Nabaz-e-punjab.com

ਭਾਰਤ-ਆਸਟ੍ਰੇਲੀਆ ਮੈਚ: ਮੁਹਾਲੀ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ, 1400 ਪੁਲੀਸ ਜਵਾਨ ਤਾਇਨਾਤ

ਨਿਰਧਾਰਿਤ ਪਾਰਕਿੰਗ ਸਥਾਨ ’ਤੇ ਵਾਹਨ ਖੜ੍ਹਾਉਣ ਲਈ ਦੇਣੀ ਪਵੇਗੀ ਪਾਰਕਿੰਗ ਫੀਸ: ਕਮਿਸ਼ਨਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਇੱਥੋਂ ਦੇ ਫੇਜ਼-9 ਸਥਿਤ ਪੀਸੀਏ ਸਟੇਡੀਅਮ ਵਿੱਚ ਭਲਕੇ 10 ਮਾਰਚ ਨੂੰ ਭਾਰਤ-ਆਸਟ੍ਰੇਲੀਆ ਵਿਚਕਾਰ ਹੋਣ ਵਾਲੇ ਚੌਥੇ ਇੱਕ ਰੋਜ਼ਾ ਕ੍ਰਿਕੇਟ ਮੈਚ ਦੇ ਮੱਦੇਨਜ਼ਰ ਮੁਹਾਲੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ ਅਤੇ ਕ੍ਰਿਕਟ ਪ੍ਰੇਮੀਆਂ ਅਤੇ ਆਮ ਲੋਕਾਂ ਦੇ ਆਉਣ-ਜਾਣ ਲਈ ਆਵਾਜਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਰੂਟ ਪਲਾਨ ਤਿਆਰ ਕੀਤਾ ਗਿਆ ਹੈ ਅਤੇ ਦਰਸ਼ਕਾਂ ਦੀ ਸਹੂਲਤ ਲਈ 7 ਵਾਹਨ ਪਾਰਕਿੰਗ ਸਥਾਨ ਨਿਰਧਾਰਿਤ ਕੀਤੇ ਗਏ ਹਨ। ਉਧਰ, ਐਸਐਸਪੀ ਹਰਚਰਨ ਸਿੰਘ ਭੁੱਲਰ ਨੇ ਅੱਜ ਪੀਸੀਏ ਅਤੇ ਸ਼ਹਿਰ ਦੀ ਸੁਰੱਖਿਆ ਲਈ ਤਾਇਨਾਤ ਪੁਲੀਸ ਫੋਰਸ ਨਾਲ ਮੀਟਿੰਗ ਕੀਤੀ ਅਤੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ।
ਸ੍ਰੀ ਭੁੱਲਰ ਨੇ ਦੱਸਿਆ ਕਿ ਪੀਸੀਏ ਦੇ ਅੰਦਰ ਅਤੇ ਬਾਹਰ ਦੀ ਸੁਰੱਖਿਆ ਲਈ 1400 ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ। ਜਿਨ੍ਹਾਂ ਵਿੱਚ 11 ਐਸਪੀ, 25 ਡੀਐਸਪੀ, 45 ਇੰਸਪੈਕਟਰ, 160 ਸਬ ਇੰਸਪੈਕਟਰ ਤੇ ਸਹਾਇਕ ਸਬ ਇੰਸਪੈਕਟਰ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ 24 ਸਪੈਸ਼ਲ ਪੁਲੀਸ ਨਾਕੇ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਗੇਟ ਨੰਬਰ 1-ਏ ਅਤੇ ਗੇਟ ਨੰਬਰ 1-ਬੀ ਦੀ ਪਾਰਕਿੰਗ ਲਈ ਹਾਕੀ ਸਟੇਡੀਅਮ ਦੇ ਅੰਦਰ ਗੇਟ ਦੇ ਸਾਹਮਣੇ, ਗੇਟ ਨੰਬਰ 1-ਸੀ ਲਈ ਪਾਰਕਿੰਗ ਮਲਟੀ ਪਰਪਜ਼ ਸਟੇਡੀਅਮ ਵਿੱਚ, ਗੇਟ ਨੰਬਰ 4 ਲਈ ਪਾਰਕਿੰਗ ਹੋਟਲ ਮੈਜਿਸਟਿਕ ਦੇ ਸਾਹਮਣੇ ਅਤੇ ਪਿਛਲੇ ਪਾਸੇ ਹੋਵੇਗੀ। ਇੰਝ ਹੀ ਗੇਟ ਨੰਬਰ ਗੇਟ ਨੰਬਰ 1-ਡੀ, ਗੇਟ ਨੰਬਰ-11 ਅਤੇ ਗੇਟ ਨੰਬਰ-14 ਲਈ ਪਾਰਕਿੰਗ ਫੇਜ਼-10 ਦੀ ਮਾਰਕੀਟ ਅਤੇ ਹਾਕੀ ਸਟੇਡੀਅਮ ਦੇ ਅੰਦਰ ਪਿਛਲੇ ਗੇਟ ਵੱਲ ਹੋਵੇਗੀ। ਗੇਟ ਨੰਬਰ-5,6,7,9 ਅਤੇ 10 ਲਈ ਗਮਾਡਾ ਭਵਨ ਅਤੇ ਵਣ ਭਵਨ ਨੇੜੇ ਮੰਡੀ ਵਾਲੇ ਪਾਸੇ ਵਾਹਨ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਾਇਲਟ/ਐਸਕੋਰਟ ਲਈ ਪਾਰਕਿੰਗ ਪੀਸੀਏ ਰੋਟਰੀ ਤੋਂ ਟੀ-ਪੁਆਇੰਟ ਨਾਈਪਰ ਰੋਡ ਤੱਕ ਹੋਵੇਗੀ।
ਉਧਰ, ਮੁਹਾਲੀ ਨਗਰ ਨਿਗਮ ਵੱਲੋਂ ਮੈਚ ਦੇਖਣ ਆਉਣ ਵਾਲੇ ਦਰਸ਼ਕਾਂ ਲਈ ਵੱਖ-ਵੱਖ ਸੈਕਟਰਾਂ/ਫੇਜ਼ਾਂ ਵਿੱਚ ਗੱਡੀਆਂ, ਮੋਟਰ ਸਾਈਕਲ, ਸਕੂਟਰ ਖੜ੍ਹੇ ਕਰਨ ਲਈ ਪਾਰਕਿੰਗਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਆਮ ਲੋਕਾਂ ਨੂੰ ਨੂੰ ਟਰੈਫ਼ਿਕ ਦੀ ਕੋਈ ਸਮੱਸਿਆ ਪੇਸ਼ ਨਾ ਆਵੇ ਅਤੇ ਟਰੈਫ਼ਿਕ ਨਿਰਵਿਘਨ ਚਲਦਾ ਰਹੇ। ਮੁਹਾਲੀ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਫੇਜ਼-8 ਸਥਿਤ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਸਾਹਮਣੇ ਪੁੱਡਾ ਭਵਨ ਵਾਲੀ ਸਾਈਡ ਅਤੇ ਦੁਸਹਿਰਾ ਗਰਾਉਂਡ, ਵਣ ਭਵਨ ਦੇ ਨਾਲ ਵਾਲੀ ਖਾਲੀ ਥਾਂ, ਫੇਜ਼-10 ਮਾਰਕੀਟ ਦੀ ਪਾਰਕਿੰਗ ਵਿੱਚ ਪਾਰਕਿੰਗਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕਮਿਸ਼ਨਰ ਨੇ ਦੱਸਿਆ ਕਿ ਪਾਰਕਿੰਗਾਂ ਵਿੱਚ ਵਾਹਨ ਖੜ੍ਹੇ ਕਰਨ ਲਈ ਪਾਰਕਿੰਗ ਫੀਸ ਦੇਣੀ ਪਵੇਗੀ। ਸਾਈਕਲ ਪਾਰਕਿੰਗ ਕਰਨ ਲਈ 5 ਰੁਪਏ, ਸਕੂਟਰ/ਮੋਟਰ ਸਾਈਕਲ ਦੇ 15 ਰੁਪਏ, ਕਾਰ/ਜੀਪ ਦੇ 30 ਰੁਪਏ ਅਤੇ ਬੱਸ/ਟਰੱਕ ਤੇ ਹੋਰ ਵੱਡੀਆਂ ਗੱਡੀਆਂ ਲਈ 50 ਰੁਪਏ ਵਾਹਨ ਪਾਰਕਿੰਗ ਫੀਸ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਾਹਨ ਚਾਲਕ ਉਕਤ ਨਿਰਧਾਰਿਤ ਪਾਰਕਿੰਗਾਂ ਤੋਂ ਇਲਾਵਾ ਆਪਣੀ ਮਰਜ਼ੀ ਨਾਲ ਕਿਸੇ ਹੋਰ ਥਾਂ ’ਤੇ ਵਾਹਨ ਪਾਰਕ ਕਰੇਗਾ ਤਾਂ ਸਬੰਧਤ ਵਾਹਨ ਨੂੰ ਟਰੈਫ਼ਿਕ ਪੁਲੀਸ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Police

Check Also

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ

50 ਗਰਾਮ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ, ਇਨੋਵਾ ਗੱਡੀ ਵੀ ਕੀਤੀ ਜ਼ਬਤ ਨਬਜ਼-ਏ-ਪੰਜਾਬ, ਮੁਹਾਲੀ, 14 ਦਸੰਬ…