nabaz-e-punjab.com

ਇੰਗਲੈਂਡ ਵਿੱਚ ਭਾਰਤੀ ਜੰਗੀ ਯਾਦਗਾਰ ਦੀ ਭੰਨ-ਤੋੜ ਕਰਨਾ ਦੁੱਖਦਾਈ ਅਤੇ ਨਿੰਦਣਯੋਗ-ਕੈਪਟਨ ਅਮਰਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਨਵੰਬਰ-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੰਗਲੈਂਡ ਵਿੱਚ ਭਾਰਤੀ ਜੰਗੀ ਯਾਦਗਾਰ ਦੀ ਭੰਨ-ਤੋੜ ਕੀਤੇ ਜਾਣ ਦੀ ਨਿੰਦਾ ਕੀਤੀ ਹੈ ਅਤੇ ਪਹਿਲੀ ਵਿਸ਼ਵ ਜੰਗ ਦੀ ਸ਼ਤਾਬਦੀ ਮੌਕੇ ਇਸ ਨਸਲੀ ਹਮਲੇ ਦੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਯਾਦਗਾਰ ਦਾ ਉਦਘਾਟਨ ਹਾਲ ਹੀ ਵਿੱਚ ਕੀਤਾ ਗਿਆ ਸੀ। ਪਹਿਲੀ ਵਿਸ਼ਵ ਜੰਗ ਵਿੱਚ ਦੱਖਣੀ ਏਸ਼ੀਆਂ ਦੇ ਫੌਜੀਆਂ ਦੇ ਯੋਗਦਾਨ ਦੇ ਸਬੰਧ ਵਿੱਚ 15ਵੀਂ ਸਿੱਖ ਦੇ ਚਿੰਨ੍ਹ ਵਜੋਂ ਸਿੱਖ ਫੌਜੀ ਦੇ 10 ਫੁੱਟ ਉੱਚੇ ਬੁੱਤ ਦੀ ਭੰਨ-ਤੋੜ ਕਰਨ ਨੂੰ ਘਟੀਆ ਅਤੇ ਅਣਉਚਿਤ ਦੱਸਦੇ ਹੋਏ ਮੁੱਖ ਮੰਤਰੀ ਨੇ ਇਸ ਘਟਨਾ ‘ਤੇ ਗੰਭੀਰ ਚਿੰਤਾ ਅਤੇ ਦੁੱਖ ਪ੍ਰਗਟ ਕੀਤਾ ਹੈ ਜੋ ਕਿ ਹਾਲ ਹੀ ਦੇ ਮਹੀਨਿਆਂ ਦੌਰਾਨ ਇੰਗਲੈਂਡ ਅਤੇ ਹੋਰ ਪੱਛਮੀ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਹੋਏ ਲੜੀਵਾਰ ਨਸਲੀ ਹਮਲਿਆਂ ਦੇ ਪਿਛੋਕੜ ਵਿੱਚ ਵਾਪਰੀ ਹੈ। ਇਸ ਬੁੱਤ ਤੋਂ ਪਿਛਲੇ ਐਤਵਾਰ ਪਰਦਾ ਉਠਾਇਆ ਗਿਆ ਸੀ ਅਤੇ ਪਹਿਲੀ ਵਿਸ਼ਵ ਜੰਗ ਦੌਰਾਨ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਸਿੱਖ ਫੌਜੀਆਂ ਦੇ ਸਨਮਾਨ ਵਿੱਚ ਹੋਣ ਵਾਲੇ ਸਮਾਰੋਹ ਤੋਂ ਕੁੱਝ ਘੰਟੇ ਪਹਿਲਾਂ ਇਸ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਪਹਿਲੀ ਵਿਸ਼ਵ ਜੰਗ ਦੌਰਾਨ ਭਾਰਤ ਦੇ 74 ਹਜ਼ਾਰ ਤੋਂ ਵੱਧ ਫੌਜੀਆਂ ਨੇ ਆਪਣੀ ਜਾਨਾਂ ਨਿਸ਼ਾਵਰ ਕੀਤੀਆਂ ਸਨ ਅਤੇ ਇਸ ਜੰਗ ਦੀ ਸ਼ਤਾਬਦੀ ਦੇ ਹਿੱਸੇ ਵਜੋਂ 1914 ਤੋਂ 1918 ਵਿਚਕਾਰ ਜੰਗ ਵਿੱਚ ਆਪਣੀਆਂ ਜਾਨਾਂ ਬਲਿਦਾਨ ਕਰਨ ਵਾਲੇ ਫੌਜੀਆਂ ਦੀ ਯਾਦ ਵਿੱਚ ਵੱਖ ਵੱਖ ਦੇਸ਼ਾਂ ਵਿੱਚ ਸਮਾਰੋਹ ਆਯੋਜਿਤ ਕਰਵਾਏ ਜਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਸ਼ਵ ਜੰਗ ਵਿੱਚ ਸਿੱਖ ਫੌਜੀਆਂ ਦੇ ਯੋਗਦਾਨ ਨੂੰ ਘਟਾਉਣ ਲਈ ਨਸਲੀ ਤੱਤਾਂ ਵੱਲੋਂ ਕੀਤੀ ਗਈ ਇਹ ਕੋਸ਼ਿਸ਼ ਦੁਖਦਾਈ ਅਤੇ ਭਿਆਨਕ ਹੈ ਜੋ ਕਿ ਭਾਈਚਾਰੇ ਵਿਰੁਧ ਨਫ਼ਰਤ ਦਾ ਮਾਹੌਲ ਪੈਦਾ ਕਰਨ ਵੱਲ ਸੇਧਿਤ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿੱਚ ਸਿੱਖ ਭਾਈਚਾਰੇ ਵਿੱਚ ਗੁੱਸਾ ਪੈਦਾ ਹੋਣਾ ਸਮਝ ਆਉਣ ਵਾਲੀ ਗੱਲ ਹੈ। ਉਨ੍ਹਾਂ ਨੇ ਦੋਸ਼ਿਆਂ ਦੀ ਸ਼ਨਾਖਤ ਕਰਨ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹੇ ਕਰਨ ਦੀ ਇੰਗਲੈਂਡ ਦੀ ਅਥਾਰਿਟੀ ਨੂੰ ਅਪੀਲ ਕੀਤੀ ਹੈ। ਗੌਰਤਲਬ ਹੈ ਕਿ ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਨੇ ਕਾਂਸੀ ਦੇ ਬੁੱਤ ਲਈ ਤਕਰੀਬਨ 20 ਹਜ਼ਾਰ ਪੌਂਡ ਦਾਨ ਵਜੋਂ ਦਿੱਤੇ ਸਨ ਜਦਕਿ ਸਥਾਨਕ ਸੈਂਡਵਿਲ ਕੌਂਸਲ ਨੇ ਨਵੀਂ ਸਮਾਰਕ ਵਿੱਚ ਸੀਟਾਂ ਅਤੇ ਰੋਸ਼ਨੀ ਦੇ ਨਾਲ-ਨਾਲ ਜਨਤਕ ਸਥਾਨ ਬਨਾਉਣ ਲਈ ਨਿਵੇਸ਼ ਕੀਤਾ ਸੀ। ਇਸ ਉਦਘਾਟਨੀ ਸਮਾਰੋਹ ਵਿੱਚ ਲੇਬਰ ਪਾਰਟੀ ਦੀ ਐਮ.ਪੀ ਪ੍ਰੀਤ ਕੌਰ ਗਿੱਲ ਜੋ ਇੰਗਲੈਂਡ ਦੀ ਪਹਿਲੀ ਮਹਿਲਾ ਸਿੱਖ ਐਮ.ਪੀ ਹੈ, ਸਣੇ ਸੈਂਕੜੇ ਲੋਕ ਸ਼ਾਮਲ ਹੋਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿੱਤੀ ਨੁਕਸਾਨ ਤੋਂ ਕਿਤੇ ਜ਼ਿਆਦਾ ਨੁਕਸਾਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਦੁਖ ਪਹੁੰਚਣ ਕਾਰਨ ਹੋਇਆ ਹੈ ਜਿਨ੍ਹਾਂ ਨੇ ਜੰਗ ਵਿੱਚ ਆਪਣੇ ਘਰਾਂ ਤੋਂ ਦੂਰ ਦਰਾਜ ਦੇ ਇਲਾਕਿਆਂ ਵਿੱਚ ਹਜ਼ਾਰਾ ਲੋਕ ਗਵਾਏ ਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਅਣਵੰਡੇ ਪੰਜਾਬ ਦਾ ਇਕ ਵੀ ਪਿੰਡ ਅਜਿਹਾ ਨਹੀਂ ਸੀ ਜਿਸ ਪਿੰਡ ਨੇ ਜੰਗ ਦੌਰਾਨ ਆਪਣਾ ਕੋਈ ਬੰਦਾ ਨਾ ਖੋਇਆ ਹੋਵੇ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…