Share on Facebook Share on Twitter Share on Google+ Share on Pinterest Share on Linkedin ਸਨਅਤੀ ਖੇਤਰ ਫੇਜ਼-8ਏ ਅਤੇ 8ਬੀ ਮੁਹਾਲੀ ਨਗਰ ਨਿਗਮ ਵਿੱਚ ਸ਼ਾਮਲ ਮੁਹਾਲੀ ਨੂੰ ਆਦਰਸ਼ ਸਨਅਤੀ ਖੇਤਰ ਵਜੋਂ ਵਿਕਸਤ ਕਰੇਗਾ ਨਗਰ ਨਿਗਮ: ਬਲਬੀਰ ਸਿੱਧੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ: ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮੀਟਿਡ (ਪੀਐਸਆਈਈਸੀ) ਨੇ ਅੱਜ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਨਅਤ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਹਾਜ਼ਰੀ ਵਿੱਚ ਮੁਹਾਲੀ ਦੇ ਸਨਅਤੀ ਖੇਤਰ ਫੇਜ਼-8ਏ ਅਤੇ 8ਬੀ ਦੀ ਸਾਂਭ-ਸੰਭਾਲ ਦਾ ਜ਼ਿੰਮਾ ਨਗਰ ਨਿਗਮ ਮੁਹਾਲੀ ਹਵਾਲੇ ਕਰ ਦਿੱਤਾ। ਇਸ ਸਬੰਧੀ ਕਰਵਾਏ ਸਮਾਰੋਹ ਦੌਰਾਨ ਸਿਹਤ ਮੰਤਰੀ ਸ੍ਰੀ ਸਿੱਧੂ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਸੀ ਕਿਉਂਕਿ ਇਨ੍ਹਾਂ ਸਨਅਤੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਦੀ ਲੋੜ ਸੀ। ਇਨ੍ਹਾਂ ਖੇਤਰਾਂ ਦੀ ਮਾੜੀ ਹਾਲਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਭਰੋਸਾ ਜਤਾਇਆ ਕਿ ਨਗਰ ਨਿਗਮ ਹੁਣ ਇਸ ਇਲਾਕੇ ਦੀ ਵੱਡੇ ਪੱਧਰ ਉਤੇ ਕਾਇਆ ਕਲਪ ਕਰੇਗਾ ਅਤੇ ਇਸ ਨੂੰ ਆਦਰਸ਼ ਸਨਅਤੀ ਖੇਤਰ ਵਜੋਂ ਵਿਕਸਤ ਕੀਤਾ ਜਾਵੇਗਾ। ਸਨਅਤ ਤੇ ਵਣਜ ਮੰਤਰੀ ਤੋਂ ਹੋਰ ਫੰਡਾਂ ਦੀ ਮੰਗ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਉਹ ਲੋਕਾਂ ਦੇ ਪਿਆਰ ਸਦਕਾ ਹੀ ਇੱਥੋਂ ਤੱਕ ਪੁੱਜੇ ਹਨ ਅਤੇ ਉਨ੍ਹਾਂ ਨੂੰ ਸਿਆਸਤ ਕਿਸੇ ਵਿਰਾਸਤ ਵਿੱਚ ਨਹੀਂ ਮਿਲੀ, ਸਗੋਂ ਉਨ੍ਹਾਂ ਆਪਣੇ ਕੰਮਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾਈ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਉਨ੍ਹਾਂ ਲਈ ਇਕ ਪਰਿਵਾਰ ਵਾਂਗ ਹਨ। ਕੈਬਨਿਟ ਮੰਤਰੀ ਨੇ ਸ਼ਹਿਰ ਦੇ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਸੋਚ ਸਦਕਾ ਮੁਹਾਲੀ ਸ਼ਹਿਰ ਨੇ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਚੰਡੀਗੜ੍ਹ ਨੂੰ ਪਿੱਛੇ ਛੱਡ ਦਿੱਤਾ ਹੈ। ਸਨਅਤ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਵਿਕਾਸ ਦੀ ਇਸ ਲਹਿਰ ਦੀ ਬੇਹੱਦ ਲੋੜ ਸੀ ਅਤੇ ਨਗਰ ਨਿਗਮ ਕੋਲ ਇਨ੍ਹਾਂ ਸਨਅਤੀ ਖੇਤਰਾਂ ਦੀ ਸਾਂਭ-ਸੰਭਾਲ ਲਈ ਚੋਖੇ ਫੰਡ ਮੌਜੂਦ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਸਨਅਤੀ ਗਤੀਵਿਧੀਆਂ ਦਾ ਧੁਰਾ ਬਣ ਰਿਹਾ ਹੈ ਅਤੇ ਜੇ ਅਸੀਂ ਛੇਤੀ ਤੋਂ ਛੇਤੀ ਮੁੱਢਲਾ ਬੁਨਿਆਦੀ ਢਾਂਚਾ ਮੁਹੱਈਆ ਕਰਾਂਗੇ ਤਾਂ ਇਹ ਸ਼ਹਿਰ ਸੂਬੇ ਭਰ ’ਚੋਂ ਆਪਣੇ ਲਈ ਵੱਡੇ ਸਨਅਤੀ ਸ਼ਹਿਰ ਦਾ ਖ਼ਿਤਾਬ ਹਾਸਲ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਦੌਰਾਨ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਆਪਣੇ ਸਨਅਤੀ ਇਲਾਕਿਆਂ ਨੂੰ ਆਲਮੀ ਤਰਜ਼ ਉਤੇ ਵਿਕਸਤ ਕਰਨ ਦੇ ਖੇਤਰ ਵਿੱਚ ਇਹ ਸ਼ਹਿਰ ਝੰਡਾ ਬਰਦਾਰ ਬਣੇਗਾ। ਨਗਰ ਨਿਗਮ ਕਮਿਸ਼ਨਰ ਕਮਲ ਕੁਮਾਰ ਗਰਗ ਨੇ ਇਨ੍ਹਾਂ ਕੋਸ਼ਿਸ਼ਾਂ ਦੀ ਪ੍ਰੋੜ੍ਹਤਾ ਕਰਦਿਆਂ ਆਖਿਆ ਕਿ ਇਨ੍ਹਾਂ ਖੇਤਰਾਂ ਦੇ ਨਾਲ-ਨਾਲ ਸ਼ਹਿਰ ਦੇ ਹੋਰ ਇਲਾਕਿਆਂ ਦੀ ਸਾਂਭ-ਸੰਭਾਲ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਪੀਐਸਆਈਈਸੀ ਦੀ ਐਮਡੀ ਨੀਲਮਾ, ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਯੋਗੇਸ਼, ਜਨਰਲ ਸਕੱਤਰ ਰਾਜੀਵ ਗੁਪਤਾ ਅਤੇ ਕਾਰਜਕਾਰਨੀ ਮੈਂਬਰ ਅਨੁਰਾਗ ਅਗਰਵਾਲ ਤੇ ਸੰਜੀਵ ਗਰਗ ਹਾਜ਼ਰ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ