
ਪਹਿਲਕਦਮੀ: ਮਹਿਲਾ ਕੌਂਸਲਰ ਨੇ ਜਨਤਕ ਥਾਵਾਂ ’ਤੇ ਲਾਏ ਵਿਕਾਸ ਕੰਮਾਂ ਤੇ ਫੰਡਾਂ ਬਾਰੇ ਸੂਚਨਾ ਬੋਰਡ
ਵਿਕਾਸ ਕੰਮਾਂ ’ਚ ਪਾਰਦਰਸ਼ਤਾ ਲਿਆਂਦੀ ਜਾਵੇਗੀ, ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਾਂਗੇ: ਅਰੁਣਾ ਵਸ਼ਿਸ਼ਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਈ:
ਆਮ ਆਦਮੀ ਪਾਰਟੀ (ਆਪ) ਦੀ ਮਹਿਲਾ ਕੌਂਸਲਰ ਅਰੁਣਾ ਵਸ਼ਿਸ਼ਟ ਨੇ ਨਿਵੇਕਲੀ ਪਹਿਲਕਦਮੀ ਕਰਦਿਆਂ ਸ਼ਹਿਰ ਵਿੱਚ ਹੋਣ ਵਾਲੇ ਵਿਕਾਸ ਕੰਮਾਂ ਅਤੇ ਇਨ੍ਹਾਂ ਕਾਰਜਾਂ ’ਤੇ ਆਉਣ ਵਾਲੇ ਖ਼ਰਚੇ ਅਤੇ ਫੰਡਾਂ ਬਾਰੇ ਆਮ ਨਾਗਰਿਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਜਨਤਕ ਥਾਵਾਂ ’ਤੇ ਸੂਚਨਾ ਬੋਰਡ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਇੱਥੋਂ ਦੇ ਵਾਰਡ ਨੰਬਰ-35 (ਸੈਕਟਰ-68 ਤੇ 69) ਵਿੱਚ ਵੱਖ-ਵੱਖ ਰਿਹਾਇਸ਼ੀ ਪਾਰਕਾਂ ਅਤੇ ਹੋਰਨਾਂ ਜਨਤਕ ਥਾਵਾਂ ਉੱਤੇ ਸੂਚਨਾ ਬੋਰਡ ਲਗਾਏ ਗਏ ਹਨ।
ਅਰੁਣਾ ਵਸ਼ਿਸ਼ਟ ਨੇ ਦੱਸਿਆ ਕਿ ਇਨ੍ਹਾਂ ਬੋਰਡਾਂ ਉੱਤੇ ਸਬੰਧਤ ਵਿਕਾਸ ਕੰਮਾਂ ਅਤੇ ਉਨ੍ਹਾਂ ’ਤੇ ਆਉਣ ਵਾਲੇ ਖ਼ਰਚਾ ਦਾ ਵੇਰਵਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਗਰ ਨਿਗਮ ਦੇ ਕਮਿਸ਼ਨਰ, ਨਿਗਰਾਨ ਇੰਜੀਨੀਅਰ ਅਤੇ ਐਕਸੀਅਨ ਦੇ ਨੰਬਰ ਲਿਖੇ ਗਏ ਹਨ ਤਾਂ ਜੋ ਕੋਈ ਵੀ ਸ਼ਹਿਰ ਵਾਸੀ ਵਿਕਾਸ ਕੰਮਾਂ ਅਤੇ ਫੰਡਾਂ ਬਾਰੇ ਪੁੱਛ ਪੜਤਾਲ ਕਰ ਸਕਦਾ ਹੈ। ਕੌਂਸਲਰ ਨੇ ਕਿਹਾ ਕਿ ਉਨ੍ਹਾਂ ਦੀ ਇਸ ਪਹਿਲਕਦਮੀ ਨਾਲ ਜਿੱਥੇ ਵਿਕਾਸ ਕੰਮਾਂ ਵਿੱਚ ਤੇਜ਼ੀ ਅਤੇ ਪਾਰਦਰਸ਼ਤਾ ਆਵੇਗੀ, ਉੱਥੇ ਭ੍ਰਿਸ਼ਟਾਚਾਰ ਨੂੰ ਵੀ ਠੱਲ੍ਹ ਪਵੇਗੀ।
ਮਹਿਲਾ ਕੌਂਸਲਰ ਨੇ ਕਿਹਾ ਕਿ ਨਗਰ ਨਿਗਮ ’ਤੇ ਕਾਬਜ਼ ਧਿਰ ਨੇ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਸਾਲ ਭਰ ਵਿਰੋਧੀ ਧਿਰ ਦੇ ਕੌਂਸਲਰਾਂ ਦੇ ਵਾਰਡਾਂ ਦੀ ਅਣਦੇਖੀ ਕੀਤੀ ਗਈ ਪ੍ਰੰਤੂ ਇਸ ਵਰ੍ਹੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਨਿਗਮ ਅਧਿਕਾਰੀਆਂ ਨੇ ਪਹਿਲੀ ਵਾਰ ਉਨ੍ਹਾਂ ਨੂੰ ਵਾਰਡ ਵਿੱਚ ਹੋਣ ਵਾਲੇ ਵਿਕਾਸ ਕੰਮਾਂ ਅਤੇ ਸਮੱਸਿਆਵਾਂ ਬਾਰੇ ਜਾਣਕਾਰੀ ਮੰਗੀ ਗਈ ਹੈ ਜਦੋਂਕਿ ਇਸ ਤੋਂ ਪਹਿਲਾਂ ਉਹ ਮੀਟਿੰਗਾਂ ਦੌਰਾਨ ਹਾਊਸ ਵਿੱਚ ਸਾਲ ਭਰ ਪਿੱਟਦੇ ਰਹੇ ਕਿ ਵਿਰੋਧੀ ਧਿਰ ਦੇ ਵਾਰਡਾਂ ਨਾਲ ਵਿਕਾਸ ਕੰਮਾਂ ਵਿੱਚ ਅਣਦੇਖੀ ਕੀਤੀ ਜਾ ਰਹੀ ਹੈ ਪਰ ਕਿਸੇ ਅਧਿਕਾਰੀ ਨੇ ਗੱਲ ਤੱਕ ਨਹੀਂ ਸੁਣੀ।
ਸਮਾਜ ਸੇਵੀ ਰਾਜੀਵ ਵਸ਼ਿਸ਼ਟ ਨੇ ਕਿਹਾ ਕਿ ਆਮ ਲੋਕਾਂ ਨੂੰ ਟੈਕਸ ਦੇ ਰੂਪ ਵਿੱਚ ਕਰੋੜਾਂ ਰੁਪਏ ਦਿੱਤੇ ਜਾਂਦੇ ਹਨ।

ਇਸ ਲਈ ਨਗਰ ਨਿਗਮ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਦੇ ਵਿਕਾਸ ਨੂੰ ਤਰਜ਼ੀਹ ਦਿੱਤੀ ਜਾਵੇ ਅਤੇ ਸ਼ਹਿਰ ਵਾਸੀਆਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਨਿਗਮ ਅਧਿਕਾਰੀ ਪੂਰੀ ਪਾਰਦਰਸ਼ਤਾ ਨਾਲ ਕੰਮ ਕਰਨ ਨਹੀਂ ਤਾਂ ਉਹ ਇੱਥੋਂ ਆਪਣੀ ਬਦਲੀ ਕਰਵਾ ਲੈਣ। ਉਨ੍ਹਾਂ ਕਿਹਾ ਕਿ ਹੁਣ ਤੱਕ ਵਿਕਾਸ ਦੇ ਨਾਮ ’ਤੇ ਸਿਰਫ਼ ਖਾਨਾਪੂਰਤੀ ਹੋਈ ਹੈ ਪ੍ਰੰਤੂ ਹੁਣ ‘ਆਪ’ ਸਰਕਾਰ ਬਣਨ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਵਿਕਾਸ ਦੀ ਆਸ ਬੱਝੀ ਹੈ।