ਮੁਹਾਲੀ ਦੇ ਉਦਯੋਗਿਕ ਖੇਤਰ ਵਿੱਚ ਮਾਸੂਮ ਬੱਚੇ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ

ਪੀੜਤ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਬੱਚੇ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਸੁੱਟਣ ਦਾ ਖਦਸ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਮਾਰਚ:
ਸਥਾਨਕ ਉਦਯੋਗਿਕ ਖੇਤਰ ਫੇਜ਼-8 ਵਿੱਚ ਸਥਿਤ ਫੈਕਟਰੀਆਂ ਦੇ ਪਿਛਲੇ ਪਾਸੇ ਪਈ ਖਾਲੀ ਥਾਂ ਵਿੱਚ ਬੀਤੀ ਸ਼ਾਮ 11-12 ਸਾਲ ਦੇ ਮਾਸੂਮ ਬੱਚੇ ਦੀ ਲਾਸ਼ ਮਿਲਣ ਕਾਰਨ ਸਮੁੱਚੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਪੁਲੀਸ ਨੇ ਮ੍ਰਿਤਕ ਬੱਚੇ ਦੀ ਲਾਸ਼ ਦਾ ਸਰਕਾਰੀ ਹਸਪਤਾਲ ਦੇ ਤਿੰਨ ਡਾਕਟਰਾਂ ਦੇ ਮੈਡੀਕਲ ਬੋਰਡ ਤੋਂ ਪੋਸਟਮਾਸਟਰ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਐਸਐਮਓ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਬੱਚੇ ਦੀ ਮੌਤ ਸਿਰ ਵਿੱਚ ਡੂੰਘੀ ਸੱਟ ਲੱਗਣ ਕਾਰਨ ਹੋਈ ਹੈ।
ਇਸ ਮਾਮਲੇ ਵਿੱਚ ਅੱਜ ਥਾਣਾ ਫੇਜ਼-1 ਦੇ ਐਸਐਚਓ ਰਾਜਨ ਪਰਮਿੰਦਰ ਸਿੰਘ ਅਤੇ ਉਦਯੋਗਿਕ ਖੇਤਰ ਚੌਂਕੀ ਦੇ ਇੰਚਾਰਜ ਸਮੇਤ ਪੁਲੀਸ ਟੀਮ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਮਾਮਲੇ ਦੀ ਪੂਰੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਇਸ ਮਾਮਲੇ ਵਿੱਚ ਕੋਈ ਦੋਸ਼ੀ ਪਾਇਆ ਗਿਆ ਤਾਂ ਪੁਲੀਸ ਵੱਲੋਂ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਬੀਤੀ ਦੇਰ ਸ਼ਾਮ ਉਦਯੋਗਿਕ ਖੇਤਰ ਫੇਜ਼-8 ਵਿੱਚ ਬਣੀ ਊਧਮ ਸਿੰਘ ਕਾਲੋਨੀ ਦੇ ਵਸਨੀਕ ਇੱਕ 11-12 ਸਾਲ ਦੇ ਬੱਚੇ ਰਚਿਤ ਦੀ ਲਾਸ਼ ਇੱਥੇ ਨੇੜੇ ਬਣੀਆਂ ਫੈਕਟ੍ਰੀਆਂ ਦੇ ਨਾਲ ਪਈ ਖਾਲੀ ਥਾਂ ਵਿੱਚ ਮਿਲੀ ਸੀ। ਰਚਿਤ ਦੇ ਜੀਜੇ ਮੇਘ ਸਿੰਘ ਨੇ ਦੱਸਿਆ ਕਿ ਬੀਤੀ 28 ਮਾਰਚ ਨੂੰ ਰਚਿਤ ਸਕੂਲ ਤੋਂ ਆਉਣ ਤੋਂ ਬਾਅਦ ਦੁਪਹਿਰ ਚਾਰ ਕੁ ਵਜੇ ਰੋਜਾਨਾ ਵਾਂਗ ਖੇਡਣ ਚਲਾ ਗਿਆ ਸੀ। ਉਹਨਾਂ ਦੱਸਿਆ ਕਿ ਕਲੋਨੀ ਦੇ ਨੇੜੇ ਸਥਿਤ ਇੱਕ ਕੇਲਾ ਫੈਕਟਰੀ ਵਾਲੇ ਅਕਸਰ ਗੁੱਛਿਆਂ ਤੋਂ ਟੁੱਟੇ ਕੇਲਿਆਂ ਨੂੰ ਬੱਚਿਆਂ ਵਿੱਚ ਵੰਡ ਦਿੰਦੇ ਹਨ ਅਤੇ ਇਸ ਕਾਰਨ ਬੱਚੇ ਉੱਥੇ ਫੈਕਟਰੀ ਵੱਲ ਖੇਡਣ ਚਲੇ ਜਾਂਦੇ ਹਨ।
ਸ੍ਰੀ ਮੇਘ ਸਿੰਘ ਨੇ ਦੱਸਿਆ ਕਿ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਕਾਲੋਨੀ ਦੇ ਕਿਸੇ ਬੱਚੇ ਨੇ ਆ ਕੇ ਦੱਸਿਆ ਕਿ ਰਚਿਤ ਫੈਕਟਰੀ ਨੇੜੇ ਡਿੱਗਿਆ ਪਿਆ ਹੈ ਅਤੇ ਉਸਦੇ ਮੂੰਹ ’ਚੋਂ ਖੂਨ ਨਿਕਲ ਰਿਹਾ ਹੈ। ਜਦੋਂਕਿ ਪਰਿਵਾਰ ਸਮੇਤ ਘਟਨਾ ਵਾਲੀ ਥਾਂ ’ਤੇ ਪਹੁੰਚੇ ਤਾਂ ਦੇਖਿਆ ਕਿ ਉੱਥੇ ਰਚਿਤ ਦੀ ਲਾਸ਼ ਪਈ ਸੀ। ਇਸ ਮੌਕੇ ਇਕੱਠੇ ਹੋਏ ਕਲੋਨੀ ਵਾਸੀਆਂ ਨੇ ਦੱਸਿਆ ਕਿ ਬੱਚੇ ਦੀ ਮੌਤ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਅਤੇ ਪੁਲੀਸ ਦੀ ਟੀਮ ਨੇ ਆ ਕੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਭਿਜਵਾ ਦਿੱਤਾ ਸੀ। ਬੱਚੇ ਦੇ ਜੀਜੇ ਮੇਘ ਸਿੰਘ ਅਤੇ ਹੋਰਨਾਂ ਲੋਕਾਂ ਨੇ ਖਦਸ਼ਾ ਜ਼ਾਹਰ ਕੀਤਾ ਕਿ ਬੱਚੇ ਦਾ ਕਤਲ ਕੀਤਾ ਗਿਆ ਹੈ ਅਤੇ ਉਸ ਤੋਂ ਬਾਅਦ ਉਸ ਦੀ ਲਾਸ਼ ਉੱਥੇ ਸੁੱਟੀ ਗਈ ਹੈ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …