nabaz-e-punjab.com

ਸਨਅਤਕਾਰਾਂ ਵੱਲੋਂ ਕੱਪੜਾ ਉਦਯੋਗ ਨੂੰ ਹੁਲਾਰਾ ਦੇਣ ਲਈ ਨਵੀਨਤਮ ਟੈਕਨਾਲੋਜੀ ਤੇ ਹੁਨਰ ਵਿਕਾਸ ਦੀ ਲੋੜ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਦਸੰਬਰ:
ਇੱਥੋਂ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਸ਼ੁਰੂ ਹੋਏ ਦੋ ਰੋਜ਼ਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੇ ਦੂਜੇ ਦਿਨ ‘ਗਾਰਮੈਂਟਿੰਗ ਤੇ ਟੈਕਨੀਕਲ ਟੈਕਸਟਾਈਲ ਲਈ ਨਵੇਂ ਆਯਾਮ’ ਵਿਸ਼ੇ ’ਤੇ ਉੱਘੇ ਕੱਪੜਾ ਸਨਅਤਕਾਰਾਂ ਵੱਲੋਂ ਕੀਤੀ ਸੰਜੀਦਾ ਚਰਚਾ ਪੰਜਾਬ ਵਿੱਚ ਨਵੀਆਂ ਉਦਯੋਗਿਕ ਸੰਭਾਵਨਾਵਾਂ ਦੇ ਪੱਖ ਤੋਂ ਲਾਹੇਵੰਦ ਹੋ ਨਿੱਬੜੀ। ਇਸ ਦੌਰਾਨ ਕੱਪੜਾ ਸਨਅਤਕਾਰਾਂ ਤੇ ਡੈਲੀਗੇਟਜ਼ ਵਿਚਾਲੇ ਸਵਾਲਾਂ ਜਵਾਬਾਂ ਦਾ ਸਿਲਸਿਲਾ ਵੀ ਚੱਲਿਆ।
ਇਸ ਸੈਸ਼ਨ ਦੀ ਸ਼ੁਰੂਆਤ ਵਿੱਚ ਵਧੀਕ ਮੁੱਖ ਸਕੱਤਰ ਐਮਪੀ ਸਿੰਘ ਨੇ ਪੰਜਾਬ ਨੂੰ ਕੱਪੜਾ ਉਦਯੋਗ ਦੇ ਖੇਤਰ ਵਿਚ ਹੋਰ ਅੱਗੇ ਲਿਜਾਣ ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵੱਡੀਆਂ ਰਿਆਇਤਾਂ ਦੀ ਗੱਲ ਕੀਤੀ। ਉਨ੍ਹਾਂ ਆਖਿਆ ਕਿ ਕੱਪੜਾ ਉਦਯੋਗ ਨੇ ਪੰਜਾਬ ਦੇ ਆਰਥਿਕ ਵਿਕਾਸ ਵਿਚ ਵੱਡਾ ਯੋਗਦਾਨ ਪਾਇਆ ਹੈ ਅਤੇ ਸੂਬੇ ਨੇ ਸਪਿਨਿੰਗ ਸਮਰੱਥਾ ਦੀ ਬਦੌਲਤ ਦੇਸ਼ ਭਰ ਵਿਚੋਂ ਤੀਜਾ ਰੈਂਕ ਹਾਸਲ ਕੀਤਾ ਹੈ, ਜਦੋਂਕਿ ਪੰਜਾਬ ’ਚ ਦੇਸ਼ ਦਾ 95 ਫੀਸਦੀ ਉਨ ਦੇ ਬੁਣੇ ਕੱਪੜੇ ਦਾ ਉਤਪਾਦਨ ਹੁੰਦਾ ਹੈ। ਉਨ੍ਹਾਂ ਅੱਗੇ ਆਖਿਆ ਕਿ ਪੰਜਾਬ ਦੀ ਕੁੱਲ ਉਦਯੋਗਿਕ ਆਊੁੂਟਪੁਟ (ਗਰਾਸ ਵੈਲਿਊ ਐਡਿਡ) ਵਿਚ ਕੱਪੜਾ ਸਨਅਤ ਦਾ 19 ਫੀਸਦੀ ਯੋਗਦਾਨ ਹੈ ਤੇ ਸੂਬੇ ਤੋਂ ਹੁੰਦੀ ਬਰਾਮਦ ਵਿਚ ਕੱਪੜਾ ਉਦਯੋਗ ਦਾ 21 ਫੀਸਦੀ ਯੋਗਦਾਨ ਹੈ। ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਆਖਿਆ ਕਿ ਕੱਪੜਾ ਉਦਯੋਗ ਦੇ ਵਾਧੇ ਵਿਕਾਸ ਲਈ ਪੰਜਾਬ ਬਾਕੀ ਸੂਬਿਆਂ ਨਾਲੋਂ ਸਭ ਤੋਂ ਸ਼ਾਨਦਾਰ ਸੂਬਾ ਹੈ। ਉਨ੍ਹਾਂ ਕਿਹਾ ਕਿ ਉਦਮਤਾ ਪੰਜਾਬੀਆਂ ਦੇ ਖੂਨ ਵਿੱਚ ਹੈ, ਬਸ ਲੋੜ ਹੈ ਕਿ ਪੰਜਾਬ ਵਿੱਚ ਚਿੱਟੇ ਸੋਨੇ (ਕਪਾਹ) ਦੀ ਖੇਤੀ ਨੂੰ ਹੁਲਾਰਾ ਦੇਣ ਲਈ ਕਦਮ ਚੁੱਕੇ ਜਾਣ।
ਸ਼ਿੰਗੋਰਾ ਟੈਕਸਟਾਈਲ ਲਿਮਟਿਡ ਦੇ ਪ੍ਰਬੰਧਕੀ ਡਾਇਰੈਕਟਰ (ਐਮਡੀ) ਸ੍ਰੀ ਅਮਿਤ ਜੈਨ ਦੇ ਸੰਚਾਲਨ ਹੇਠ ਹੋਈ ਪੈਨਲ ਚਰਚਾ ਵਿੱਚ ਕੱਪੜਾ ਉਦਯੋਗ ਨਾਲ ਸਬੰਧਤ ਨਾਹਰ ਇੰਡਸਟਰੀਅਲ ਅੇੈਂਟਰਪ੍ਰਾਈਜ਼ਜ਼ ਲਿਮਟਿਡ ਦੇ ਐਮਡੀ ਅਤੇ ਵਾਈਸ ਚੇਅਰਮੈਨ ਕਮਲ ਓਸਵਾਲ, ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਉਪ ਮੁਖੀ ਤੇ ਮਾਰਕੀਟ ਡਿਵੈਲਪਮੈਂਟ ਮੁਖੀ ਗੋਪਸਰੰਜਨ ਦਾਸ, ਅਪੇਰਲ ਐਕਸਪੋਰਟ ਪ੍ਰਮੋਸ਼ਨ ਕਾਊਂਸਲ ਦੇ ਚੇਅਰਮੈਨ ਐਚ ਕੇ ਐਲ ਮਗੂ, ਸ਼ਾਹੀ ਐਕਸਪੋਰਟਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਜੇ ਡੀ ਗਿਰੀ ਅਤੇ ਮਿਲੀਅਨ ਐਕਸਪੋਰਟਰ ਪ੍ਰਾਈਵੇਟ ਲਿਮਟਿਡ ਦੇ ਐਮਡੀ ਨਰਿੰਦਰ ਚੁੱਘ ਵਰਗੇ ਦਿੱਗਜ ਸਨਅਤਕਾਰ ਸ਼ਾਮਲ ਹੋਏ। ਕਾਰੋਬਾਰੀਆਂ ਨੇ ਕੱਪੜਾ ਉਦਯੋਗ ਖੇਤਰ ਦੇ ਵੱਖ ਵੱਖ ਪੱਖਾਂ ਜਿਵੇਂ ਗਾਰਮੈਂਟਿੰਗ ਕਲੱਸਟਰ, ਨਵੀਨਤਮ ਤਕਨਾਲੋਜੀ ਦੇ ਯੋਗਦਾਨ, ਹੁਨਰਮੰਦ ਕਾਮਿਆਂ, ਲੇਬਰ ਸਬਸਿਡੀ ਤੇ ਇਸ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸੂਚਨਾ ਤਕਨਾਲੋਜੀ ਦੀ ਵਰਤੋਂ ’ਤੇ ਚਰਚਾ ਕੀਤੀ।
ਇਸ ਮੌਕੇ ਬੋਲਦਿਆਂ ਮਾਹਿਰਾਂ ਨੇ ਸਾਂਝੇ ਤੌਰ ’ਤੇ ਸਹਿਮਤੀ ਪ੍ਰਗਟਾਈ ਕਿ ਪੰਜਾਬ ਵਿਚ ਕੱਪੜਾ ਉਦਯੋਗ ਦੇ ਖੇਤਰ ਵਿਚ ਨਿਵੇਸ਼ ਅਤੇ ਵਾਧੇ-ਵਿਕਾਸ ਦੀਆਂ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸਨਅਤਕਾਰਾਂ ਨੂੰ ਸੂਬੇ ਵਿਚ ਸੁਖਾਵਾਂ ਉਦਯੋਗਿਕ ਮਾਹੌਲ ਮੁਹੱਈਆ ਕਰਾਉਣ ਲਈ ਸਸਤੀਆਂ ਬਿਜਲੀ ਦਰਾਂ, ਲੇਬਰ ਸਬਸਿਡੀ, ਜੀਐਸਟੀ ਇੰਨਸੈਂਟਿਵਜ਼ ਆਦਿ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਹੁਣ ਸਥਾਨਕ ਹੁਨਰਮੰਦ ਅਮਲੇ ਦੀ ਵੱਡੀ ਜ਼ਰੂਰਤ ਹੈ, ਕਿਉਂਕਿ ਪੰਜਾਬ ਵਿਚ ਬਹੁਤੀਆਂ ਉਦਯੋਗਿਕ ਇਕਾਈਆਂ ਵਿਚ ਪਰਵਾਸੀ ਕਾਮਿਆਂ ਨਾਲ ਕੰਮ ਚਲਾਇਆ ਜਾ ਰਿਹਾ ਹੈ।
ਬੁਲਾਰਿਆਂ ਨੇ ਪੰਜਾਬ ਨੂੰ ਕੱਪੜਾ ਉਦਯੋਗ ਦੇ ਖੇਤਰ ਵਿਚ ਤ੍ਰਿਪੁਰ ਸ਼ਹਿਰ ਦੀ ਤਰ੍ਹਾਂ ਅੱਗੇ ਲਿਜਾਣ ਲਈ ਇਸ ਖੇਤਰ ਦੇ ਦਿੱਗਜਾਂ ਨੂੰ ਇੱਕ ਮੰਚ ’ਤੇ ਆ ਕੇ ਵਿਚਾਰਕ ਭਾਈਵਾਲੀ ਕਾਇਮ ਕਰਨ ਦਾ ਸੱਦਾ ਦਿੱਤਾ। ਸੈਸ਼ਨ ਦੇ ਅੰਤ ਵਿੱਚ ਬੋਲਦਿਆਂ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹਿਆਂ ਵਿਚ ਹੁਨਰ ਵਿਕਾਸ ਕੇਂਦਰ ਖੋਲ੍ਹੇ ਗਏ ਹਨ। ਉਨ੍ਹਾਂ ਆਖਿਆ ਕਿ ਵਿਭਾਗ ਵੱਲੋਂ ਸਨਅਤਕਾਰਾਂ ਤੋਂ ਉਦਯੋਗਿਕ ਕਾਮਿਆਂ ਦੀ ਲੋੜ ਬਾਰੇ ਸੁਝਾਅ ਮੰਗੇ ਗਏ ਹਨ ਅਤੇ ਇਸ ਸਬੰਧ ਵਿਚ ਸਰਕਾਰੀ ਆਈਟੀਆਈਜ਼ ਵਿਚ ਵੱਖ ਵੱਖ ਕੋਰਸ ਵੀ ਸ਼ੁਰੂ ਕੀਤੇ ਗਏ ਹਨ।
(ਬਾਕਸ ਆਈਟਮ)
ਭਾਰਤ ਵਿੱਚ ਜਾਪਾਨ ਦੇ ਰਾਜਦੂਤ ਸਤੋਸ਼ੀ ਸੁਜ਼ੂਕੀ ਨੇ ਅੱਜ ਮੁਹਾਲੀ ਸੰਮੇਲਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਜਾਪਾਨੀ ਕੰਪਨੀਆਂ ਵੱਲੋਂ ਰਾਜਪੁਰਾ ਅਤੇ ਬਠਿੰਡਾ ਵਿੱਚ ਬਣਨ ਵਾਲੇ ਮੈਗਾ ਉਦਯੋਗਿਕ ਪਾਰਕਾਂ ਵਿੱਚ ਨਿਵੇਸ਼ ਲਈ ਜ਼ੋਰ ਦੇਣ ਦੀ ਅਪੀਲ ਕੀਤੀ। ਪੰਜਾਬ ਵਿੱਚ ਨਿਵੇਸ਼ ਨੂੰ ਲੈ ਕੇ ਹੋਈ ਇਸ ਮਿਲਣੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜਾਪਾਨੀ ਰਾਜਦੂਤ ਨੂੰ ਦੱਸਿਆ ਕਿ ਰਾਜਪੁਰਾ, ਮੁਹਾਲੀ ਦੇ ਬਿਲਕੁਲ ਨਾਲ ਵਸਿਆ ਹੋਇਆ ਹੈ ਜਿਸ ਨਾਲ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਨੂੰ ਲੋੜੀਂਦੇ ਬੁਨਿਆਦੀ ਢਾਂਚੇ ਦੇ ਨਾਲ-ਨਾਲ ਬਿਹਤਰੀਨ ਸੜਕੀ ਤੇ ਹਵਾਈ ਆਵਾਜਾਈ ਵੀ ਉਪਲਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਰਾਜਪੁਰਾ ਥਰਮਲ ਪਲਾਂਟ ਰਾਹੀਂ ਉਦਯੋਗਿਕ ਪਾਰਕ ਵਿੱਚ ਕੰਪਨੀ ਦੇ ਯੂਨਿਟ ਸਥਾਪਤ ਕਰਨ ਲਈ ਨਿਵੇਸ਼ਕਾਂ ਦੀਆਂ ਬਿਜਲੀ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ।
ਇਸ ਮੌਕੇ ਸ੍ਰੀ ਸੁਜ਼ੂਕੀ ਨੇ ਪੰਜਾਬ ਵਿੱਚ ਨਿਵੇਸ਼ ਲਈ ਅਨੁਕੂਲ ਵਾਤਾਵਰਨ ਕਾਇਮ ਕਰਨ ’ਤੇ ਸਰਕਾਰ ਦੀ ਸ਼ਲਾਘਾ ਕਰਦਿਆਂ ਭਰੋਸਾ ਦਿੱਤਾ ਕਿ ਜਾਪਾਨੀ ਕੰਪਨੀਆਂ ਰਾਜ ਅੰਦਰ ਵੱਖ-ਵੱਖ ਖੇਤਰਾਂ ਵਿੱਚ ਨਿਵੇਸ਼ ਲਈ ਅੱਗੇ ਆਉਣਗੀਆਂ। ਉਨ੍ਹਾਂ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਕਿ ਉਹ ਜਾਪਾਨ ਆਉਣ ਅਤੇ ਉੱਥੋਂ ਦੀਆਂ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਤੋਂ ਜਾਣੂ ਕਰਾਉਣ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਪੰਜਾਬ ਸਰਕਾਰ ਇਕ ਸਮਰਪਤ ਅਧਿਕਾਰੀ ਨੂੰ ਜਾਪਾਨੀ ਕੰਪਨੀਆਂ ਅਤੇ ਜਾਪਾਨ ਵਿਦੇਸ਼ ਟਰੇਡ ਸੰਸਥਾ (ਜੈਟਰੋ) ਨਾਲ ਰਾਬਤੇ ਲਈ ਤਾਇਨਾਤ ਕਰਨ ਤਾਂ ਜੋ ਜਾਪਾਨੀ ਨਿਵੇਸ਼ ਦੇ ਨਾਲ-ਨਾਲ ਤਕਨੀਕੀ ਭਾਈਵਾਲੀਆਂ ਅਤੇ ਜਾਪਾਨੀ ਕੰਪਨੀਆਂ ਨਾਲ ਸਾਂਝ ਹੋਰ ਪੀਡੀ ਕੀਤਾ ਜਾ ਸਕੇ।
(ਬਾਕਸ ਆਈਟਮ)
ਪੰਜਾਬ ਵੱਲੋਂ ਸੂਬੇ ਵਿੱਚ ਉਦਯੋਗਾਂ ਦੇ ਵਿਕਾਸ ਹਿੱਤ ਨਵੇਂ ਮੌਕੇ ਤਲਾਸ਼ਣ ਲਈ ਇੱਕ ਨਵੀਂ ਉਦਯੋਗਿਕ ਟੈਕਨਾਲੋਜੀ ‘ਇੰਡਸਟਰੀ 4.0’ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਰਾਹੀਂ ਸੂਬੇ ਨੇ ਉਦਯੋਗਿਕ ਕ੍ਰਾਂਤੀ ਦਾ ਹਿੱਸਾ ਬਣ ਕੇ ਤਕਨੀਕੀ ਨਿਵੇਸ਼ ਲਈ ਨਵੇਂ ਰਾਹ ਖੋਲ੍ਹੇ ਦਿੱਤੇ ਹਨ। ‘ਪੰਜਾਬ: ਚੇਂਜਿੰਗ ਗੇਅਰ ਫਾਰ ਉਦਯੋਗ 4.0’ ਦੇ ਵਿਸ਼ੇ ’ਤੇ ਕੇਂਦਰਿਤ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2019 ਦੇ ਸੈਸ਼ਨ ਇੰਡਸਟਰੀ 4.0 ਲਈ ਪਿੜ੍ਹ ਬੰਨਦਿਆਂ, ਵਿਗਿਆਨ, ਟੈਕਨਾਲੋਜੀ ਅਤੇ ਵਾਤਾਵਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਆਰਕੇ ਵਰਮਾ ਨੇ ਕਿਹਾ ਕਿ ਸੂਬਾ ਸਰਕਾਰ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2017 ਤਹਿਤ ਤਕਨਾਲੋਜੀ ਵਿੱਚ ਨਿਵੇਸ਼ ਅਤੇ ਵਿਕਾਸ ਦੀ ਸਹੂਲਤ ਪ੍ਰਦਾਨ ਕਰ ਰਹੀ ਤਾਂ ਜੋ ਸੂਬੇ ਨੂੰ ਉਦਯੋਗਿਕ ਕ੍ਰਾਂਤੀ ਦੀ ਗਤੀਸ਼ੀਲਤਾ ਦਾ ਹਾਣੀ ਬਣਾਇਆ ਜਾ ਸਕੇ।
ਸਵਰਾਜ ਟਰੈਕਟਰ ਦੇ ਸੀਈਓ ਹਰੀਸ਼ ਚਵਨ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਉਦਯੋਗ ਦੇ ਵਾਧੇ ਲਈ ਨਵੀਨਤਮ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ, ਵਿਸ਼ੇਸ਼ ਕਰਕੇ ਸੁਖਾਲੇ ਵਪਾਰ ਲਈ ਐਮਐਸਐਮਈਜ਼ ਅਤੇ ਸੂਬਾ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਕੇਪੀਐਮਜੀ ਦੇ ਭਾਈਵਾਲ ਸੁਸ਼ਾਂਤ ਰਾਬਰਾ ਨੇ 80 ਦੇ ਕਰੀਬ ਪ੍ਰਮੁੱਖ ਵਿਅਕਤੀਆਂ ਦੀ ਸਰਗਰਮ ਭਾਗੀਦਾਰੀ ਨਾਲ ਸੈਸ਼ਨ ਦਾ ਸੰਚਾਲਕ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ। ਇਨ੍ਹਾਂ 80 ਵਿਅਕਤੀਆਂ ਵਿੱਚ ਐਮਐਸਐਮਈਜ਼, ਆਈਆਈਟੀ, ਰੂਪਨਗਰ, ਥਾਪਰ ਯੂਨੀਵਰਸਿਟੀ, ਚਿਤਕਾਰਾ ਯੂਨੀਵਰਸਿਟੀ ਦੇ ਪ੍ਰਮੁੱਖ ਵਿਅਕਤੀ ਅਤੇ ਉਦਯੋਗ 4.0 ਖੇਤਰ ਦੇ ਮਾਹਰ ਸ਼ਾਮਲ ਸਨ। ਅੰਤ ਵਿੱਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸੱਕਤਰ ਕਰੁਨੇਸ਼ ਗਰਗ ਨੇ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…