Nabaz-e-punjab.com

ਵਿਦੇਸ਼ ਵਿੱਚ ਭਾਰਤੀ ਡਾਕਟਰਾਂ ਤੋਂ ਇਲਾਜ ਕਰਵਾਉਣ ਤੋਂ ਵੀ ਇਨਕਾਰੀ ਨੇ ਗੋਰੇ

ਆਰਮੀ ਵਿੱਚ ਕੈਪਟਨ ਰਹੀ ਡਾ. ਰੇਣੂਕਾ ਗੁਪਤਾ ਨੇ ਕੀਤਾ ਖੁਲਾਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜਨਵਰੀ:
ਵਿਦੇਸ਼ ਵਿੱਚ ਜਾ ਕੇ ਕੰਮ ਕਰਨ ਅਤੇ ਉੱਥੇ ਵੱਸਣ ਦਾ ਸੁਪਨਾ ਦੇਖ ਰਹੇ ਭਾਰਤੀ ਖਾਸ ਕਰਕੇ ਪੰਜਾਬੀ ਨਾਗਰਿਕਾਂ ਲਈ ਇਹ ਬੂਰੀ ਖ਼ਬਰ ਹੈ ਕਿ ਬਾਹਰਲੇ ਮੁਲਕਾਂ ਵਿੱਚ ਗੋਰੇ ਭਾਰਤੀ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਵਾਉਣ ਨੂੰ ਵੀ ਤਿਆਰ ਨਹੀਂ ਹਨ। ਇਸ ਗੱਲ ਦਾ ਖੁਲਾਸਾ ਆਰਮੀ ਵਿੱਚ ਕੈਪਟਨ ਰਹੀ ਡਾ. ਰੇਣੂਕਾ ਗੁਪਤਾ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ਅੰਗਰੇਜ਼ ਭਾਰਤੀ ਲੋਕਾਂ ਨਾਲ ਬਹੁਤ ਹੀ ਹੇਠਲੇ ਪੱਧਰ ਦਾ ਸਲੂਕ ਕਰਦੇ ਹਨ। ਡਾ. ਰੇਣੂਕਾ ਗੁਪਤਾ ਅਮਰੀਕਾ ਦੇ ਇਕ ਨਾਮੀ ਹਸਪਤਾਲ ਵਿੱਚ ਅਸਿਸਟੈਂਟ ਪ੍ਰੋਫੈਸਰ ਤਾਇਨਾਤ ਹੈ। ਇਨੀ ਦਿਨੀਂ ਉਹ ਛੁੱਟੀਆਂ ਕਾਰਨ ਭਾਰਤ ਵਿੱਚ ਰਹਿੰਦੇ ਆਪਣੇ ਮਾਪਿਆਂ ਨੂੰ ਮਿਲਣ ਆਈ ਹੋਈ ਹੈ।
ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹਸਪਤਾਲ ਵਿੱਚ ਇਲਾਜ ਲਈ ਆਏ ਇਕ 70 ਸਾਲ ਦੇ ਬਜ਼ੁਰਗ ਗੋਰੇ ਨੇ ਉਸ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਅਜੀਬੋ ਗਰੀਬ ਨਜ਼ਰ ਨਾਲ ਤੱਕਿਆ ਅਤੇ ਕਿਹਾ ਕਿ ਉਹ ਕਿਸੇ ਇੰਡੀਅਨ ਤੋਂ ਆਪਣਾ ਇਲਾਜ ਨਹੀਂ ਕਰਵਾਏਗਾ। ਗੋਰੇ ਦੀ ਇਹ ਗੱਲ ਸੁਣ ਕੇ ਉਸ ਦੇ ਮਨ ਨੂੰ ਕਾਫੀ ਠੇਸ ਪਹੁੰਚੀ ਅਤੇ ਉਹ ਇਕ ਕਮਰੇ ਵਿੱਚ ਇਕੱਲੀ ਬੈਠ ਕੇ ਬਹੁਤ ਰੋਈ। ਇਸ ਸਬੰਧੀ ਡਾ. ਰੇਣੂਕਾ ਨੇ ਉੱਥੇ ਆਪਣੀ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਉਸ ਨਾਲ ਅਤੇ ਹੋਰਨਾਂ ਭਾਰਤੀਆਂ ਨਾਲ ਵਾਪਰੀਆਂ ਹਨ। ਡਾ. ਰੇਣੂਕਾ ਨੇ ਦੱਸਿਆ ਕਿ ਉਸ ਨੇ ਐਮਡੀ ਦੀ ਮੈਡੀਕਲ ਟਰੇਨਿੰਗ ਵੀ ਅਮਰੀਕਾ ’ਚੋਂ ਲਈ ਹੈ। ਇਸ ਦੇ ਬਾਵਜੂਦ ਗੋਰੇ ਉਨ੍ਹਾਂ ਨੂੰ ਅਪਣਾਉਣ ਨੂੰ ਤਿਆਰ ਨਹੀਂ ਹਨ। ਗੋਰੇ ਉਸ ਨੂੰ ਹਸਪਤਾਲ ’ਚੋਂ ਕਢਵਾਉਣ ਅਤੇ ਡਾਕਟਰੀ ਦਾ ਲਾਇਸੈਂਸ ਰੱਦ ਕਰਵਾਉਣ ਦੀ ਧਮਕੀ ਵੀ ਦਿੱਤੀ ਗਈ। ਇਸ ਤੋਂ ਬਾਅਦ ਉਸ ਨੇ ਉੱਥੇ ਰਹਿੰਦੇ ਭਾਰਤੀਆਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ। ਉਂਜ ਸ਼ੁਰੂਆਤੀ ਦਿਨਾਂ ਵਿੱਚ ਉਸ ਨੂੰ ਵਿਦੇਸ਼ੀ ਮੁਲਕ ਵਿੱਚ ਭੁੱਖੇ ਪੇਟ ਵੀ ਰਹਿਣਾ ਪਿਆ ਹੈ। ਦੋ ਵਖ਼ਤ ਦੀ ਰੋਟੀ ਲਈ ਉਸ ਨੂੰ ਝੂਠੀਆਂ ਪਲੇਟਾਂ ਧੋਣੀਆਂ ਪਈਆਂ, ਮੰਦਰ ਅਤੇ ਸਟੋਰ ਵਿੱਚ ਕੰਮ ਕਰਨਾ ਪਿਆ ਹੈ।
ਡਾ. ਰੇਣੂਕਾ ਗੁਪਤਾ ਨੇ ਵਿਦੇਸ਼ ਜਾ ਕੇ ਕੰਮ ਕਰਨ ਅਤੇ ਉੱਥੇ ਵੱਸਣ ਵਾਲੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ ਜਾਣ ਤੋਂ ਪਹਿਲਾਂ ਇਕ ਜ਼ਰੂਰ ਸੋਚਣ। ਕਿਉਂਕਿ ਬਾਹਰਲੇ ਮੁਲਕਾਂ ਵਿੱਚ ਖੱਜਲ-ਖੁਆਰੀ ਤੋਂ ਬਿਨਾਂ ਕੁਝ ਪੱਲੇ ਨਹੀਂ ਪੈਂਦਾ ਹੈ ਜਦੋਂਕਿ ਟਰੈਵਲ ਏਜੰਟ ਵਿਦੇਸ਼ ਵਿੱਚ ਸੈਟਲਮੈਂਟ ਕਰਵਾਉਣ ਦੇ ਸੁਪਨੇ ਦਿਖਾ ਕੇ ਉਨ੍ਹਾਂ ਤੋਂ ਜੀਵਨ ਭਰ ਦੀ ਸਾਰੀ ਪੂੰਜੀ ਲੈ ਕੇ ਉਨ੍ਹਾਂ ਨੂੰ ਕਰਜ਼ਈ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਡਾਕਟਰ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ, ਜੇਕਰ ਡਾਕਟਰੀ ਪੇਸ਼ੇ ਨਾਲ ਅਜਿਹਾ ਵਾਪਰ ਸਕਦਾ ਹੈ ਤਾਂ ਆਮ ਲੋਕਾਂ ਨਾਲ ਕਿਸ ਪੱਧਰ ਦੀ ਵਿਤਕਰੇਬਾਜ਼ੀ ਹੁੰਦੀ ਹੋਵੇਗੀ, ਇਸ ਗੱਲ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ‘ਮੈਂ ਵੀ ਵਿਦੇਸ਼ ਜਾ ਕੇ ਵੱਸਣ ਅਤੇ ਡਾਕਟਰੀ ਸੇਵਾ ਨਿਭਾਉਣ ਦਾ ਸੁਪਨਾ ਲੈ ਕੇ ਅਮਰੀਕਾ ਗਈ ਸੀ, ਪ੍ਰੰਤੂ ਇਕ ਗੋਰੇ ਨੇ ਉਸ ਤੋਂ ਇਲਾਜ ਕਰਵਾਉਣ ਤੋਂ ਜਵਾਬ ਦੇ ਕੇ ਉਸ ਦਾ ਸੁਪਨਾ ਤੋੜ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ

ਅਧਿਆਪਕਾਂ ਨੇ ਸਿੱਖਿਆ ਭਵਨ ਦੇ ਬਾਹਰ ਹਰਜੋਤ ਬੈਂਸ ਦਾ ਪੁਤਲਾ ਸਾੜਿਆ, ਨਾਅਰੇਬਾਜ਼ੀ 8 ਮਾਰਚ ਨੂੰ ਸਿੱਖਿਆ ਮੰਤਰ…