
ਭਾਰਤ-ਚੀਨ ਸੈਨਿਕ ਝੜਪ: ਮਾਰਕੀਟ ਐਸੋਸੀਏਸ਼ਨ ਦੇ ਮੈਂਬਰਾਂ ਨੇ ਚੀਨ ਦਾ ਪੁਤਲਾ ਸਾੜਿਆ
ਚੀਨ ਦੇ ਬਣੇ ਸਮਾਨ ਦਾ ਬਾਈਕਾਟ ਕਰਕੇ ਲੋਕਾਂ ਨੂੰ ਸਵਦੇਸ਼ੀ ਸਮਾਨ ਦੀ ਵਰਤੋਂ ਕਰਨ ਦੀ ਅਪੀਲ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜੂਨ:
ਚੀਨ ਸੈਨਾ ਵੱਲੋਂ ਲਦਾਖ਼ ਵਿੱਚ ਬੀਤੇ ਦਿਨੀਂ ਭਾਰਤ ਦੇ 20 ਫੌਜੀਆਂ ਨੂੰ ਸ਼ਹੀਦ ਕਰ ਦੇਣ ਦੇ ਰੋਸ ਵਜੋਂ ਬੁੱਧਵਾਰ ਇੱਥੋਂ ਦੇ ਫੇਜ਼-7 ਦੀ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਚੀਨ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਚੀਨ ਹਕੂਮਤ ਦਾ ਪੁਤਲਾ ਅਤੇ ਚੀਨੀ ਸਾਮਾਨ (ਜਿਸ ਵਿੱਚ ਖਿਡੌਣੇ, ਪਿਚਕਾਰੀਆਂ ਅਤੇ ਹੋਰ ਸਮਾਨ ਸ਼ਾਮਲ ਸੀ) ਸਾੜ ਕੇ ਰੋਸ ਪ੍ਰਗਟਾਇਆ।
ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਬਜੀਤ ਸਿੰਘ ਪਾਰਸ ਨੇ ਇਸ ਮੌਕੇ ਕਿਹਾ ਕਿ 20 ਭਾਰਤੀ ਫੌਜੀਆਂ ਨੂੰ ਸ਼ਹੀਦ ਕਰਕੇ ਚੀਨ ਨੇ ਜੋ ਕਾਇਰਾਨਾ ਹਰਕਤ ਕੀਤੀ ਹੈ। ਉਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਭਾਰਤ ਚੀਨ ਵੱਲੋਂ ਪੈਦਾ ਕੀਤੀ ਕਰੋਨਾ ਮਹਾਮਾਰੀ ਦੀ ਮਾਰ ਝੱਲ ਰਿਹਾ ਹੈ। ਜਿਸ ਦੀ ਸ਼ੁਰੂਆਤ ਵੀ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ ਅਤੇ ਉੱਥੋਂ ਇਹ ਪੂਰੇ ਵਿਸ਼ਵ ਸਮੇਤ ਭਾਰਤ ਵਿੱਚ ਵੀ ਪੂਰੀ ਤਰ੍ਹਾਂ ਫੈਲ ਚੁੱਕੀ ਹੈ। ਇਸ ਮਹਾਮਾਰੀ ’ਤੇ ਕਾਬੂ ਕਰਨ ਲਈ ਸਰਕਾਰ ਵੱਲੋਂ ਲਗਾਏ ਲੌਕਡਾਊਨ ਦੇ ਕਾਰਨ ਉਨ੍ਹਾਂ ਦੇ ਸਭ ਕੰਮ-ਕਾਜ ਠੱਪ ਹੋ ਗਏ ਹਨ ਅਤੇ ਲੋਕ ਰੋਟੀ ਲਈ ਵੀ ਤਰਸ ਰਹੇ ਹਨ ਅਤੇ ਦੂਜੇ ਪਾਸੇ ਹੁਣ ਚੀਨ ਨੇ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਕੇ 20 ਫੌਜੀਆਂ ਨੂੰ ਸ਼ਹੀਦ ਕਰਕੇ ਸਾਬਤ ਕਰ ਦਿੱਤਾ ਹੈ ਕਿ ਚੀਨ, ਭਾਰਤ ਨੂੰ ਬਰਬਾਦ ਕਰਨਾ ਚਾਹੁੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਚੀਨ ਦੇ ਬਣੇ ਸਮਾਨ ਦਾ ਬਾਈਕਾਟ ਕਰਕੇ ਉਸ ਦੀ ਥਾਂ ’ਤੇ ਸਵਦੇਸ਼ੀ ਸਾਮਾਨ ਦੀ ਵਰਤੋਂ ਨੂੰ ਪਹਿਲ ਦੇਣੀ ਚਾਹੀਦੀ ਹੈ।
ਉਧਰ, ਧਰਨਾ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਅਕਾਲੀ ਦਲ ਦੇ ਸਾਬਕਾ ਕੌਂਸਲਰ ਫੂਲਰਾਜ ਸਿੰਘ ਨੇ ਕਿਹਾ ਕਿ ਸਿਰਫ਼ ਚੀਨ ਦੇ ਪੁਤਲੇ ਫੂਕਣ ਨਾਲ ਕੁਝ ਨਹੀਂ ਹੋਵੇਗਾ ਬਲਕਿ ਸਾਨੂੰ ਸਾਰਿਆਂ ਨੂੰ ਚੀਨ ਦੇ ਸਮਾਨ ਦਾ ਪੂਰੀ ਤਰ੍ਹਾਂ ਨਾਲ ਬਾਇਕਾਟ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਚੀਨੀ ਸਾਮਾਨ ਦੀ ਮੰਗ ਨਾ ਕੀਤੀ ਜਾਵੇ ਅਤੇ ਇਸਦੇ ਨਾਲ ਹੀ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੀਨੀ ਸਾਮਾਨ ਦੀ ਵਿਕਰੀ ਨਾ ਕਰਨ। ਉਨ੍ਹਾਂ ਕਿਹਾ ਕਿ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਦੇ ਨਾਲ ਸਾਰਾ ਦੇਸ਼ ਖੜਾ ਹੈ।