀਂ ਪ੍ਰਸੰਸਾ ਕੀਤੀ ਗਈ।
ਧਰਮਿੰਦਰ ਸਿੰਘ ਅੌਲਖ ਵੱਲੋਂ ਇੰਦਰਜੀਤ ਸਿੰਘ ਪੁਰੇਵਾਲ ਦੀ ਜਾਣ-ਪਛਾਣ ਕਰਾਉਂਦਿਆਂ ਆਖਿਆ ਗਿਆ ਕਿ ਇੰਦਰਜੀਤ ਸਿੰਘ ਪੁਰੇਵਾਲ ਦਾ ‘ਰਾਗ‘ ਪਰਚੇ ਨੂੰ ਸਿਖ਼ਰਾਂ ’ਤੇ ਲਿਜਾਣ ਵਿੱਚ ਬਹੁਤ ਵੱਡਾ ਯੋਗਦਾਨ ਹੈ। ਇੰਦਰਜੀਤ ਸਿੰਘ ਪੁਰੇਵਾਲ ਵੱਲੋਂ ਕਈ ਲੇਖਕਾਂ ਨੂੰ ਲੱਖਾਂ ਰੁਪਏ ਤੱਕ ਦੇ ਇਨਾਮਾਂ ਨਾਲ ਨਿਵਾਜ਼ ਕੇ ਉਨ੍ਹਾਂ ਦਾ ਮਾਣ ਵਧਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਪੰਜਾਬ ਵਿੱਚ ਪਹਿਲੇ ਸਥਾਨ ਹਾਸਲ ਕਰਨ ਵਾਲੀ 10ਵੀਂ ਜਮਾਤ ਦੀ ਵਿਦਿਆਰਥਣ ਨੂੰ ਇੱਕ ਲੱਖ ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ ਸ਼ਲਾਘਾਯੋਗ ਕਾਰਜ ਹੈ।
ਉੱਘੇ ਕਵੀ ਹਰਵਿੰਦਰ ਸਿੰਘ ਅਨੁਸਾਰ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਬਿਨਾਂ ਸਵਾਰਥ ਤੋਂ ਰਿਸ਼ਤੇ ਵੀ ਨਹੀਂ ਨਿਭਾਏ ਜਾਂਦੇ ਉੱਥੇ ਇੰਦਰਜੀਤ ਸਿੰਘ ਪੁਰੇਵਾਲ ਵਰਗੇ ਇਨਸਾਨ ਇਸ ਆਸ ਨੂੰ ਜਗਾਈ ਰੱਖਦੇ ਹਨ ਕਿ ਸਾਹਿਤ ਅਤੇ ਸਮਾਜ ਲਈ ਵੀ ਕੁੱਝ ਕੀਤਾ ਜਾਵੇ। ਪੰਜਾਬੀ ਦੇ ਸਾਹਿਤਕ ਸਰਮਾਏ ਨੂੰ ਪ੍ਰਫੁੱਲਿਤ ਕਰਨ ਲਈ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਜਗਦੀਪ ਸਿੰਘ ਸਿੱਧੂ ਵੱਲੋਂ ਇੰਦਰਜੀਤ ਸਿੰਘ ਪੁਰੇਵਾਲ ਦੇ ਮਾਤ-ਭਾਸ਼ਾ ਦੀ ਪ੍ਰਫੁੱਲਤਾ ਲਈ ਵਿਲੱਖਣ ਯਤਨਾਂ ਦੀ ਸ਼ਲਾਘਾ ਕਰਦਿਆਂ ਅਪੀਲ ਕੀਤੀ ਗਈ ਕਿ ਮਾਤ-ਭਾਸ਼ਾ ਅਤੇ ਸਾਹਿਤ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਪੰਜਾਬੀ ਸਾਹਿਤ ਨੂੰ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਕਰਨਾ ਚਾਹੀਦਾ ਹੈ।
ਇਸ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਬਲੀਜੀਤ ਸਿੰਘ, ਗੁਲ ਚੌਹਾਨ, ਧਿਆਨ ਸਿੰਘ ਕਾਹਲੋਂ, ਸੁਰਜੀਤ ਸੁਮਨ, ਜਤਿੰਦਰਪਾਲ ਸਿੰਘ, ਮਨਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਜਗਦੀਪ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…