Share on Facebook Share on Twitter Share on Google+ Share on Pinterest Share on Linkedin ਹਥਿਆਰਬੰਦ ਫੌਜਾਂ ਨੂੰ ਸੱਚੀ ਸ਼ਰਧਾਂਜਲੀ ਸਾਬਤ ਹੋਵੇਗਾ ਪਹਿਲਾਂ ਮਿਲਟਰੀ ਲਿਟਰੇਚਰ ਫੈਸਟੀਵਲ: ਨਵਜੋਤ ਸਿੱਧੂ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਨਵੰਬਰ: ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਰਸਮੀ ਤੌਰ ’ਤੇ ਦੇਸ਼ ਦੇ ਪਹਿਲੇ ਮਿਲਟਰੀ ਲਿਟਰੇਚਰ ਫੈਸਟੀਵਲ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਦੇਸ਼ ਦੀਆਂ ਹਥਿਆਰਬੰਦ ਫੌਜਾਂ ਨੂੰ ਇੱਕ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਦੇਸ਼ ਦੇ ਲਈ ਵੱਖੋ-ਵੱਖ ਅਹਿਮ ਮੌਕਿਆਂ ਉੱਤੇ ਮਹੱਤਵਪੂਰਨ ਯੋਗਦਾਨ ਪਾਇਆ ਹੈ। ਅੱਜ ਇੱਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਸਿੱਧੂ ਨੇ ਆਪਣੀ ਤਰ੍ਹਾਂ ਦੇ ਨਿਵੇਕਲੇ ਇਸ ਫੈਸਟੀਵਲ ਦਾ ਹਿੱਸਾ ਬਣਨ ਉੱਤੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਸ਼ਾਨਦਾਰ ਪਹਿਲ ਦਾ ਸਿਹਰਾ ਦਿੱਤਾ। ਇਹ ਮਿਲਟਰੀ ਲਿਟਰੇਚਰ ਫੈਸਟੀਵਲ ਪੰਜਾਬ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਜਾਵੇਗਾ ਜਿਸਦਾ ਮਕਸਦ ਲੋਕਾਂ ਵਿੱਚ ਫੌਜੀ ਵਿਸ਼ਿਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਸ੍ਰੀ ਸਿੱਧੂ ਨੇ ਇਸ ਫੈਸਟੀਵਲ ਦੇ ਲੋਗੋ (ਚਿੰਨ੍ਹ) ਦੀ ਘੁੰਡ ਚੁਕਾਈ ਕਰਦੇ ਹੋਏ ਇਸਦੇ ਡਿਜ਼ਾਇਨਰ ਨੂੰ ਵਧਾਈ ਦਾ ਪਾਤਰ ਦੱਸਿਆ ਅਤੇ ਕਿਹਾ ਕਿ ਇਸ ਅਹਿਮ ਮੌਕੇ ਚੋਟੀ ਦੇ ਬੁੱਧੀਜੀਵੀਆਂ, ਲੇਖਕਾਂ, ਇਤਿਹਾਸਕਾਰਾਂ ਅਤੇ ਫੌਜੀ ਮਾਮਲਿਆਂ ਦੇ ਮਾਹਿਰਾਂ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸਭ ਤੋਂ ਵੱਧ ਪਰਮਵੀਰ ਚੱਕਰ ਪੰਜਾਬ ਦੇ ਫੌਜੀ ਸੂਰਵੀਰਾਂ ਨੇ ਜਿੱਤੇ ਹਨ ਅਤੇ ਇਹ ਫੈਸਟੀਵਲ ਦੇਸ਼ ਦੇ ਰਾਖੇ ਫੌਜੀਆਂ ਦੀ ਹਿੰਮਤ ਅਤੇ ਹੌਸਲੇ ਨੂੰ ਸੱਚੀ ਸ਼ਰਧਾਂਜਲੀ ਹੋਵੇਗਾ। ਉਨ੍ਹਾਂ ਮੀਡੀਆ ਕਰਮੀਆਂ ਨੂੰ ਸੱਦਾ ਦਿੱਤਾ ਕਿ ਇਸ ਸ਼ਾਨਦਾਰ ਪਹਿਲ ਦੀ ਭਰਪੂਰ ਹਿਮਾਇਤ ਕੀਤੀ ਜਾਵੇ ਤਾਂ ਜੋ ਦੇਸ਼ ਦੇ ਲੋਕਾਂ ਖਾਸ ਕਰਕੇ ਬੱਚਿਆਂ ਵਿਚ ਫੌਜਾਂ ਦੀ ਬਹਾਦਰੀ ਅਤੇ ਕੁਰਬਾਨੀ ਦਾ ਸੰਦੇਸ਼ ਫੈਲਾਇਆ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਸ਼ਰੀਰਕ ਤਾਕਤ ਪੱਖੋਂ ਪੰਜਾਬੀ ਕਿਸੇ ਤੋਂ ਪਿੱਛੇ ਨਹੀਂ ਰਹਿੰਦੇ ਪਰ ਬੌਧਿਕ ਪੱਖ ਤੋਂ ਰਤਾ ਕੁ ਪਿੱਛੇ ਰਹਿ ਜਾਂਦੇ ਹਨ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐੱਸ. ਸ਼ੇਰਗਿੱਲ ਨੇ ਕਿਹਾ ਕਿ ਇਹ ਫੈਸਟੀਵਲ 7 ਤੋਂ 9 ਦਸੰਬਰ, 2017 ਤੱਕ ਕਰਵਾਇਆ ਜਾਵੇਗਾ ਅਤੇ ਇਸ ਤੋਂ ਪਹਿਲਾਂ ਵੀ ਇਸ ਨਾਲ ਸਬੰਧਤ ਕਈ ਸਮਾਗਮ ਹੋਣਗੇ। ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਫੌਜੀ ਸਾਹਿਤ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ ਅਤੇ ਦੁਨੀਆ ਦੀ ਸਭ ਤੋਂ ਵੱਡੀ ਕਵਿਤਾ ਮਹਾਭਾਰਤ ਦਾ ਮੁੱਖ ਵਿਸ਼ਾ ਵੀ ਜੰਗ ਹੀ ਹੈ। ਉਨ੍ਹਾਂ ਇਸ ਮੌਕੇ ਫੌਜ ਅਤੇ ਸਾਹਿਤ ਵਿੱਚ ਤਕਨੀਕੀ ਪੱਖ ਦੀ ਅਹਿਮੀਅਤ ਉੱਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਇਸ ਫੈਸਟੀਵਲ ਦਾ ਮੁੱਖ ਮਕਸਦ ਨੌਜਵਾਨਾਂ ਵਿੱਚ ਕੁਰਬਾਨੀ ਦੀ ਭਾਵਨਾ ਨੂੰ ਮੁੜ ਜਗਾਉਣਾ ਹੈ। ਜਿਸ ਦਾ ਪੰਜਾਬ ਵਿੱਚ ਸ਼ਾਨਾ ਮਤਾ ਇਤਿਹਾਸ ਰਿਹਾ ਹੈ। ਇਸ ਲਈ ਇਸ ਫੈਸਟੀਵਲ ਵਿੱਚ ਨੌਜਵਾਨ ਵਰਗ ਨੂੰ ਕੇਂਦਰ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਫੌਜ ਵਿੱਚ ਭਰਤੀ ਦਾ ਆਧਾਰ ਮੈਰਿਟ ਹੋਣਾ ਚਾਹੀਦਾ ਹੈ ਤਾਂ ਜੋ ਗੁਣਵੱਤਾ, ਮੁਕਾਬਲੇ ਬਾਜ਼ੀ ਆਦਿ ਪੱਖਾਂ ਨੂੰ ਮਜਬੂਤੀ ਮਿਲ ਸਕੇ। ਇਸ ਮੌਕੇ ਇਸ ਫੈਸਟੀਵਲ ਦੀ ਰੂਪ ਰੇਖਾ ਜਾਰੀ ਕਰਨ ਵਾਲਿਆਂ ਵਿੱਚ ਪੰਜਾਬ ਦੇ ਸੈਰ ਸਪਾਟਾ ਵਿਭਾਗ ਦੇ ਸਕੱਤਰ ਜਸਪਾਲ ਸਿੰਘ, ਵਿਭਾਗ ਦੇ ਡਾਇਰੈਕਟਰ ਸ਼ਿਵਦੁਲਾਰ ਸਿੰਘ ਢਿੱਲੋਂ, ਬ੍ਰਿਗੇਡੀਅਰ ਜਨਰਲ ਸਟਾਫ ਇੰਨਫਰਮੇਸ਼ਨ ਵਾਰ ਫੇਅਰ ਹੈੱਡਕੁਆਟਰ ਪੱਛਮੀ ਕਮਾਂਡ ਬ੍ਰਿਗੇਡੀਅਰ ਜੇ.ਐਸ. ਭਾਰਦਵਾਜ, ਸਟਾਫ਼ ਅਫ਼ਸਰ ਏਵੀਏਸ਼ਨ ਬ੍ਰਿਗੇਡੀਅਰ ਕੇ.ਜੇ. ਸਿੰਘ, ਸਟਾਫ਼ ਅਫ਼ਸਰ ਟੂ ਚੀਫ਼ ਆਫ਼ ਸਟਾਫ਼ ਪੱਛਮੀ ਕਮਾਂਡ ਲੈਫਟੀਨੈਂਟ ਕਰਨਲ ਸੁਖਦੇਵ ਸਿੰਘ, ਜਨਰਲ ਸਟਾਫ਼ ਅਫ਼ਸਰ ਲੈਫਟੀਨੈਂਟ ਕਰਨਲ ਮਨੋਜ ਕੁਮਾਰ ਅਤੇ ਕੈਪਟਨ ਹਿਮਾਂਸ਼ੂ ਪ੍ਰਧਾਨ ਵੀ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ